ਮਹਾਰਾਸ਼ਟਰ ’ਚ ਭਾਜਪਾ ਸਰਕਾਰ
ਅਹੁਦਾ ਛੱਡ ਰਹੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਖ਼ੀਰ ’ਚ ਬਸ ਐਨਾ ਕੁ ਹੀ ਕਰ ਸਕੇ ਕਿ ਜੋ ਅਟੱਲ ਸੀ, ਉਸ ਨੂੰ ਥੋੜ੍ਹਾ ਮੁਲਤਵੀ ਕਰਾ ਦਿੱਤਾ। ਉਨ੍ਹਾਂ ਆਸ ਨਾਲੋਂ ਵੱਧ ਹਾਸਿਲ ਕਰਨ ਲਈ ਜ਼ੋਰ ਤਾਂ ਪੂਰਾ ਲਾਇਆ ਪਰ ਭਾਜਪਾ ਨੇ ਵੀ ਕਈ ਹਥਿਆਰ ਲੁਕਾ ਕੇ ਰੱਖੇ ਹੋਏ ਸਨ। ਪਿਛਲੇ ਮਹੀਨੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ‘ਮਹਾਯੁਤੀ’ ਗੱਠਜੋੜ ਨੇ ਜ਼ੋਰਦਾਰ ਜਿੱਤ ਹਾਸਿਲ ਕੀਤੀ ਸੀ। ਸ਼ਿੰਦੇ ਦੀ ਹੋਣੀ ਉਦੋਂ ਹੀ ਤੈਅ ਹੋ ਗਈ ਸੀ ਜਦੋਂ ਉਨ੍ਹਾਂ ਦੀ ਸ਼ਿਵ ਸੈਨਾ ਧਿਰ ਨੇ ਸਿਰਫ਼ 57 ਸੀਟਾਂ ਹੀ ਜਿੱਤੀਆਂ ਜੋ ਕਿ ਭਾਜਪਾ ਦੀਆਂ ਸੀਟਾਂ (132) ਤੋਂ ਅੱਧੀਆਂ ਵੀ ਨਹੀਂ ਸਨ। ਸ਼ਿੰਦੇ ਦੇ ਸਮਰਥਕਾਂ ਨੇ ਹਾਲਾਂਕਿ ਮਾਯੂਸੀ ’ਚ ਵੀ ਉਦੋਂ ਪੂਰੀ ਵਾਹ ਲਾਈ ਜਦ ਉਨ੍ਹਾਂ ਬਿਹਾਰ ਮਾਡਲ ਦੀ ਅਪਨਾਉਣ ਦੀ ਮੰਗ ਰੱਖੀ। ਭਾਜਪਾ ਨੇ ਬਿਹਾਰ ਵਿੱਚ ਆਪਣੀ ਸਹਿਯੋਗੀ ਧਿਰ ਜਨਤਾ ਦਲ (ਯੂਨਾਈਟਿਡ) ਤੋਂ ਵੱਧ ਸੀਟਾਂ ਜਿੱਤੀਆਂ ਸਨ, ਪਰ ਮੁੱਖ ਮੰਤਰੀ ਦੀ ਕੁਰਸੀ ਨਿਤੀਸ਼ ਕੁਮਾਰ ਨੂੰ ਦਿੱਤੀ ਸੀ ਪਰ ਭਾਜਪਾ ਦਾ ਇਸ਼ਾਰਾ ਸਾਫ਼ ਸੀ ਕਿ ਸ਼ਿੰਦੇ ਨੂੰ ਉਸ ਦੀ ਬਣਦੀ ਥਾਂ ’ਤੇ ਹੀ ਰੱਖਿਆ ਜਾਵੇ। ਭਾਜਪਾ ਨੇ ਚਤੁਰਾਈ ਨਾਲ ਬਿਲਕੁਲ ਉਹੀ ਕੀਤਾ।
ਪਿਛਲੇ ਢਾਈ ਸਾਲਾਂ ਦੌਰਾਨ ਭਾਜਪਾ ਲਈ ਮਹਾਰਾਸ਼ਟਰ ਵਿੱਚ ਸਭ ਕੁਝ ਦਰੁਸਤ ਬੈਠਿਆ ਹੈ। ਇਸ ਨੇ ਸ਼ਿੰਦੇ ਨੂੰ ਜਿੱਤਣ ਲਈ ਸ਼ਿਵ ਸੈਨਾ ਅੰਦਰਲੀ ਪਾਟੋਧਾੜ ਦਾ ਫ਼ਾਇਦਾ ਉਠਾਇਆ ਅਤੇ ਊਧਵ ਠਾਕਰੇ ਦੀ ਅਗਵਾਈ ’ਚ ਬਣੀ ‘ਮਹਾ ਵਿਕਾਸ ਅਗਾੜੀ’ ਸਰਕਾਰ ਡੇਗ ਦਿੱਤੀ। ਅਜੀਤ ਪਵਾਰ, ਜੋ ਹਮੇਸ਼ਾ ਕਿਸੇ ਵੀ ਗੱਠਜੋੜ ’ਚ ਰਲਣ ਲਈ ਤਿਆਰ ਰਹਿੰਦੇ ਹਨ ਬਸ਼ਰਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲੇ, ਆਪਣੇ ਚਾਚਾ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਨਾਲੋਂ ਵੱਖ ਹੋ ਕੇ ਸੱਤਾਧਾਰੀ ਗੱਠਜੋੜ ਨਾਲ ਜੁੜ ਗਏ। ਸੈਨਾ ਤੇ ਐੱਨਸੀਪੀ ਵਿੱਚ ਪਏ ਪਾੜ ਦਾ ਫ਼ਾਇਦਾ ਭਾਜਪਾ ਨੂੰ ਮਿਲਿਆ, ਜੋ ਪਹਿਲਾਂ ਨਾਲੋਂ ਹੋਰ ਤਾਕਤਵਰ ਹੁੰਦੀ ਗਈ। ਪਾਰਟੀ ਨੇ ਮਹਾਰਾਸ਼ਟਰ ’ਚ ਜ਼ਮੀਨੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕੀਤੀ ਤੇ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ।
ਜੂਨ 2022 ਦੇ ਆਖ਼ਰੀ ਹਫ਼ਤੇ ਜਦੋਂ ਊਧਵ ਠਾਕਰੇ ਦੀ ਸਰਕਾਰ ਦੀ ਹੋਣੀ ਕਸੂਤੀ ਸਥਿਤੀ ’ਚ ਸੀ ਤਾਂ ਕੁੜੱਤਣ ਨਾਲ ਭਰੇ ਠਾਕਰੇ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਸ਼ਿੰਦੇ ਨੂੰ ਭਾਜਪਾ ਦੀ ‘ਵਰਤੋ ਤੇ ਸੁੱਟੋ’ ਨੀਤੀ ਬਾਰੇ ਚੌਕਸ ਕੀਤਾ ਸੀ। ਸਾਬਕਾ ਮੁੱਖ ਮੰਤਰੀ ਗ਼ਲਤ ਨਹੀਂ ਸਨ ਕਿਉਂਕਿ ਅੱਜ ਸ਼ਿੰਦੇ ਖ਼ੁਦ ਨੂੰ ਆਪਣੇ ਤੋਂ ਤਾਕਤਵਰ ਸਹਿਯੋਗੀ ਦੇ ਤਰਸ ’ਤੇ ਬੈਠਾ ਦੇਖ ਰਹੇ ਹਨ। ਉਨ੍ਹਾਂ ਦਾ ਧੜਾ ਸੀਨੀਅਰ ਸਹਿਯੋਗੀ ਭਾਜਪਾ ਲਈ ਇੱਕ ਬੋਝ ਜਿਹਾ ਬਣ ਕੇ ਰਹਿ ਗਿਆ ਹੈ, ਜਿਸ ਦਾ ਇਸ ਤੋਂ ਬਿਨਾਂ ਆਰਾਮ ਨਾਲ ਸਰ ਸਕਦਾ ਹੈ। ਭਾਜਪਾ ਨੂੰ ਹਾਲਾਂਕਿ ਗੱਠਜੋੜ ਦਾ ਧਰਮ ਨਿਭਾਉਣਾ ਹੀ ਪਏਗਾ। ਪਹਿਲਾਂ ਮੁੱਖ ਮੰਤਰੀ ਰਹਿ ਚੁੱਕੇ ਦੇਵੇਂਦਰ ਫੜਨਵੀਸ ਨੂੰ ਮੁੜ ਚੋਟੀ ’ਤੇ ਬਿਠਾ ਕੇ ਭਾਜਪਾ ਨੇ ਮਹਾਰਾਸ਼ਟਰ ਦੀ ਸਿਆਸਤ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਅਜਿਹਾ ਕਰਦਿਆਂ ਨਾ ਸਿਰਫ਼ ਇਸ ਨੇ ਵਿਰੋਧੀ ਧਿਰ ਨੂੰ ਸੀਮਤ ਕੀਤਾ ਹੈ ਬਲਕਿ ਆਪਣੇ ਸਹਿਯੋਗੀਆਂ ਨੂੰ ਵੀ ਬੌਣਾ ਸਿੱਧ ਕਰ ਦਿੱਤਾ ਹੈ।