For the best experience, open
https://m.punjabitribuneonline.com
on your mobile browser.
Advertisement

ਭਾਜਪਾ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨਾਲ ਧੋਖਾ ਕੀਤਾ: ਕੁਮਾਰੀ ਸ਼ੈਲਜਾ

07:51 AM May 09, 2024 IST
ਭਾਜਪਾ ਸਰਕਾਰ ਨੇ ਕਿਸਾਨਾਂ  ਨੌਜਵਾਨਾਂ ਤੇ ਔਰਤਾਂ ਨਾਲ ਧੋਖਾ ਕੀਤਾ  ਕੁਮਾਰੀ ਸ਼ੈਲਜਾ
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕੁਮਾਰੀ ਸ਼ੈਲਜਾ।
Advertisement

ਪ੍ਰਭੂ ਦਿਆਲ
ਸਿਰਸਾ, 8 ਮਈ
ਹਲਕਾ ਸਿਰਸਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਦੇਸ਼ ਵਿੱਚ 10 ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਜਪਾ ਦੀ ਮੋਦੀ ਸਰਕਾਰ ਨੇ ਸੂਬੇ ਦੇ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਮਜ਼ਦੂਰਾਂ ਨਾਲ ਧੋਖਾ ਕੀਤਾ ਹੈ। ਨਾ ਤਾਂ ਕਿਸਾਨਾਂ ਨੂੰ ਵਾਅਦੇ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਗਿਆ ਅਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਹ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਕੁਮਾਰੀ ਸ਼ੈਲਜਾ ਨੇ ਕਿਹਾ ਕਿ 10 ਸਾਲ ਪਹਿਲਾਂ ਜਦੋਂ ਦੇਸ਼ ਅਤੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਆਈ ਸੀ ਤਾਂ ਲੋਕਾਂ ਦੇ ਮਨਾਂ ਵਿੱਚ ਇਹ ਆਸ ਬੱਝੀ ਸੀ ਕਿ ਇਹ ਦੇਸ਼ ਅਤੇ ਸੂਬੇ ਦੀ ਦਿਸ਼ਾ ਅਤੇ ਦਸ਼ਾ ਬਦਲ ਦੇਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਫ਼ਸਲ ਦੀ ਕੀਮਤ ’ਚ ਖਾਦ, ਬੀਜ, ਬਿਜਲੀ ਅਤੇ ਜ਼ਮੀਨ ਦਾ ਕਿਰਾਇਆ ਜੋੜ ਕੇ ਉਹ ਕਿਸਾਨ ਨੂੰ 50 ਫੀਸਦੀ ਮੁਨਾਫਾ ਦੇਣਗੇ। ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦੇ ਵੀ ਖੋਖਲਾ ਸਾਬਤ ਹੋਇਆ ਹੈ।
ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਦਾ ਸਭ ਤੋਂ ਵੱਡਾ ਹਮਲਾ ਕਿਸਾਨਾਂ ਦੇ ਅਧਿਕਾਰਾਂ ’ਤੇ ਕੀਤਾ ਗਿਆ। ਪ੍ਰਧਾਨ ਮੰਤਰੀ ਤੋਂ ਇਨਸਾਫ਼ ਦੀ ਮੰਗ ਲਈ ਲੱਖਾਂ ਕਿਸਾਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਦਿੱਲੀ ਸਰਹੱਦ ’ਤੇ ਬੈਠੇ ਰਹੇ। ਕਿਸਾਨਾਂ ਦੇ ਅੰਦੋਲਨ ਨੂੰ ਮੁਲਤਵੀ ਕੀਤੇ ਜਾਣ ਸਮੇਂ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ’ਚੋਂ ਇੱਕ ਨੂੰ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇੰਡੀਆ ਅਲਾਇੰਸ ਦੀ ਸਰਕਾਰ ਬਣੀ ਤਾਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਮਹਿਲਾਵਾਂ ਨੂੰ ਨੌਕਰੀਆਂ ’ਚ ਪੰਜਾਹ ਫੀਸਦੀ ਕੋਟਾ ਤੇ ਬਰਾਬਰ ਕੰਮ ਬਰਾਬਰ ਵੇਤਨ ਦੀ ਨੀਤੀ ਲਾਗੂ ਕੀਤੀ ਜਾਵੇਗੀ।

Advertisement

ਕਾਂਗਰਸੀ ਆਗੂਆਂ ਵੱਲੋਂ ਕੁਮਾਰੀ ਸ਼ੈਲਜਾ ਦੇ ਹੱਕ ਵਿੱਚ ਪ੍ਰਚਾਰ
ਏਲਨਾਬਾਦ: ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ ਅਤੇ ਹਰਿਆਣਾ ਮਹਿਲਾ ਕਾਂਗਰਸ ਦੀ ਮਹਾਂ ਸਕੱਤਰ ਸੰਤੋਸ਼ ਬੈਨੀਵਾਲ ਨੇ ਪਿੰਡਾਂ ਢਾਣੀ ਨਾਇਕਾਵਾਲੀ, ਮੌਜੂਖੇੜਾ, ਪੱਟੀ ਕਿਰਪਾਲ, ਸ਼ੇਖੂਖੇੜਾ, ਹਿਮਾਂਯੂਖੇੜਾ, ਰੱਤਾਖੇੜਾ ਵਿੱਚ ਜਨ ਸੰਪਰਕ ਮੁਹਿੰਮ ਚਲਾ ਕੇ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਕਮਜ਼ੋਰ ਕਰਨ ਲਈ ਭਾਜਪਾ ਵੱਲੋਂ ਕਾਂਗਰਸ ਪਾਰਟੀ ਦੇ ਖਾਤੇ ਤੱਕ ਸੀਜ਼ ਕਰਵਾ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਸੱਤਾ ਤੋਂ ਲਾਂਂਭੇ ਕਰਨ ਲਈ ਵੋਟ ਹੀ ਸਭ ਤੋਂ ਕਾਰਗਰ ਹਥਿਆਰ ਹੈ। ਇਸ ਮੌਕੇ ਸੰਤੋਸ਼ ਬੈਨੀਵਾਲ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਕਿਸਾਨ, ਮਜ਼ਦੂਰ, ਕਰਮਚਾਰੀ ਤੇ ਦੁਕਾਨਦਾਰ ਸਮੇਤ ਹਰ ਵਰਗ ਪ੍ਰੇਸ਼ਾਨ ਹੈ। ਕਿਸਾਨਾਂ ਨਾਲ ਐੱਮਐੱਸਪੀ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਇਸ ਮੌਕੇ ਹਰਵਿੰਦਰ ਸਿੰਘ ਕੰਬੋਜ, ਹੈਰੀਸਨ ਵਿਲੀਅਮ, ਅਮਨ ਖੋਸਾ, ਬਲਵੀਰ ਸਿੰਘ ਤੇ ਭੋਲਾ ਸਿੰਘ ਮੌਜੂਦ ਸਨ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×