ਭਾਜਪਾ ਨੇ ਬੱਸ ਮਾਰਸ਼ਲਾਂ ਨੂੰ ਧੋਖਾ ਦਿੱਤਾ: ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਅਕਤੂਬਰ
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਅੱਜ ਭਾਜਪਾ ’ਤੇ 10,000 ਸਾਬਕਾ ਬੱਸ ਮਾਰਸ਼ਲਾਂ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹਟਾਉਣ ਦੀ ਪਾਰਟੀ ਦੀ ਸਾਜ਼ਿਸ਼ ਹੁਣ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਨ੍ਹਾਂ 10,000 ਗਰੀਬ ਲੋਕਾਂ ਨਾਲ ਧੋਖਾ ਕੀਤਾ ਹੈ। ਭਾਰਦਵਾਜ ਨੇ ਆਖਿਆ, ‘‘ਉਨ੍ਹਾਂ ਨੇ ਨੌਕਰੀਆਂ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤ ਵਿਧਾਇਕਾਂ ਦੇ ਨਾਲ, ਉਪ ਰਾਜਪਾਲ ਦੇ ਘਰ ਵੱਲ ਮਾਰਚ ਕਰਨ ਦੀ ਸਹੁੰ ਖਾਧੀ ਸੀ। ਹਾਲਾਂਕਿ ਭਾਜਪਾ ਨੇ ਯੂ-ਟਰਨ ਲਿਆ ਜਦੋਂ ਕਿ ਉਹ ਵਿਧਾਇਕਾਂ ਦੇ ਨਾਲ ਜਾਣ ਵਾਲੇ ਸਨ। ਇਨ੍ਹਾਂ ਬੱਸ ਮਾਰਸ਼ਲਾਂ ਨੂੰ ਹਟਾਉਣ ਦੀ ਉਨ੍ਹਾਂ ਦੀ ਸਾਜ਼ਿਸ਼ ਹੈ, ਇਸ ਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਬਹਾਲ ਕੀਤਾ ਜਾਵੇ।’’ ਉਨ੍ਹਾਂ ਕਿਹਾ ਕਿ ਸਾਬਕਾ ਬੱਸ ਮਾਰਸ਼ਲਾਂ ਨੇ ਆਪਣੀਆਂ ਨੌਕਰੀਆਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਉਪ ਰਾਜਪਾਲ ਦੇ ਨਿਵਾਸ ਨੇੜੇ ਧਰਨਾ ਦਿੱਤਾ। ਲੰਘੀ ਰਾਤ ਹੋਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਦਿੱਲੀ ਦੇ ਕੈਬਨਿਟ ਮੰਤਰੀ ਭਾਰਦਵਾਜ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਿਲਾਵਤ ਸਮੇਤ ‘ਆਪ’ ਦੇ ਹੋਰ ਵਿਧਾਇਕ ਸ਼ਾਮਲ ਹੋਏ। ਪੁਲੀਸ ਨੇ ਭਾਰਦਵਾਜ ਅਤੇ ‘ਆਪ’ ਦੇ ਹੋਰ ਨੇਤਾਵਾਂ ਸਮੇਤ ਕਈ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿੰਦਿਆਂ ਹਿਰਾਸਤ ’ਚ ਲਿਆ ਕਿ ਵਿਰੋਧ ਪ੍ਰਦਰਸ਼ਨ ਨੂੰ ਇਜਾਜ਼ਤ ਨਹੀਂ ਸੀ। ਭਾਰਦਵਾਜ ਨੇ ਭਾਜਪਾ ਨੇਤਾ ਵਿਜੇਂਦਰ ਗੁਪਤਾ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ’ਤੇ ਬੱਸ ਮਾਰਸ਼ਲਾਂ ਦੇ ਮੁੱਦੇ ’ਤੇ ਆਪਣੇ ਰੁਖ਼ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘‘ਵਿਜੇਂਦਰ ਗੁਪਤਾ ਝੂਠੇ ਹਨ। ਇਹ ਸਚਾਈ ਦਿੱਲੀ ਵਿਧਾਨ ਸਭਾ ਦੀ ਵੈੱਬਸਾਈਟ ’ਤੇ ਉਪਲਬਧ ਵੀਡੀਓਜ਼ ਰਾਹੀਂ ਸਾਹਮਣੇ ਆ ਜਾਵੇਗੀ। ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਸੀ ਅਤੇ ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਉਦੋਂ ਸਹਿਮਤ ਨਹੀਂ ਦਿੱਤੀ ਸੀ।