ਭਾਜਪਾ ਨੇ ਸਿਆਸਤਦਾਨਾਂ ਤੇ ਸਿਆਸਤ ਪ੍ਰਤੀ ਲੋਕਾਂ ਦੀ ਧਾਰਨਾ ਬਦਲੀ: ਰਾਜਨਾਥ
ਸਹਾਰਨਪੁਰ/ਬੁਲੰਦਸ਼ਹਿਰ (ਉੱਤਰ ਪ੍ਰਦੇਸ਼), 10 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਦੀ ਧਾਰਨਾ ਬਦਲੀ ਹੈ ਕਿ ਸਿਆਸਤਦਾਨ ਵੋਟਾਂ ਲੈਣ ਲਈ ਝੂਠ ਬੋਲਦੇ ਹਨ। ਉਨ੍ਹਾਂ ਕਿਹਾ, ‘‘ਸਾਡਾ ਚਰਿੱਤਰ ਅਜਿਹਾ ਹੈ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ।’’ ਉਹ ਸਹਾਰਨਪੁਰ ਤੋਂ ਭਾਜਪਾ ਉਮੀਦਵਾਰ ਰਾਘਵ ਲਖਨਪਾਲ ਅਤੇ ਬੁਲੰਦਸ਼ਹਿਰ ਤੋਂ ਪਾਰਟੀ ਉਮੀਦਵਾਰ ਭੋਲਾ ਸਿੰਘ ਦੇ ਹੱਕ ਵਿੱਚ ਇਕ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸਿੰਘ ਨੇ ਕਿਹਾ, ‘‘ਕੁਝ ਸਾਲ ਪਹਿਲਾਂ ਤੱਕ ਲੋਕਾਂ ਦੀ ਇਹ ਧਾਰਨਾ ਇਹ ਸੀ ਕਿ ਸਿਆਸਤਦਾਨ ਵੋਟਾਂ ਲੈਣ ਵਾਸਤੇ ਝੂਠ ਬੋਲਦੇ ਹਨ ਤੇ ਫਿਰ ਗ਼ਾਇਬ ਹੋ ਜਾਂਦੇ ਹਨ। ਉਹ ਜਨਤਾ ਤੇ ਦੇਸ਼ ਦੀ ਪ੍ਰਵਾਹ ਨਹੀਂ ਕਰਦੇ। ਸਿਆਸਤਦਾਨਾਂ ਤੇ ਸਿਆਸੀ ਪਾਰਟੀਆਂ ਪ੍ਰਤੀ ਲੋਕਾਂ ਦੀ ਇਹ ਆਮ ਧਾਰਨਾ ਸੀ ਪਰ ਅਸੀਂ ਲੋਕਾਂ ਦੀ ਇਹ ਧਾਰਨਾ ਬਦਲੀ ਹੈ। ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ। ਪਹਿਲਾਂ ਇਹੀ ਸੋਚਿਆ ਜਾਂਦਾ ਸੀ ਕਿ ਇਕ ਸਿਆਸਤਦਾਨ ਝੂਠ ਬੋਲਦਾ ਹੈ ਪਰ ਅਸੀਂ ਇਹ ਧਾਰਨਾ ਬਦਲੀ ਹੈ।’’
ਰੱਖਿਆ ਮੰਤਰੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਸਿਆਸਤ ਵਿੱਚ ਭਰੋਸੇ ਦੀ ਕਮੀ ਨੂੰ ਦੂਰ ਕੀਤਾ ਹੈ। ਅਸੀਂ ਧਾਰਾ 370 ਰੱਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਅਸੀਂ ਇਹ ਕੀਤਾ। ਅਸੀਂ ਤਿੰਨ ਤਲਾਕ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਅਤੇ ਸੰਸਦ ਵਿੱਚ ਬਹੁਮੱਤ ਹਾਸਲ ਕਰਨ ਤੋਂ ਬਾਅਦ ਅਸੀਂ ਇਹ ਕੀਤਾ।’’ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਧਾਰਨਾ ਬਦਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੰਗ ਪ੍ਰਭਾਵਿਤ ਦੇਸ਼ ਵਿੱਚ ਫਸੇ ਵਿਦਿਆਰਥੀਆਂ ਨੂੰ ਉੱਥੋਂ ਕੱਢਣ ਲਈ ਸੁਰੱਖਿਅਤ ਲਾਂਘਾ ਯਕੀਨੀ ਬਣਾਉਣ ਵਾਸਤੇ ਮੋਦੀ ਨੇ ਰੂਸ ਤੇ ਯੂਕਰੇਨ ਵਿਚਾਲੇ ਜੰਗ ਰੁਕਵਾ ਦਿੱਤੀ ਸੀ। ਕਤਰ ਨੇ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ 46 ਦਿਨਾਂ ਬਾਅਦ ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਅਧਿਕਾਰੀਆਂ ਨੂੰ ਰਿਹਾਅ ਕੀਤਾ। ਕਦੇ ਰੱਖਿਆ ਤਕਨਾਲੋਜੀ ਦੀ ਦਰਾਮਦ ਕਰਨ ਵਾਲਾ ਭਾਰਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਰੱਖਿਆ ਤਕਨਾਲੋਜੀ ਦਾ ਬਰਾਮਦਕਾਰ ਬਣ ਗਿਆ ਹੈ। ਰੱਖਿਆ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਸੁਧਾਰਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ