‘ਆਪ’ ਵਰਕਰਾਂ ਦਾ ਮਨੋਬਲ ਨਹੀਂ ਤੋੜ ਸਕਦੀ ਭਾਜਪਾ: ਦਿਲੀਪ ਪਾਂਡੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਆਤਿਸ਼ੀ ਵੱਲੋਂ ਕੀਤੇ ਗਏ ਖੁਲਾਸੇ ਮਗਰੋਂ ‘ਆਪ’ ਨੇ ਭਾਜਪਾ ’ਤੇ ਹਮਲਾਵਰ ਰੁਖ਼ ਅਪਣਾਇਆ ਹੈ। ‘ਆਪ’ ਦੇ ਸੀਨੀਅਰ ਆਗੂ ਦਿਲੀਪ ਪਾਂਡੇ ਨੇ ਕਿਹਾ ਕਿ ਭਾਜਪਾ ਨੂੰ ਯਕੀਨ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਟੁੱਟ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਇਸ ਲਈ ਭਾਜਪਾ ਹੁਣ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਲਈ ਆਤਿਸ਼ੀ, ਸੌਰਭ ਭਾਰਦਵਾਜ, ਰਾਘਵ ਚੱਢਾ ਅਤੇ ਦੁਰਗੇਸ਼ ਪਾਠਕ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਇਸ ਮੰਤਵ ਲਈ ਕੈਬਨਿਟ ਮੰਤਰੀ ਆਤਿਸ਼ੀ ਨੂੰ ਈਡੀ ਦਾ ਡਰਾਬਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਹੈ। ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਭਾਜਪਾ ਆਗੂਆਂ ਕੋਲ ਕਿਸੇ ਵੀ ਪ੍ਰਸ਼ਨ ਦਾ ਜਵਾਬ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਮਗਰੋਂ ਰਾਮਲੀਲਾ ਮੈਦਾਨ ਵਿੱਚ ਲੋਕਾਂ ਦਾ ਇਕੱਠ ਦੇਖ ਕੇ ਭਾਜਪਾ ਦੇ ਹੋਸ਼ ਉੱਡ ਗਏ ਹਨ। ਭਾਜਪਾ ਸੋਚ ਰਹੀ ਸੀ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪਹਿਲੀ ਅਤੇ ਦੂਜੀ ਲਾਈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਅਨੁਸਾਰ ਜੇ ਪਾਰਟੀ ਦੀ ਬਾਕੀ ਲੀਡਰਸ਼ਿਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਪਾਰਟੀ ਤਬਾਹ ਹੋ ਜਾਵੇਗੀ ਪਰ ਉਹ ਇਹ ਭੁੱਲ ਗਏ ਕਿ ਆਮ ਆਦਮੀ ਪਾਰਟੀ ਦਾ ਹਰ ਵਿਧਾਇਕ, ਮੰਤਰੀ, ਕੌਂਸਲਰ ਅਤੇ ਵਰਕਰ ਉਨ੍ਹਾਂ ਦੇ ਹਰ ਹਮਲੇ ਲਈ ਤਿਆਰ ਹੈ। ਸ੍ਰੀ ਪਾਂਡੇ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫ਼ਤਾਰੀ ਵੀ ਵਰਕਰਾਂ ਦਾ ਮਨੋਬਲ ਨਹੀਂ ਤੋੜ ਸਕੀ, ਇਸ ਲਈ ਹੁਣ ਅਗਲੀ ਕਤਾਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੂਚਨਾ ਮਿਲ ਰਹੀ ਹੈ ਕਿ ਮਹੀਨਾ ਭਰ ਛਾਪੇ ਮਾਰੇ ਜਾਣਗੇ। ਇਸ ਦੌਰਾਨ ਪਹਿਲਾਂ ਆਤਿਸ਼ੀ ਅਤੇ ਫਿਰ ਰਾਘਵ ਚੱਢਾ, ਸੌਰਭ ਭਾਰਦਵਾਜ ਅਤੇ ਦੁਰਗੇਸ਼ ਪਾਠਕ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ’ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ।