ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ’ਚ ਆਤਮ-ਨਿਰਭਰ ਹੋਈ ਭਾਜਪਾ

07:05 AM Aug 19, 2020 IST

ਰਵੇਲ ਸਿੰਘ ਭਿੰਡਰ
ਪਟਿਆਲਾ, 18 ਅਗਸਤ

Advertisement

ਭਾਰਤੀ ਜਨਤਾ ਪਾਰਟੀ ਜਿੱਥੇ ਸੂਬੇ ਵਿਚ ਇਕੱਲਿਆਂ ਹੀ ਆਪਣਾ ਝੰਡਾ ਲਹਿਰਾਉਣ ਲਈ ਕਾਹਲੀ ਹੈ, ਉੱਥੇ ਹੀ ਭਾਜਪਾ ਦੇ ਅਜਿਹੇ ਸਿਆਸੀ ਤੇਵਰਾਂ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੁਚਿੱਤੀ ਵਿਚ ਹੈ। ਅਕਾਲੀ ਦਲ ਦਾ ਹੇਠਲਾ ਕੇਡਰ ਤਾਂ ਭਾਜਪਾ ਨਾਲੋਂ ਤੋੜ-ਵਿਛੋੜੇ ਦੇ ਹੱਕ ਵਿਚ ਹੈ, ਪਰ ਸੀਨੀਅਰ ਲੀਡਰਸ਼ਿਪ ਲਈ ਅਜਿਹਾ ਫ਼ੈਸਲਾ ਲੈਣਾ ਕਈ ਪੱਖਾਂ ਤੋਂ ਅਜੇ ਸੰਭਵ ਨਹੀਂ ਹੈ।

ਦੇਸ਼ ਵਿਚ ਮੋਦੀ ਸਰਕਾਰ ਦੇ ਦੂਜੀ ਵਾਰ ਸੱਤਾ ’ਚ ਆਉਣ ਮਗਰੋਂ ਭਾਜਪਾ ਦੀ ਪੰਜਾਬ ’ਤੇ ਤਿੱਖੀ ਅੱਖ ਦੱਸੀ ਜਾ ਰਹੀ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਪੁਰਾਣਾ ਹੈ, ਪਰ ਗੱਠਜੋੜ ਤੋਂ ਵੀ ਅੱਗੇ ਜਾ ਕੇ ਫ਼ੈਸਲੇ ਲੈਣਾ ਭਾਜਪਾ ਦੀ ਪੁਰਾਣੀ ਆਦਤ ਹੈ। ਅਜਿਹੇ ਹਾਲਾਤ ਨੂੰ ਭਾਂਪਦਿਆਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅੰਦਰ ਵੀ ਘੁਸਰ-ਮੁਸਰ ਸ਼ੁਰੂ ਹੋ ਚੁੱਕੀ ਹੈ। ਉਧਰ, ਭਾਜਪਾ ਆਗੂਆਂ ਨੇ ਵੀ ਹੁਣ ਸ਼ਰ੍ਹੇਆਮ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਭਾਜਪਾ ਦਾ ਹਰ ਵਰਕਰ ਚਾਹੁੰਦਾ ਹੈ ਕਿ ਪੰਜਾਬ ’ਚ ਭਾਜਪਾ ਦਾ ਝੰਡਾ ਲਹਿਰਾਵੇ ਤੇ ਮੁੱਖ ਮੰਤਰੀ ਦੀ ਕੁਰਸੀ ਭਾਜਪਾ ਕੋਲ ਹੋਵੇ।

Advertisement

ਭਾਜਪਾ ਦੇ ਪੰਜਾਬ ਦੇ ਬੁਲਾਰੇ ਭੁਪੇਸ਼ ਅਗਰਵਾਲ ਨੇ ਮੰਨਿਆ ਕਿ ਹਰ ਭਾਜਪਾਈ ਪੰਜਾਬ ਅੰਦਰ ਭਾਜਪਾ ਦਾ ਝੰਡਾ ਲਹਿਰਾਉਂਦਾ ਵੇਖਣ ਲਈ ਕਾਹਲਾ ਹੈ। ਉਨ੍ਹਾਂ ਮੁਤਾਬਿਕ ਗੱਠਜੋੜ ਸਬੰਧੀ ਆਖ਼ਰੀ ਫ਼ੈਸਲਾ ਦੋਵਾਂ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਨੇ ਲੈਣਾ ਹੈ, ਪਰ ਭਾਜਪਾ ਵੱਲੋਂ ਸੂਬੇ ਦੀਆਂ 117 ਸੀਟਾਂ ’ਤੇ ਸਿਆਸੀ ਅਭਿਆਸ ਜ਼ੋਰਾਂ ’ਤੇ ਵਿੱਢ ਦਿੱਤਾ ਗਿਆ ਹੈ, ਤਾਂ ਕਿ ਜੇ ਭਾਜਪਾ ਇਕੱਲਿਆਂ 2022 ਦਾ ਚੋਣ ਪਿੜ ਮੱਲੇ ਤਾਂ ਕੋਈ ਘਾਟ ਨਾ ਰੜਕੇ।

ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੁਤਾਬਿਕ ਦੋਵਾਂ ਪਾਰਟੀਆਂ ਦਾ ਗੱਠਜੋੜ ਕਾਇਮ ਹੈ, ਉਂਜ ਦੋਵੇਂ ਪਾਰਟੀਆਂ ਸਿਆਸੀ ਤੌਰ ’ਤੇ ਮਜ਼ਬੂਤੀ ਲਈ ਆਪੋ ਆਪਣੇ ਸਿਆਸੀ ਪ੍ਰੋਗਰਾਮ ਵੱਖੋ-ਵੱਖ ਕਰ ਰਹੀਆਂ ਹਨ।

ਅਕਾਲੀ ਦਲ ਦਾ ਹੇਠਲਾ ਕੇਡਰ ਭਾਜਪਾ ਨਾਲੋਂ ਤੋੜ ਵਿਛੋੜੇ ਨੂੰ ਕਾਹਲਾ

ਸਿਆਸੀ ਸੂਤਰਾਂ ਅਨੁਸਾਰ ਅਕਾਲੀ ਦਲ ਦੇ ਹੇਠਲੇ ਕੇਡਰ ਦੇ ਆਗੂਆਂ ਵੱਲੋਂ ਭਾਜਪਾ ਨਾਲੋਂ ਤੋੜ ਵਿਛੋੜੇ ਲਈ ਲੀਡਰਸ਼ਿਪ ’ਤੇ ਦਬਾਅ ਬਣਾਇਆ ਜਾ ਰਿਹਾ ਹੈ, ਪਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਸ ਮਾਮਲੇ ’ਚ ਦੁਚਿੱਤੀ ਵਿਚ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਚ ਕੈਬਨਿਟ ਮੰਤਰੀ ਹੈ। ਹੇਠਲੇ ਕੇਡਰ ਦਾ ਕਹਿਣਾ ਹੈ ਕਿ ਭਾਜਪਾ 2022 ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਸਮੇਂ ਵੀ ਧੋਖਾ ਦੇ ਸਕਦੀ ਹੈ, ਅਜਿਹੇ ’ਚ ਪਾਰਟੀ ਨੂੰ ਪੈਰਾਂ ਸਿਰ ਹੋਣਾ ਔਖਾ ਹੋਵੇਗਾ, ਲਿਹਾਜ਼ਾ ਪਹਿਲਾਂ ਹੀ ਸਿਆਸੀ ਹੋਣੀ ਨੂੰ ਸਮਝ ਲਿਆ ਜਾਵੇ। ਕਈ ਤਰ੍ਹਾਂ ਦੇ ਸਿੱਖ ਤੇ ਕਿਸਾਨ ਮੁੱਦਿਆਂ ’ਤੇ ਵੀ ਹੇਠਲਾ ਕੇਡਰ ਭਾਜਪਾ ਤੋਂ ਖ਼ਫ਼ਾ ਹੈ।

Advertisement
Tags :
ਆਤਮ-ਨਿਰਭਰਪੰਜਾਬਭਾਜਪਾ
Advertisement