ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕਦਾ: ਗਾਂਧੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਨਵੰਬਰ
ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਹੈ ਕਿ ਉਹ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣੇਗਾ। ਉਸ ਨੇ ਆਪਣੀ ਧਰਮ ਨਿਰਪੱਖ ਮਾਂ ਪਾਰਟੀ ਕਾਂਗਰਸ ਨੂੰ ਪਿੱਠ ਦਿਖਾ ਕੇ ਫ਼ਿਰਕਾਪ੍ਰਸਤ ਭਾਜਪਾ ਦਾ ਪੱਲਾ ਫੜਿਆ ਹੈ, ਇਸ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ। ਡਾ. ਗਾਂਧੀ ਰਵਨੀਤ ਬਿੱਟੂ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਬਿਆਨ ਬਾਰੇ ਆਪਣਾ ਪ੍ਰਤੀਕਰਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਦੇਸ਼ ਪ੍ਰਤੀ ਜਾਨਾਂ ਵਾਰਨ ਵਾਲੀ ਮਿੱਟੀ ਵਿੱਚ ਭਾਜਪਾ ਲਈ ਕੋਈ ਥਾਂ ਨਹੀਂ ਹੈ, ਇਸ ਕਰਕੇ ਭਾਵੇਂ ਰਵਨੀਤ ਬਿੱਟੂ ਦੀ ਗੱਲ ਵੀ ਛੱਡ ਦੇਈਏ ਤਾਂ ਵੀ ਭਾਜਪਾ ਕਦੇ ਵੀ ਪੰਜਾਬ ਦੀ ਸੱਤਾ ’ਤੇ ਕਾਬਜ਼ ਨਹੀਂ ਹੋ ਸਕੇਗੀ। ਡਾ. ਗਾਂਧੀ ਨੇ ਕਿਹਾ ਕਿ ਸੁਪਨੇ ਦੇਖਣ ਦਾ ਹੱਕ ਹਰ ਕਿਸੇ ਕੋਲ ਹੁੰਦਾ ਹੈ, ਰਵਨੀਤ ਬਿੱਟੂ ਨੇ ਵੀ ਸੁਪਨਾ ਦੇਖਿਆ ਹੈ, ਇਸ ਵਿੱਚ ਕੋਈ ਹਰਜ ਨਹੀਂ ਹੈ, ਉਹ ਮੇਰਾ ਮਿੱਤਰ ਹੈ,ਅਸੀਂ ਇਕੱਠੇ ਪੰਜ ਸਾਲ ਲੋਕ ਸਭਾ ਵਿਚ ਬਿਤਾਏ ਹਨ, ਉਸ ਦੌਰਾਨ ਬਿੱਟੂ ਦੀ ਸੋਚ ਫ਼ਿਰਕਾਪ੍ਰਸਤੀ ਦਾ ਵਿਰੋਧ ਕਰਦੀ ਸੀ ਪਰ ਅੱਜ ਉਸ ਵਿੱਚੋਂ ਭਾਜਪਾ ਦੀ ਸੋਚ ਹੀ ਝਲਕਾਂ ਮਾਰਦੀ ਹੈ।