For the best experience, open
https://m.punjabitribuneonline.com
on your mobile browser.
Advertisement

ਭਾਰਤ ਮਾਲਾ ਪ੍ਰਾਜੈਕਟ: ਐਕੁਆਇਰ ਜ਼ਮੀਨ ਛੁਡਾਉਣ ਪੁੱਜੇ ਕਿਸਾਨਾਂ ’ਤੇ ਲਾਠੀਚਾਰਜ

06:19 AM Nov 23, 2024 IST
ਭਾਰਤ ਮਾਲਾ ਪ੍ਰਾਜੈਕਟ  ਐਕੁਆਇਰ ਜ਼ਮੀਨ ਛੁਡਾਉਣ ਪੁੱਜੇ ਕਿਸਾਨਾਂ ’ਤੇ ਲਾਠੀਚਾਰਜ
ਪਿੰਡ ਦੁੱਨੇਵਾਲਾ ’ਚ ਕਿਸਾਨਾਂ ’ਤੇ ਲਾਠੀਚਾਰਜ ਕਰਦੀ ਹੋਈ ਪੁਲੀਸ।
Advertisement

ਸ਼ਗਨ ਕਟਾਰੀਆ
ਬਠਿੰਡਾ, 22 ਨਵੰਬਰ
‘ਭਾਰਤ ਮਾਲਾ’ ਪ੍ਰਾਜੈਕਟ ਤਹਿਤ ਬਣ ਰਹੇ ਐਕਸਪ੍ਰੈੱਸਵੇਅ ਲਈ ਐਕੁਆਇਰ ਜ਼ਮੀਨਾਂ ਦਾ ਰੱਫੜ ਅੱਜ ਉਦੋਂ ਵੱਧ ਗਿਆ, ਜਦੋਂ ਕਿਸਾਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਦੁੱਨੇਵਾਲਾ ਦੀ ਹਦੂਦ ’ਚ ਕਬਜ਼ਾ ਛੁਡਾਉਣ ਲਈ ਵਧ ਰਹੇ ਕਿਸਾਨਾਂ ’ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਝੜਪ ਦੌਰਾਨ ਪੁਲੀਸ ਵੱਲੋਂ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ। ਜਵਾਬ ’ਚ ਕਿਸਾਨਾਂ ਨੇ ਵੀ ਪੁਲੀਸ ਕਰਮਚਾਰੀਆਂ ’ਤੇ ਝੰਡਿਆਂ ਵਾਲੀਆਂ ਸੋਟੀਆਂ ਵਰ੍ਹਾ ਦਿੱਤੀਆਂ, ਸਿੱਟੇ ਵਜੋਂ ਦੋਵਾਂ ਧਿਰਾਂ ਦੇ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪੁਲੀਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਲਿਆ ਹੈ। ਹਾਲਾਂਕਿ ਬਾਅਦ ’ਚ ਗੱਲਬਾਤ ਸ਼ੁਰੂ ਹੋਣ ’ਤੇ ਕਿਸਾਨਾਂ ਨੇ ਪਹਿਲਾਂ ਪੁਲੀਸ ਵੱਲੋਂ ਹਿਰਾਸਤ ’ਚ ਲਏ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ, ਜੋ ਪ੍ਰਸ਼ਾਸਨ ਨੇ ਮੰਨ ਲਈ। ਖ਼ਬਰ ਲਿਖ਼ੇ ਜਾਣ ਤੱਕ ਕਿਸਾਨ ਪਿੰਡ ਦੇ ਗੁਰੂਘਰ ’ਚ ਇਕੱਠੇ ਹੋਏ ਬੈਠੇ ਸਨ ਅਤੇ ਆਪਣੇ ਸਾਥੀਆਂ ਦੀ ਰਿਹਾਈ ਉਡੀਕ ਰਹੇ ਸਨ।

Advertisement

ਪੁਲੀਸ ਵੱਲੋਂ ਦਾਗੇ ਅੱਥਰੂ ਗੈਸ ਦੇ ਗੋਲਿਆਂ ਤੋਂ ਬਚਦੇ ਹੋਏ ਕਿਸਾਨ।

ਜਾਣਕਾਰੀ ਮੁਤਾਬਕ ਲੰਘੇ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਤੜਕਸਾਰ ਵੱਡੀ ਕਾਰਵਾਈ ਕਰਦਿਆਂ ਪਿੰਡ ਦੁੱਨੇਵਾਲਾ, ਸ਼ੇਰਗੜ੍ਹ ਅਤੇ ਭਗਵਾਨਗੜ੍ਹ ਦੀ ਕਰੀਬ ਅੱਠ ਕਿਲੋਮੀਟਰ ਜ਼ਮੀਨ ਦਾ ਕਬਜ਼ਾ ਲੈ ਲਿਆ ਸੀ। ਕਿਸਾਨ ਇਸ ਜ਼ਮੀਨ ਲਈ ਕਰੀਬ 80 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਜਦਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ 50 ਕੁ ਲੱਖ ਰੁਪਏ ਦਿੱਤੇ ਜਾ ਰਹੇ ਹਨ। ਅੱਜ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਜਦੋਂ ਜ਼ਮੀਨ ਤੋਂ ਸਰਕਾਰੀ ਕਬਜ਼ਾ ਹਟਵਾਉਣ ਲਈ ਕੂਚ ਕੀਤਾ ਤਾਂ ਅੱਗੇ ਮੌਜੂਦ ਪੁਲੀਸ ਨਫ਼ਰੀ ਨੇ ਉਨ੍ਹਾਂ ਨੂੰ ਰੋਕ ਲਿਆ, ਜਿੱਥੇ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਭਾਕਿਯੂ (ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦਰਜਨਾਂ ਕਿਸਾਨ ਜ਼ਖ਼ਮੀ ਹੋਏ ਹਨ ਤੇ ਕਈ ਜਣੇ ਪੁਲੀਸ ਦੀ ਹਿਰਾਸਤ ’ਚ ਹਨ, ਜਦਕਿ ਬਠਿੰਡਾ ਦੇ ਡੀਆਈਜੀ ਐੱਚਐੱਸ ਭੁੱਲਰ ਨੇ ਹਲਕਾ ਲਾਠੀਚਾਰਜ ਕਰਨ ਦੀ ਗੱਲ ਆਖਦਿਆਂ ਦੱਸਿਆ ਕਿਸਾਨਾਂ ਵੱਲੋਂ ਪੁਲੀਸ ’ਤੇ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਾਨੂੰਨ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ। ਮਾਮਲਾ ਕਾਨੂੰਨੀ ਦਾਇਰੇ ’ਚ ਹੀ ਰਹਿ ਕੇ ਹੱਲ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਦੇਰ ਸ਼ਾਮ ਨੂੰ ਡੀਸੀ ਸ਼ੌਕਤ ਅਹਿਮਦ ਪਰੇ ਅਤੇ ਐੱਸਐੱਸਪੀ ਅਮਨੀਤ ਕੌਂਡਲ ਨੇ ਸਿਵਲ ਹਸਪਤਾਲ ਬਠਿੰਡਾ ’ਚ ਪਹੁੰਚ ਕੇ ਜ਼ਖ਼ਮੀ ਪੁਲੀਸ ਕਰਮਚਾਰੀਆਂ ਦਾ ਹਾਲ ਚਾਲ ਪੁੱਛਿਆ।

Advertisement

ਮੁਆਵਜ਼ਾ ਲੈ ਕੇ ਵੀ ਕਿਸਾਨ ਕਬਜ਼ਾ ਨਹੀਂ ਛੱਡ ਰਹੇ: ਡੀਸੀ

ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਗੁਜਰਾਤ ਦੇ ਜਾਮਨਗਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਰਮਿਆਨ ਐਕਸਪ੍ਰੈੱਸਵੇਅ ਦੇ ਨਿਰਮਾਣ ਲਈ ਜ਼ਮੀਨ ਐਕੁਵਾਇਰ ਕੀਤੀ ਗਈ ਹੈ। ਇਸ ਮਾਰਗ ਦਾ 62 ਕਿਲੋਮੀਟਰ ਹਿੱਸਾ ਬਠਿੰਡਾ ਜ਼ਿਲ੍ਹੇ ’ਚ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਝਗੜਿਆਂ ਅਤੇ ਹੋਰ ਕਿਸਮ ਦੇ ਵਿਵਾਦਾਂ ਵਾਲੀ ਜ਼ਮੀਨ ਨੂੰ ਛੱਡ ਕੇ ਸਮੁੱਚੀ ਐਕੁਵਾਇਰ ਕੀਤੀ ਜ਼ਮੀਨ ਦਾ ਪੈਸਾ, ਮਾਲਕ ਡੇਢ ਸਾਲ ਪਹਿਲਾਂ ਹੀ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਮੀਨਾਂ ਦੇ ਕੁਝ ਮਾਲਕ ਹੁਣ ਹੋਰ ਪੈਸੇ ਦੀ ਮੰਗ ਰਹੇ ਹਨ ਤੇ ਸਰਕਾਰੀ ਕਬਜ਼ੇ ਵਾਲੀਆਂ ਜ਼ਮੀਨਾਂ ’ਤੇ ਜਬਰੀ ਫਸਲਾਂ ਬੀਜ ਰਹੇ ਹਨ। ਉਨ੍ਹਾਂ ਦੱਸਿਆ, ‘‘21 ਨਵੰਬਰ ਨੂੰ ਪ੍ਰਸ਼ਾਸਨ ਨੇ ਕਾਰਵਾਈ ਕਰਕੇ ਅਜਿਹੀ ਲਗਪਗ 8 ਕਿਲੋਮੀਟਰ ਜ਼ਮੀਨ ਛੁਡਵਾ ਕੇ ਆਪਣੇ ਕਬਜ਼ੇ ’ਚ ਕਰ ਲਈ ਹੈ। ਵੱਧ ਪੈਸਾ ਮੰਗਣ ਵਾਲੇ ਜ਼ਮੀਨ ਮਾਲਕਾਂ ਨੂੰ ਕਾਨੂੰਨੀ ਰਾਹ ਅਪਣਾਉਣਾ ਚਾਹੀਦਾ ਹੈ ਤੇ ਕਬਜ਼ੇ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।’’

Advertisement
Author Image

sukhwinder singh

View all posts

Advertisement