ਜਨਮ ਸ਼ਤਾਬਦੀ: ਮੁਰਮੂ ਤੇ ਮੋਦੀ ਵੱਲੋਂ ਵਾਜਪਾਈ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ, 25 ਦਸੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰਨਾਂ ਹਸਤੀਆਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਮੌਕੇ ‘ਸਦੈਵ ਅਟਲ’ ਯਾਦਗਾਰ ਉੱਤੇ ਰੱਖੀ ਪ੍ਰਾਰਥਨਾ ਸਭਾ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਜੇਪੀ ਨੱਢਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਭਾਜਪਾ ਦੇ ਭਾਈਵਾਲਾਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ.ਚੰਦਰਬਾਬੂ ਨਾਇਡੂ, ਕੇਂਦਰੀ ਮੰਤਰੀ ਜੇਡੀਯੂ ਦੇ ਲੱਲਨ ਸਿੰਘ ਤੇ ਹਿੰਦੂਸਤਾਨ ਅਵਾਮ ਮੋਰਚਾ (ਸੈਕੁਲਰ) ਦੇ ਜੀਤਨ ਰਾਮ ਮਾਂਝੀ ਨੇ ਵੀ ਭਾਜਪਾ ਦੇ ਕੱਦਾਵਰ ਆਗੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਖੜਗੇ ਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਸਣੇ ਹੋਰਨਾਂ ਸੰਸਦ ਮੈਂਬਰਾਂ, ਜਿਨ੍ਹਾਂ ਵਿਚ ਮੰਤਰੀ ਵੀ ਸ਼ਾਮਲ ਸਨ, ਨੇ ਪੁਰਾਣੇ ਸੰਸਦ ਭਵਨ ਦੇ ਕੇਂਦਰੀ ਹਾਲ, ਜਿਸ ਨੂੰ ਹੁਣ ਸੰਵਿਧਾਨ ਸਦਨ ਕਿਹਾ ਜਾਂਦਾ ਹੈ, ਵਿਚ ਵਾਜਪਾਈ ਦੀ ਤਸਵੀਰ ਅੱਗੇ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਸਦੈਵ ਅਟਲ ਯਾਦਗਾਰ ’ਤੇ ਰੱਖੀ ਪ੍ਰਾਰਥਨਾ ਸਭਾ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੋਂ ਇਲਾਵਾ ਵਾਜਪਾਈ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਿਵੇਂ ਵਾਜਪਾਈ ਨੇ ਸੰਵਿਧਾਨਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਤੇ ਦੇਸ਼ ਨੂੰ ਨਵੀਂ ਦਿਸ਼ਾ ਤੇ ਰਫ਼ਤਾਰ ਦਿੱਤੀ। -ਪੀਟੀਆਈ