ਕੇਸ਼ੋਪੁਰ ਛੰਭ ਵਿੱਚ ਪੰਛੀਆਂ ਦਾ ਉਤਸਵ ਮਨਾਇਆ
ਕੇ ਪੀ ਸਿੰਘ
ਗੁਰਦਾਸਪੁਰ, 17 ਫਰਵਰੀ
ਦੇਸ਼ ਦੇ ਪਹਿਲੇ ਕਮਿਊਨਿਟੀ ਰਿਜ਼ਰਵ ਕੇਸ਼ੋਪੁਰ ਛੰਭ (ਗੁਰਦਾਸਪੁਰ) ਵਿੱਚ ਅੱਜ ਪੰਜਵਾਂ ਰਾਜ ਪੱਧਰੀ ਪੰਛੀਆਂ ਦਾ ਉਤਸਵ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤੀ ਗਈ। ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਗੁਰਦਾਸਪੁਰ ਦੇ ਪੰਜ ਪਿੰਡਾਂ- ਕੇਸ਼ੋਪੁਰ, ਡਾਲਾ, ਮਿਆਣੀ, ਮਟਵਾਂ ਅਤੇ ਮਗਰ ਮੂਧੀਆਂ ਦੀ 850 ਏਕੜ ਵਿੱਚ ਫੈਲਿਆ ਇਹ ਛੰਬ ਪਰਵਾਸੀ ਪੰਛੀਆਂ ਲਈ ਪਰਵਾਸ ਦਾ ਸਭ ਤੋਂ ਖ਼ੂਬਸੂਰਤ ਟਿਕਾਣਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫ਼ਰਜ਼ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਸੈਰ ਸਪਾਟਾ ਲਈ ਮੌਜੂਦ ਅਸੀਮ ਸੰਭਾਵਨਾਵਾਂ ਨੂੰ ਸੈਲਾਨੀਆਂ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿੱਚ ਜੰਗਲੀ ਜੀਵ ਫ਼ੋਟੋਗਰਾਫ਼ਰਾਂ ਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਨ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਗਏ ਹਨ ਜਦਕਿ ਇੱਥੇ 40 ਲੱਖ ਰੁਪਏ ਖ਼ਰਚ ਕੇ ਛੰਭ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਆਖਿਆ ਕੇਂਦਰ ਨੂੰ ਡਿਜੀਟਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਿਆਖਿਆ ਕੇਂਦਰ ਵਿੱਚ ਚਾਰ ਕਨਾਲ ਵਿੱਚ ਤਲਾਬ ਤਿਆਰ ਕਰ ਕੇ ਉਸ ਵਿੱਚ ਸੈਲਾਨੀਆਂ ਲਈ ਬੋਟਿੰਗ ਸ਼ੁਰੂ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਸਰਕਾਰੀ ਕਾਲਜ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਕਿਰਨਪ੍ਰੀਤ ਕੌਰ ਅਤੇ ਮੰਨਤ ਮਹਾਜਨ, ਸਰਕਾਰੀ ਪ੍ਰਾਇਮਰੀ ਸਕੂਲ ਲੇਹਲ ਦੀਆਂ ਵਿਦਿਆਰਥਣਾਂ ਜੀਵਕਾ ਤੇ ਪਲਕ ਨੇ ਪੰਛੀਆਂ ਅਤੇ ਵਾਤਾਵਰਨ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਐੱਸ.ਐੱਸ.ਪੀ. ਹਰੀਸ਼ ਦਾਯਮਾ, ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਆਰ.ਕੇ. ਮਿਸ਼ਰਾ, ਧਰਮਿੰਦਰ ਸ਼ਰਮਾ, ਡੀਐੱਫਓ ਵਾਈਲਡ ਲਾਈਫ਼ ਪਰਮਜੀਤ ਸਿੰਘ, ਅਟਲ ਮਹਾਜਨ ਰਾਜੇਸ਼ ਮਹਾਜਨ ਵੀ ਹਾਜ਼ਰ ਸਨ।