ਬੇਬਾਕ ਤੇ ਸੁਲਝੇ ਹੋਏ ਸਿਆਸਤਦਾਨ ਸਨ ਬੀਰ ਦਵਿੰਦਰ ਸਿੰਘ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਜੂਨ
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਤੁਰ ਜਾਣ ਨਾਲ ਪੰਜਾਬ ੲਿੱਕ ਬੇਬਾਕ ਅਤੇ ਸੁਲਝੇ ਹੋਏ ਸਿਆਸਤਦਾਨ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਨੂੰ ਸਿਆਸੀ, ਸਭਿਆਚਾਰਕ ਤੇ ਰਿਆਸਤਾਂ ਦੀ ਵਿਰਾਸਤ ਬਾਰੇ ਕਾਫ਼ੀ ਗਿਆਨ ਸੀ। ਜਾਣਕਾਰੀ ਅਨੁਸਾਰ ਬੀਤੀ 16 ਜੂਨ ਨੂੰ ਬੀਰ ਦਵਿੰਦਰ ਸਿੰਘ ਦੀ ਭੋਜਨ ਨਾਲੀ ਵਿੱਚ ਕੈਂਸਰ ਦੀ ਪੁਸ਼ਟੀ ਹੋਈ ਸੀ ਤੇ ੳੁਦੋਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ। ਉਨ੍ਹਾਂ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ੳੁਨ੍ਹਾਂ ਦਾ ਸਸਕਾਰ ਭਲਕੇ ਪਟਿਆਲਾ ਦੀਆਂ ਬਡੂੰਗਰ ਵਾਲੀਆਂ ਮੜ੍ਹੀਆਂ ਵਿੱਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਰ ਦਵਿੰਦਰ ਸਿੰਘ 1971 ਤੋਂ 1977 ਤੱਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਰਹੇ ਸਨ। ਉਨ੍ਹਾਂ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨਾਲ ਵੀ ਨੇੜਤਾ ਸੀ। ਉਹ ਮਾਸਕੋ ਅਤੇ ਪੂਰਬੀ ਯੂਰਪੀ ਸ਼ਹਿਰਾਂ ਵਿੱਚ ਘੁੰਮੇ ਫਿਰੇ ਤੇ ਜਾਣਕਾਰੀ ਹਾਸਲ ਕੀਤੀ। ੳੁਹ ਸੋਨੀਆ ਗਾਂਧੀ ਨਾਲ ਵੀ ਅਕਸਰ ਗੱਲਬਾਤ ਕਰਦੇ ਸਨ। ਕਾਂਗਰਸ ਹਾਈ ਕਮਾਨ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਅਤੇ ਖਰਡ਼ ਤੋਂ ਟਿਕਟ ਨਾ ਮਿਲਣ ’ਤੇ ਕੈਪਟਨ ਅਮਰਿੰਦਰ ਨਾਲ ਹੋਏ ਗਿਲ੍ਹੇ-ਸ਼ਿਕਵੇ ਵੀ ਚਰਚਾ ਦਾ ਵਿਸ਼ਾ ਰਹੇ ਹਨ।
ਸਾਲ 1980 ਵਿੱਚ ਬੀਰ ਦਵਿੰਦਰ ਸਿੰਘ ਕਾਂਗਰਸ ਦੀ ਟਿਕਟ ’ਤੇ ਸਰਹਿੰਦ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ। ੳੁਪਰੰਤ ਸਾਲ 2003 ਤੋਂ 2004 ਤੱਕ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ। 2002-2007 ਦੀ ਸਰਕਾਰ ਦੌਰਾਨ ਬੀਰ ਦਵਿੰਦਰ ਸਿੰਘ ਨੂੰ ਬੈਸਟ ਪਾਰਲੀਮੈਂਟੇਰੀਅਨ ਦਾ ਖ਼ਿਤਾਬ ਵੀ ਮਿਲਿਆ। ਇਸੇ ਸਮੇਂ ਦੌਰਾਨ ਉਨ੍ਹਾਂ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਬਾਅਦ 2008 ਤੋਂ 2010 ਤੱਕ ਉਹ ਅਕਾਲੀ ਦਲ ਵਿੱਚ ਰਹੇ ਤੇ ਫਿਰ ਉਹ ਪੀਪੀਪੀ ਪਾਰਟੀ ਤੇ ਅਕਾਲੀ ਦਲ ਯੂਨਾਈਟਿਡ ਦਾ ਵੀ ਹਿੱਸਾ ਰਹੇ। ਬੀਰ ਦਵਿੰਦਰ ਦੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਲੰਬਾ ਸਮਾਂ ਸਾਂਝ ਰਹੀ, ਪਰ ਇਸ ਦੌਰਾਨ ਉਨ੍ਹਾਂ ਦੀ ਕਈ ਮੁੱਦਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਤਣਾ-ਤਣੀ ਵੀ ਰਹੀ। ੳੁਨ੍ਹਾਂ ਨੇ ਤਤਕਾਲੀ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (ਮੌਜੂਦਾ ਭਾਜਪਾ ਆਗੂ) ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ, ਜਿਸ ਮਗਰੋਂ ਉਨ੍ਹਾਂ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ। ਇਸ ਮਗਰੋਂ 5 ਫਰਵਰੀ 2019 ਨੂੰ ਉਹ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਘਰ ਦੀ ਲਾਇਬਰੇਰੀ ਇਹ ਸਪਸ਼ਟ ਕਰਦੀ ਹੈ ਕਿ ਉਹ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਸਨ ਤੇ ਉਨ੍ਹਾਂ ਨੂੰ ਪਟਿਆਲਾ ਦੀ ਵਿਰਾਸਤ ਬਾਰੇ ਕਾਫ਼ੀ ਗਿਆਨ ਸੀ।