ਬਿਹਾਰ: ਬੋਲਣ ਦਾ ਮੌਕਾ ਨਾ ਦੇਣ ’ਤੇ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਹੰਗਾਮਾ
ਪਟਨਾ, 25 ਜੁਲਾਈ
ਬਿਹਾਰ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਰੱਜ ਕੇ ਹੰਗਾਮਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਦੇ ਰੋਸ ਵਜੋਂ ਉਨ੍ਹਾਂ ਸਪੀਕਰ ਦੇ ਚੈਂਬਰ ਦੇ ਬਾਹਰ ਧਰਨਾ ਦਿੱਤਾ। ਇਸ ਮੌਕੇ ਸਪੀਕਰ ਨੰਦ ਕਿਸ਼ੋਰ ਯਾਦਵ ਨੇ ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਦੇ ਅੱਧੇ ਘੰਟੇ ਬਾਅਦ ਹੀ ਸਦਨ ਦੀ ਕਾਰਵਾਈ ਸ਼ਾਮ 4.50 ਵਜੇ ਤੱਕ ਮੁਲਤਵੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਜਿਹਾ ਕਰ ਕੇ ਸਟਾਫ ਨੂੰ ਠੇਸ ਪਹੁੰਚਾਈ ਹੈ।
ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੇ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਰੱਜ ਕੇ ਹੰਗਾਮਾ ਹੋਇਆ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਮਾਨੰਤਰ ਕਾਰਵਾਈ ਚਲਾਈ। ਇਸ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮਹਿਲਾ ਵਿਧਾਇਕਾਂ ਪ੍ਰਤੀ ਅਪਮਾਨਜਨਕ ਵਿਹਾਰ ਤੇ ਐਨਡੀਏ ਸਰਕਾਰ ਦੀਆਂ ਕਥਿਤ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਵਿਧਾਨ ਸਭਾ ਵੱਲ ਮਾਰਚ ਕਰ ਰਹੇ ਕਾਂਗਰਸੀ ਵਰਕਰਾਂ ’ਤੇ ਕੀਤੇ ਲਾਠੀਚਾਰਜ ਖ਼ਿਲਾਫ਼ ਕਾਲੇ ਰੁਮਾਲ ਬੰਨ੍ਹ ਕੇ ਪੁੱਜੇ। ਇਸ ਦੌਰਾਨ ਸੀਪੀਆਈ (ਐਮਐਲ) ਲਿਬਰੇਸ਼ਨ ਵਿਧਾਇਕ ਦਲ ਦੇ ਆਗੂ ਮਹਿਬੂਬ ਆਲਮ ਨੂੰ ਮਜ਼ਾਕ ਤਹਿਤ ਸਪੀਕਰ ਵਜੋਂ ਇੱਕ ਕੁਰਸੀ ’ਤੇ ਬਿਠਾਇਆ ਗਿਆ ਅਤੇ ਸੱਤਾਧਾਰੀ ਪੱਖ ਵਾਂਗ ਸਮਾਨੰਤਰ ਕਾਰਵਾਈ ਚਲਾਈ ਗਈ।
ਵਿਰੋਧੀ ਧਿਰ ਦੇ ਵਿਧਾਇਕਾਂ ਨੇ ਬਾਅਦ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਵਾਕਆਊਟ ਕਰ ਦਿੱਤਾ। ਸਪੀਕਰ ਦੇ ਚੈਂਬਰ ਬਾਹਰ ਪ੍ਰਦਰਸ਼ਨ ਕਰ ਰਹੇ ਰਾਸ਼ਟਰੀ ਜਨਤਾ ਦਲ ਦੇ ਕੁਮਾਰ ਸਰਵਜੀਤ ਨੇ ਪੱਤਰਕਾਰਾਂ ਨੂੰ ਕਿਹਾ, ‘22 ਜੁਲਾਈ ਤੋਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਇੱਕ ਮਿੰਟ ਲਈ ਵੀ ਬੋਲਣ ਨਹੀਂ ਦਿੱਤਾ ਗਿਆ।’ -ਪੀਟੀਆਈ