ਬਿਹਾਰ: ਦੋ ਮੁਲਜ਼ਮਾਂ ਨੇ ਨੀਟ ਪੇਪਰ ਲੀਕ ਕਰਾਉਣ ਦੀ ਗੱਲ ਕਬੂਲੀ
ਪਟਨਾ, 16 ਜੂਨ
ਬਿਹਾਰ ਪੁਲੀਸ ਦੀ ਆਰਥਿਕ ਅਪਰਾਧ ਯੂਨਿਟ (ਈਓਯੂ) ਨੇ ਦਾਅਵਾ ਕੀਤਾ ਹੈ ਕਿ ਦੋ ਮੁਲਜ਼ਮਾਂ, ਜਿਨ੍ਹਾਂ ਵਿਚੋਂ ਇੱਕ ਪ੍ਰੀਖਿਆ ਮਾਫ਼ੀਆ ਨਾਲ ਸਬੰਧਤ ਹੈ, ਨੇ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ। ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਈਓਯੂ ਨੂੰ 11 ਉਮੀਦਵਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਹੈ ਜਿਨ੍ਹਾਂ ’ਚ ਸੱਤ ਲੜਕੀਆਂ ਹਨ। ਈਓਯੂ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ ਹੈ।
ਈਓਯੂ ਨੇ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਕੇਸ ਦੀ ਜਾਂਚ ਲਈ 9 ਮੈਂਬਰੀ ਸਿਟ ਕਾਇਮ ਕੀਤੀ ਹੈ। ਇਸ ਮਾਮਲੇ ’ਚ ਹੁਣ ਤੱਕ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ ਛੇ ਪ੍ਰੀਖਿਆ ਮਾਫ਼ੀਆ, ਚਾਰ ਵਿਦਿਆਰਥੀ ਅਤੇ ਤਿੰਨ ਮਾਪੇ ਸ਼ਾਮਲ ਹਨ। ਈਓਯੂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਪ੍ਰੀਖਿਆ ਮਾਫ਼ੀਆ ਵਿੱਚੋਂ ਹੁਣ ਇੱਕ ਸਿਕੰਦਰ ਯਾਦਵੇਂਦੂ (56), ਜਿਹੜਾ ਕਿ ਦਾਨਾਪੁਰ ਮਿਉਂਸਿਪਲ ਕੌਂਸਲ ’ਚ ਜੂਨੀਅਰ ਇੰਜਨੀਅਰ ਹੈ, ਨੇ ਪ੍ਰਸ਼ਨ ਪੱਤਰ ਲੀਕ ਹੋਣ ’ਚ ਆਪਣੀ ਭੂਮਿਕਾ ਕਬੂਲ ਕੀਤੀ ਹੈ।
ਇਸ ਤੋਂ ਇਲਾਵਾ ਆਯੂਸ਼ ਕੁਮਾਰ ਨਾਂ ਦੇ ਉਮੀਦਵਾਰ ਨੇ ਕਬੂਲ ਕੀਤਾ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪ੍ਰਸ਼ਨ ਪੱਤਰ ਯਾਦ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਨੀਟ ਪ੍ਰੀਖਿਆ 5 ਮਈ ਨੂੰ ਹੋਈ ਸੀ ਅਤੇ ਪ੍ਰੀਖਿਆ ਮਾਫ਼ੀਆ ਨੇ ਇੱਕ ਦਿਨ ਪਹਿਲਾਂ 4 ਮਈ ਨੂੰ ਪ੍ਰਸ਼ਨ ਪੱਤਰ ਹਾਸਲ ਕਰ ਲਿਆ ਸੀ। ਸਿਕੰਦਰ ਯਾਦਵੇਂਦੂ ਦੇ ਕਬੂਲਨਾਮੇ ਮੁਤਾਬਕ ਅਮਿਤ ਤੇ ਨਿਤੀਸ਼ ਨਾਂ ਦੇ ਦੋ ਵਿਅਕਤੀਆਂ ਨੂੰ ਪ੍ਰਸ਼ਨ ਪੱਤਰ 4 ਮਈ ਨੂੰ ਮਿਲ ਗਿਆ ਸੀ। ਉਨ੍ਹਾਂ ਤੋਂ ਇਲਾਵਾ 25 ਤੋਂ 30 ਹੋਰ ਉਮੀਦਵਾਰਾਂ ਨੇ ਪ੍ਰੀਖਿਆ ਤੋਂ ਪਹਿਲਾਂ ਇਸ ਨੂੰ ਯਾਦ ਕਰ ਲਿਆ ਸੀ।
ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਰਾਮਾਕ੍ਰਿਸ਼ਨ ਨਗਰ ਪੁਲੀਸ ਸਟੇਸ਼ਨ ਇਲਾਕੇ ’ਚ ਪੈਂਦੇ ਪਲੇਅ ਸਕੂਲ ’ਚ ਬਿਠਾ ਕੇ 5 ਮਈ ਦੀ ਸਵੇਰ 9 ਵਜੇ ਤੱਕ ਸਵਾਲਾਂ ਦੇ ਜਵਾਬਾਂ ਦਾ ਰੱਟਾ ਲਗਵਾਇਆ ਗਿਆ। ਇਸ ਮਗਰੋਂ ਉਨ੍ਹਾਂ ਨੂੰ ਸਿੱਧੇ ਕਾਰ ਰਾਹੀਂ ਪ੍ਰੀਖਿਆ ਕੇਂਦਰ ’ਤੇ ਪਹੁੰਚਾਇਆ ਗਿਆ। ਸਿਟ ਵੱਲੋਂ ਪ੍ਰੀਖਿਆ ਮਾਫੀਆ ਸੰਜੀਵ ਮੁਖੀਆ, ਪਿੰਟੂ, ਰਾਕੇਸ਼ ਰੰਜਨ ਉਰਫ਼ ਰੌਕੀ, ਚਿੰਟੂ ਉਰਫ਼ ਬਲਦੇਵ, ਆਸ਼ੂਤੋਸ਼, ਨਿਤੀਸ਼ ਯਾਦਵ, ਮਨੀਸ਼ ਪ੍ਰਕਾਸ਼ ਅਤੇ ਨਿਤੀਸ਼ ਪਟੇਲ ਉਰਫ਼ ਅਭਿਮੰਨਿਊ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਟੀਮ ਵੱਲੋਂ ਉਨ੍ਹਾਂ ਨੂੰ ਫੜਨ ਲਈ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਚਿੰਟੂ ਦੇ ਮੋਬਾਈਲ ਫੋਨ ’ਚ ਨੀਟ ਪ੍ਰਸ਼ਨ ਪੱਤਰ ਅਤੇ ਉਨ੍ਹਾਂ ਦੇ ਜਵਾਬ ਵੀ ਸਨ। -ਆਈਏਐੱਨਐੱਸ
ਐੱਨਟੀਏ ਅਧਿਕਾਰੀ ਜੇ ਦੋਸ਼ੀ ਮਿਲੇ ਤਾਂ ਬਖ਼ਸ਼ਾਂਗੇ ਨਹੀਂ: ਪ੍ਰਧਾਨ
ਸੰਬਲਪੁਰ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਨੀਟ ਪ੍ਰੀਖਿਆ ਕਰਾਉਣ ’ਚ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਦੇ ਅਧਿਕਾਰੀ ਬੇਨਿਯਮੀਆਂ ਦੇ ਦੋਸ਼ੀ ਮਿਲੇ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨਟੀਏ, ਜੋ ਨੀਟ ਕਰਵਾਉਂਦੀ ਹੈ, ’ਚ ਸੁਧਾਰ ਦੀ ਲੋੜ ਹੈ। ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਨੇ ਕਿਹਾ,‘‘ਸੁਪਰੀਮ ਕੋਰਟ ਦੀ ਸਿਫ਼ਾਰਸ਼ ’ਤੇ 1563 ਉਮੀਦਵਾਰਾਂ ਦੀ ਮੁੜ ਪ੍ਰੀਖਿਆ ਦੇ ਹੁਕਮ ਦਿੱਤੇ ਗਏ ਹਨ। ਦੋ ਥਾਵਾਂ ’ਤੇ ਕੁਝ ਬੇਨਿਯਮੀਆਂ ਸਾਹਮਣੇ ਆਈਆਂ ਹਨ।
ਮੈਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਭਰੋਸਾ ਦਿੰਦਾ ਹਾਂ ਕਿ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਜੇਕਰ ਐੱਨਟੀਏ ਦੇ ਵੱਡੇ ਅਧਿਕਾਰੀ ਦੋਸ਼ੀ ਮਿਲੇ ਤਾਂ ਉਨ੍ਹਾਂ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਐੱਨਟੀਏ ’ਚ ਵਧੇਰੇ ਸੁਧਾਰ ਦੀ ਲੋੜ ਹੈ। ਸਰਕਾਰ ਇਸ ਬਾਰੇ ਫਿਕਰਮੰਦ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’’ -ਏਐੱਨਆਈ