ਬਿਹਾਰ: ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋਈ
ਸਿਵਾਨ/ਸਾਰਨ, 17 ਅਕਤੂਬਰ
ਬਿਹਾਰ ਦੇ ਸਿਵਾਨ ਅਤੇ ਸਾਰਨ ਜ਼ਿਲ੍ਹਿਆਂ ਵਿੱਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 16 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। ਡੀਆਈਜੀ ਅਲੋਕ ਰਾਜ ਨੇ ਦੱਸਿਆ ਕਿ ਸਿਵਾਨ ਵਿੱਚ 20, ਜਦਕਿ ਸਾਰਨ ਵਿੱਚ ਪੰਜ ਜਣਿਆਂ ਦੀ ਮੌਤ ਹੋਈ। ਉਨ੍ਹਾਂ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ ਹੇਠ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਲਈ ਦੋ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡੀਆਈਜੀ ਨੇ ਕਿਹਾ, ‘‘ਇੱਕ ਸ਼ਰਾਬ ਮਾਫੀਆ ਦਾ ਨਾਮ ਸਾਹਮਣੇ ਆਇਆ ਹੈ। ਉਹ ਪਹਿਲਾਂ ਵੀ ਅਜਿਹੇ ਮਾਮਲੇ ਵਿੱਚ ਸ਼ਾਮਲ ਸੀ ਅਤੇ ਫਿਲਹਾਲ ਜ਼ਮਾਨਤ ’ਤੇ ਹੈ। ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਾਰਨ ਰੇਂਜ ਦੇ ਡੀਆਈਜੀ ਨਿਲੇਸ਼ ਕੁਮਾਰ ਨੇ ਕਿਹਾ, ‘‘ਘਟਨਾ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਮਿਲਣ ’ਤੇ ਹੀ ਪਤਾ ਲੱਗ ਸਕੇਗਾ।’’ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਮੰਗਲਵਾਰ ਰਾਤ ਜ਼ਹਿਰੀਲੀ ਸ਼ਰਾਬ ਪੀਤੀ ਸੀ, ਜਿਸ ਮਗਰੋਂ ਉਹ ਬਿਮਾਰ ਹੋ ਗਏ। ਇਸੇ ਦੌਰਾਨ ਦੋਵਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਅੱਜ ਮਗਹਰ, ਔਰੀਆ ਅਤੇ ਇਬਰਾਹਿਮਪੁਰ ਖੇਤਰਾਂ ਦੇ ਤਿੰਨ ਚੌਕੀਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। -ਪੀਟੀਆਈ
ਮੌਤਾਂ ਲਈ ਡਬਲ ਇੰਜਣ ਸਰਕਾਰ ਜ਼ਿੰਮੇਵਾਰ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਐੱਨਡੀਏ ਦੀ ਅਗਵਾਈ ਵਾਲੀ ਡਬਲ ਇੰਜਣ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅਸੀਂ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕਰਦੇ ਹਾਂ। ਅਸੀਂ ਸਰਕਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ।’’ ਉਨ੍ਹਾਂ ਬਿਹਾਰ ਵਿੱਚ ਸ਼ਰਾਬ ’ਤੇ ਪਾਬੰਦੀ ਮਗਰੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਸੂਬਾ ਸਰਕਾਰ ਦਾ ਘਿਰਾਓ ਕੀਤਾ। -ਪੀਟੀਆਈ
ਸੂਬੇ ’ਚ ਸ਼ਰਾਬ ਦਾ ਗ਼ੈਰਕਾਨੂੰਨੀ ਕਾਰੋਬਾਰ ਜ਼ੋਰਾਂ ’ਤੇ: ਪ੍ਰਿਯੰਕਾ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐੱਨਡੀਏ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਿਹਾਰ ਵਿੱਚ ਸ਼ਰਾਬ ’ਤੇ ਪਾਬੰਦੀ ਲਾਗੂ ਹੈ ਪਰ ਨਕਲੀ ਸ਼ਰਾਬ ਦਾ ਗ਼ੈਰਕਾਨੂੰਨੀ ਕਾਰੋਬਾਰ ਜ਼ੋਰਾਂ ’ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ’ਤੇ ਰੋਕ ਲਗਾਉਣੀ ਚਾਹੀਦੀ ਹੈ। ਪ੍ਰਿਯੰਕਾ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਬਿਹਾਰ ਦੇ ਸਿਵਾਨ ਅਤੇ ਸਾਰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੀ ਖ਼ਬਰ ਬੇਹੱਦ ਦੁਖ਼ਦਾਈ ਹੈ। ਦੁਖੀ ਪਰਿਵਾਰ ਨਾਲ ਮੈਨੂੰ ਡੂੁੰਘੀ ਹਮਦਰਦੀ ਹੈ। ਵੱਡੀ ਗਿਣਤੀ ਲੋਕ ਹਸਪਤਾਲ ’ਚ ਦਾਖ਼ਲ ਹਨ ਅਤੇ ਮੈਂ ਉਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੀ ਹਾਂ।’’ -ਪੀਟੀਆਈ