ਬਿਹਾਰ: ਨਦੀਆਂ ਦੇ ਬੰਨ੍ਹ ਟੁੱਟਣ ਕਾਰਨ ਹੜ੍ਹਾਂ ਦੀ ਸਥਿਤੀ ਹੋਈ ਗੰਭੀਰ
ਪਟਨਾ, 30 ਸਤੰਬਰ
ਬਿਹਾਰ ਦੇ ਦਰਭੰਗਾ ਵਿੱਚ ਕੋਸੀ ਅਤੇ ਸੀਤਾਮੜੀ ਵਿੱਚ ਬਾਗਮਤੀ ਨਦੀਆਂ ਦੇ ਬੰਨ੍ਹਾਂ ਵਿੱਚ ਤਾਜ਼ਾ ਪਾੜ ਪੈਣ ਮਗਰੋਂ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤ ਹੋਰ ਗੰਭੀਰ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਕੀਰਤਪੁਰ ਬਲਾਕ ਨੇੜੇ ਬੀਤੀ ਰਾਤ ਹੜ੍ਹ ਕਾਰਨ ਕੋਸੀ ਨਦੀ ਦੇ ਬੰਨ੍ਹ ਟੁੱਟ ਗਏ ਅਤੇ ਕੀਰਤਪੁਰ ਤੇ ਘਣਸ਼ਿਆਮਪੁਰ ਬਲਾਕ ਦੇ ਇੱਕ ਦਰਜਨ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ।
ਇਸ ਤੋਂ ਇਲਾਵਾ ਸੀਤਾਮੜੀ ਜ਼ਿਲ੍ਹੇ ਦੇ ਰੰਨੀ ਸੈਦਪੁਰ ਬਲਾਕ ਦੇ ਰੁਪੌਲੀ ਪਿੰਡ ਨੇੜੇ ਬਾਗਮਤੀ ਨਦੀ ਦੇ ਬੰਨ੍ਹ ਟੁੱਟ ਗਏ। ਇਸੇ ਦੌਰਾਨ ਸ਼ਿਵਹਾਰ ਜ਼ਿਲ੍ਹੇ ਦੇ ਤਰਿਆਨੀ ਛਪਰਾ ਪਿੰਡ ਨੇੜੇ ਬੀਤੀ ਸ਼ਾਮ ਬਾਗਮਤੀ ’ਚ ਪਾੜ੍ਹ ਪੈਣ ਕਾਰਨ ਤਰਿਆਨੀ ਛਪਰਾ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿੱਚ ਪਾਣੀ ਭਰ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਸੀਤਾਮੜੀ ਦੇ ਮਧਕੌਲ ਪਿੰਡ ਵਿੱਚ ਬਾਗਮਤੀ ਨਦੀ ਵਿੱਚ ਪਾੜ ਪੈ ਗਿਆ। ਪੱਛਮੀ ਚੰਪਾਰਨ ਵਿੱਚ ਗੰਡਕ ਨਦੀ ਨੂੰ ਵੀ ਨੁਕਸਾਨ ਪੁੱਜਾ ਹੈ ਜਿਸ ਕਾਰਨ ਹੜ੍ਹ ਦਾ ਪਾਣੀ ਵਾਲਮੀਕਿ ਟਾਈਗਰ ਰਿਜ਼ਰਵ ਵਿੱਚ ਦਾਖ਼ਲ ਹੋ ਗਿਆ। ਬਿਹਾਰ ਦੇ ਜਲ ਸਰੋਤ ਮੰਤਰੀ ਵਿਜੈ ਕੁਮਾਰ ਚੌਧਰੀ ਨੇ ਦੱਸਿਆ, ‘‘ਘਬਰਾਉਣ ਵਾਲੀ ਗੱਲ ਨਹੀਂ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।’’ ਸੂਬਾ ਆਫ਼ਤ ਪ੍ਰਬੰਧ ਵਿਭਾਗ ਦੇ ਬੁਲੇਟਿਨ ਵਿੱਚ ਕਿਹਾ ਗਿਆ ਹੈ, ‘‘ਉੱਤਰੀ ਬਿਹਾਰ ਵਿੱਚ ਸਥਿਤੀ ਦੀ ਗੰਭੀਰਤਾ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਅਤੇ ਝਾਰਖੰਡ ਦੇ ਰਾਂਚੀ ਤੋਂ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੀਆਂ ਛੇ ਹੋਰ ਟੀਮਾਂ ਬੁਲਾਈਆਂ ਗਈਆਂ ਹਨ। ਹੜ੍ਹ ਕਾਰਨ 16 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹਨ। ਬਿਹਾਰ ਦੇ ਕਈ ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। -ਪੀਟੀਆਈ