For the best experience, open
https://m.punjabitribuneonline.com
on your mobile browser.
Advertisement

ਐਮਰਜੈਂਸੀ ਸੰਵਿਧਾਨ ’ਤੇ ਹਮਲੇ ਦਾ ‘ਸਭ ਤੋਂ ਵੱਡਾ ਤੇ ਕਾਲਾ ਅਧਿਆਏ’: ਮੁਰਮੂ

07:15 AM Jun 28, 2024 IST
ਐਮਰਜੈਂਸੀ ਸੰਵਿਧਾਨ ’ਤੇ ਹਮਲੇ ਦਾ ‘ਸਭ ਤੋਂ ਵੱਡਾ ਤੇ ਕਾਲਾ ਅਧਿਆਏ’  ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦੇ ਹੋਏ। ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਦਿਖਾਈ ਦੇ ਰਹੇ ਹਨ। -ਫੋਟੋ:ਪੀਟੀਆਈ
Advertisement

ਨਵੀਂ ਦਿੱਲੀ, 27 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਮਰਜੈਂਸੀ ਨੂੰ ਸੰਵਿਧਾਨ ’ਤੇ ‘ਸਿੱਧੇ ਹਮਲੇ ਦਾ ਸਭ ਤੋਂ ਵੱਡਾ ਤੇ ਸਿਆਹ ਅਧਿਆਏ’ ਦੱਸਿਆ ਹੈ। ਉਨ੍ਹਾਂ ਸੰਵਿਧਾਨ ਵਿੱਚ ਸਰਕਾਰ ਦੇ ਅਟੁੱਟ ਵਿਸ਼ਵਾਸ ਅਤੇ ਇਸ ਨੂੰ ‘ਜਨਤਕ ਸੋਝੀ’ ਦਾ ਹਿੱਸਾ ਬਣਾਉਣ ਦੀਆਂ ਕੋਸ਼ਿਸ਼ਾਂ ’ਤੇ ਜ਼ੋਰ ਦਿੱਤਾ। ਦੂਜੇ ਪਾਸੇ ਵਿਰੋਧੀ ਧਿਰਾਂ ਨੂੰ ਰਾਸ਼ਟਰਪਤੀ ਦੇ ਭਾਸ਼ਨ ਨੂੰ ‘ਸਰਕਾਰ ਵੱਲੋਂ ਦਿੱਤੀ ਪਟਕਥਾ’ ਦੱਸ ਕੇ ਖਾਰਜ ਕਰ ਦਿੱਤਾ। ਵਿਰੋਧੀ ਪਾਰਟੀਆਂ ਨੇ 1975 ਦੀ ਐਮਰਜੈਂਸੀ ਦੇ ਜ਼ਿਕਰ ਲਈ ਵੀ ਸਰਕਾਰ ਨੂੰ ਭੰਡਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣਾ ਤੀਜਾ ਕਾਰਜਕਾਲ ਸ਼ੁਰੂ ਕਰਨ ਮਗਰੋਂ ਸੰਸਦ (ਲੋਕ ਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ) ਨੂੰ ਆਪਣੇ ਪਲੇਠੇ ਸੰਬੋਧਨ ਵਿਚ ਰਾਸ਼ਟਰਪਤੀ ਮੁਰਮੂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੋਕਾਂ ਵੱਲੋਂ ਆਪਣੀ ਸਰਕਾਰ ਦੀਆਂ ਨੀਤੀਆਂ ’ਤੇ ਲਾਈ ਮੋਹਰ ਦੱਸਿਆ। ਆਪਣੇ ਸੰਬੋਧਨ ਵਿਚ ਵਿਰੋਧੀ ਧਿਰ ’ਤੇ ਤਨਜ਼ ਕਸਦਿਆਂ ਮੁਰਮੂ ਨੇ ਕਿਹਾ ਕਿ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਬਾਰੇ ਸ਼ੰਕੇ ਖੜ੍ਹੇ ਕਰਕੇ ਚੋਣ ਅਮਲ ਵਿਚ ਲੋਕਾਂ ਦੇ ਵਿਸ਼ਵਾਸ ਨੂੰ ਸੱਟ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾ ਕਿਹਾ ਕਿ ਇਹ ਉਸ ਟਾਹਣੀ ਜਾਣ ਦਰਮਿਆਨ ਮੁਰਮੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਲਈ ਸਜ਼ਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ‘‘ਮੇਰੀ ਸਰਕਾਰ ਪ੍ਰੀਖਿਆ ਨਾਲ ਸਬੰਧਤ ਸੰਸਥਾਵਾਂ ਵਿਚ ਪ੍ਰਮੁੱਖ ਸੁਧਾਰਾਂ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਇਸ ਅਮਲ ਲਈ ਮੁਕੰਮਲ ਪਾਰਦਰਸ਼ਤਾ ਤੇ ਜਾਂਚ ਲੋੜੀਂਦੀ ਹੈ।’’
50 ਮਿੰਟਾਂ ਦੇ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਸਰਕਾਰ ਵੱਲੋਂ ਵੱਖ ਵੱਖ ਸੈਕਟਰਾਂ (ਅਰਥਚਾਰਾ, ਰੱਖਿਆ ਤੇ ਖੇਤੀ) ਵਿਚ ਸਮਾਜ ਦੇ ਵੱਖ ਵੱਖ ਵਰਗਾਂ ਦੀ ਮਜ਼ਬੂਤੀ ਲਈ ਕੀਤੇ ਉਪਰਾਲਿਆਂ ’ਤੇ ਰੌਸ਼ਨੀ ਪਾਈ ਤੇ ਤੀਜੇ ਕਾਰਜਕਾਲ ਵਿਚ ਸਰਕਾਰ ਦੀਆਂ ਤਰਜੀਹਾਂ ਬਾਰੇ ਦੱਸਿਆ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿਚ ਪੇਪਰ ਲੀਕ ਤੇ ਉੱਤਰ ਪੂਰਬ ਖਿੱਤੇ ਨਾਲ ਜੁੜੇ ਮਸਲਿਆਂ ਦਾ ਹਵਾਲਾ ਦਿੱਤਾ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਕਰਕੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ।
ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਭਾਜਪਾ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਜਿਵੇਂ ਬੁਲੇਟ ਟਰੇਨਾਂ ਤੇ ਸੀਨੀਅਰ ਸਿਟੀਜ਼ਨਜ਼ ਲਈ ਸਿਹਤ ਬੀਮੇ ਨੂੰ ਵੀ ਛੋਹਿਆ। ਭਾਸ਼ਣ ਵਿਚ ਇਕਸਾਰ ਸਿਵਲ ਕੋਡ (ਯੂਸੀਸੀ) ਤੇ ਇਕ ਰਾਸ਼ਟਰ ਇਕ ਚੋਣ ਜਿਹੇ ਵਾਅਦਿਆਂ ਦਾ ਕਿਤੇ ਕੋਈ ਜ਼ਿਕਰ ਨਹੀਂ ਸੀ। ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ ਸਰਕਾਰ ਵੱਲੋਂ ਪ੍ਰਵਾਨਿਤ ਦਸਤਾਵੇਜ਼ ਹੁੰਦਾ ਹੈ, ਜੋ ਸਰਕਾਰ ਦੇ ਏਜੰਡੇ ਨੂੰ ਦਰਸਾਉਂਦਾ ਹੈ।
ਮੁਰਮੂ ਨੇ ਕਿਹਾ, ‘‘ਮੇਰੀ ਸਰਕਾਰ ਭਾਰਤ ਦੇ ਸੰਵਿਧਾਨ ਨੂੰ ਮਹਿਜ਼ ਸ਼ਾਸਨ ਕਰਨ ਦਾ ਜ਼ਰੀਆ ਨਹੀਂ ਮੰਨਦੀ; ਇਸ ਦੀ ਥਾਂ ਅਸੀਂ ਆਪਣੇ ਸੰਵਿਧਾਨ ਨੂੰ ‘ਜਨਤਕ ਸੋਝੀ’ ਦਾ ਹਿੱਸਾ ਬਣਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।’’ ਭਾਰਤ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਾਂ ਨੇ ਲਗਾਤਾਰ ਤੀਜੀ ਵਾਰ ਸਪਸ਼ਟ ਬਹੁਮਤ ਨਾਲ ਸਥਿਰ ਸਰਕਾਰ ਚੁਣੀ ਹੈ। ਉਨ੍ਹਾਂ ਕਿਹਾ ਕਿ ਇਹ ਛੇ ਦਹਾਕਿਆਂ ਬਾਅਦ ਸੰਭਵ ਹੋਇਆ ਹੈ। ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਸਿਰਫ਼ ਮੇਰੀ ਸਰਕਾਰ ਹੀ ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੀ ਹੈ। ਇਹ ਫ਼ਤਵਾ ਹੈ ਤਾਂ ਕਿ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਦਾ ਕੰਮ ਬੇਰੋਕ ਜਾਰੀ ਰਹੇ।’’ ਰਾਸ਼ਟਰਪਤੀ ਮੁਰਮੂ ਨੇ ਵਿਰੋਧੀ ਧਿਰ, ਜੋ ਪਿਛਲੀਆਂ ਦੋ ਲੋਕ ਸਭਾਵਾਂ ਦੇ ਮੁਕਾਬਲੇ ਗਿਣਤੀ ਪੱਖੋਂ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ, ਨੂੰ ਸਿਹਤਮੰਦ ਵਿਚਾਰ ਚਰਚਾ ਦਾ ਪ੍ਰਤੱਖ ਸੁਨੇਹਾ ਦਿੰਦੇ ਹੋਏ ਕਿਹਾ ਕਿ (ਸਰਕਾਰ ਦੀਆਂ) ਨੀਤੀਆਂ ਦਾ ਵਿਰੋਧ ਕਰਨਾ ਤੇ ਸੰਸਦੀ ਕੰਮਕਾਜ ਵਿਚ ਅੜਿੱਕਾ ਦੋ ਵੱਖੋ ਵੱਖਰੀਆਂ ਚੀਜ਼ਾਂ ਹਨ। ਲੋਕ ਸਭਾ ਚੋਣਾਂ ਸਫਲ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਵਧਾਈ ਦਿੰਦਿਆਂ ਮੁਰਮੂ ਨੇ ਭਾਰਤ ਦੀ ਜਮਹੂਰੀਅਤ ਤੇ ਚੋਣ ਅਮਲ ਦੀ ਭਰੋਸੇਯੋਗਤਾ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਖਿਲਾਫ਼ ਖ਼ਬਰਦਾਰ ਕੀਤਾ। ਉਨ੍ਹਾਂ ਕਿਹਾ, ‘‘ਈਵੀਐੱਮਜ਼ ਨੇ ਪਿਛਲੇ ਕੁਝ ਦਹਾਕਿਆਂ ਵਿਚ ਸੁਪਰੀਮ ਕੋਰਟ ਤੋਂ ਲੈ ਕੇ ਲੋਕਾਂ ਦੀ ਅਦਾਲਤ ਤੱਕ ਹਰ ਅਜ਼ਮਾਇਸ਼ ਪਾਸ ਕੀਤੀ ਹੈ।’’ ਮੁਰਮੂ ਨੇ ਕਿਹਾ ਕਿ ਅਗਾਮੀ ਬਜਟ, ਜੋ ਜੁਲਾਈ ਦੇ ਆਖਰੀ ਹਫ਼ਤੇ ਪੇਸ਼ ਕੀਤੇ ਜਾਣ ਦੀ ਉਮੀਦ ਹੈ, ਸਰਕਾਰ ਦੀਆਂ ਦੂਰਗਾਮੀ ਨੀਤੀਆਂ ਤੇ ਭਵਿੱਖੀ ਦ੍ਰਿਸ਼ਟੀਕੋਣ ਦਾ ਪ੍ਰਭਾਵਸ਼ਾਲੀ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਕਈ ਪ੍ਰਮੁੱਖ ਆਰਥਿਕ ਤੇ ਸਮਾਜਿਕ ਫੈਸਲਿਆਂ ਦੇ ਨਾਲ ਇਤਿਹਾਸਕ ਪੇਸ਼ਕਦਮੀ ਵੀ ਨਜ਼ਰ ਆਏਗੀ। ਰਾਸ਼ਟਰਪਤੀ ਨੇ ਕਿਹਾ ਕਿ ਵਿਰੋਧੀ ਮਾਨਸਿਕਤਾ ਅਤੇ ਤੰਗ ਖ਼ੁਦਗਰਜ਼ੀ ਨੇ ਜਮਹੂਰੀਅਤ ਦੇ ਬੁਨਿਆਦੀ ਆਸੇ ਨੂੰ ਕਮਜ਼ੋਰ ਅਤੇ ਸੰਸਦੀ ਪ੍ਰਬੰਧ ਤੇ ਦੇਸ਼ ਦੀ ਵਿਕਾਸ ਯਾਤਰਾ ਨੂੰ ਅਸਰਅੰਦਾਜ਼ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਅਸਥਿਰ ਸਰਕਾਰਾਂ ਦੇ ਸਮਿਆਂ ਦੌਰਾਨ ਕਈ ਸਰਕਾਰਾਂ ਚਾਹੁੰਦੇ ਹੋਏ ਵੀ ਨਾ ਤਾਂ ਸੁਧਾਰ ਲਿਆ ਸਕੀਆਂ ਤੇ ਨਾ ਕੋਈ ਅਹਿਮ ਫੈਸਲੇ ਲੈ ਸਕੀਆਂ, ਪਰ ਲੋਕਾਂ ਨੇ 2014 ਵਿਚ ਫੈਸਲਾਕੁਨ ਫ਼ਤਵੇ ਨਾਲ ਹਾਲਾਤ ਬਦਲ ਦਿੱਤੇ।
ਉਧਰ ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਮੁਰਮੂ ਦਾ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਵਿਆਪਕ ਸੀ, ਜਿਸ ਵਿਚ ਤਰੱਕੀ ਤੇ ਸੁਸ਼ਾਸਨ ਦਾ ਖ਼ਾਕਾ ਪੇਸ਼ ਕੀਤਾ ਗਿਆ। -ਪੀਟੀਆਈ

Advertisement

ਅਨੁਰਾਗ ਠਾਕੁਰ ਧੰਨਵਾਦ ਮਤੇ ’ਤੇ ਬਹਿਸ ਦੀ ਕਰਨਗੇ ਸ਼ੁਰੂਆਤ

ਨਵੀਂ ਦਿੱਲੀ: ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਉਤੇ ਬਹਿਸ ਦੀ ਸ਼ੁਰੂਆਤ ਕਰ ਸਕਦੇ ਹਨ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਜੁਲਾਈ ਨੂੰ ਬਹਿਸ ਦਾ ਜਵਾਬ ਦਿੱਤੇ ਜਾਣ ਦੀ ਉਮੀਦ ਹੈ। ਉਧਰ ਰਾਜ ਸਭਾ ਵਿਚ ਮਤੇ ਉੱਤੇ ਬਹਿਸ ਦੀ ਸ਼ੁਰੂਆਤ ਭਾਜਪਾ ਦੇ ਸੁਧਾਂਸ਼ੂ ਤ੍ਰਿਵੇਦੀ ਕਰਨਗੇ ਤੇ ਪ੍ਰਧਾਨ ਮੰਤਰੀ ਮੋਦੀ 3 ਜੁਲਾਈ ਨੂੰ ਸਦਨ ਵਿਚ ਬਹਿਸ ਨੂੰ ਸਮੇਟਣਗੇ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਨੂੰ ਲੈ ਕੇ ਹੋਣ ਵਾਲੀ ਬਹਿਸ ਵਿਚ ਦਖਲ ਦੇ ਸਕਦੇ ਹਨ। ਉਧਰ ਵਿਰੋਧੀ ਧਿਰ ਦੇ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ ਨੂੰ ਲੈ ਕੇ ਪੇਸ਼ ਧੰਨਵਾਦ ਮਤੇ ਵਿਚ ਸੋਧਾਂ ਲਈ ਨੋਟਿਸ ਦੇ ਸਕਦੇ ਹਨ। ਸੰਸਦੀ ਇਜਲਾਸ 3 ਜੁਲਾਈ ਨੂੰ ਖ਼ਤਮ ਹੋਣਾ ਹੈ।

ਐਮਰਜੈਂਸੀ ਦੇ ਹਵਾਲੇ ਵਾਲਾ ਮਤਾ ਟਾਲਿਆ ਜਾ ਸਕਦਾ ਸੀ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਐਮਰਜੈਂਸੀ ਦੇ ਹਵਾਲੇ ਨਾਲ ਲਿਆਂਦੇ ਮਤੇ ’ਤੇ ਨਾਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਵਾਲਿਆਂ ਪਿਛਲਾ ਮੰਤਵ ‘ਸਪਸ਼ਟ ਰੂਪ ਵਿਚ ਸਿਆਸੀ’ ਸੀ ਤੇ ਇਸ ਨੂੰ ਟਾਲਿਆ ਜਾ ਸਕਦਾ ਸੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਇਹ ਸ਼ਿਸ਼ਟਾਚਾਰ ਵਜੋਂ ਕੀਤੀ ਮੁਲਾਕਾਤ ਸੀ। ਉਨ੍ਹਾਂ ਕਿਹਾ, ‘‘ਇਹ ਸ਼ਿਸ਼ਟਾਚਾਰ ਵਜੋਂ ਕੀਤੀ ਮੁਲਾਕਾਤ ਸੀ। ਸਪੀਕਰ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਆਗੂ ਐਲਾਨਿਆ ਜਿਸ ਮਗਰੋਂ ਗਾਂਧੀ ਇੰਡੀਆ ਗੱਠਜੋੜ ਦੇ ਹੋਰਨਾਂ ਭਾਈਵਾਲ ਆਗੂਆਂ ਨੂੰ ਨਾਲ ਲੈ ਕੇ ਸਪੀਕਰ ਨੂੰ ਮਿਲੇ ਸਨ।’’ ਉਧਰ ਵੇਣੂਗੋਪਾਲ ਨੇ ਵੀ ਵੱਖਰੇ ਤੌਰ ’ਤੇ ਬਿਰਲਾ ਨੂੰ ਪੱਤਰ ਲਿਖ ਕੇ ਸਦਨ ਵਿਚ ਐਮਰਜੈਂਸੀ ਬਾਰੇ ਮਤਾ ਲਿਆਉਣ ’ਤੇ ਨਾਖੁਸ਼ੀ ਜਤਾਈ ਹੈ। -ਪੀਟੀਆਈ

ਸੰਸਦ ਵਿਚ ਅੱਜ ‘ਨੀਟ’ ਅਤੇ ਹੋਰ ਮੁੱਦੇ ਰੱਖੇਗੀ ਵਿਰੋਧੀ ਧਿਰ

ਨਵੀਂ ਦਿੱਲੀ, 27 ਜੂਨ
ਇੰਡੀਆ ਗੱਠਜੋੜ ਦੇ ਆਗੂਆਂ ਨੇ ਭਲਕੇ ਸੰਸਦ ਦੇ ਦੋਵਾਂ ਸਦਨਾਂ ਵਿਚ ‘ਨੀਟ’ ਪ੍ਰੀਖਿਆ, ਪੇਪਰ ਲੀਕ, ਕੇਂਦਰੀ ਏਜੰਸੀਆਂ ਦੀ ਦੁਰਵਰਤੋਂ, ਮਹਿੰਗਾਈ ਸਣੇ ਹੋਰ ਮੁੱਦੇ ਰੱਖਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਸਬੰਧਤ ਪਾਰਟੀਆਂ ਦੇ ਮੈਂਬਰ ਭਲਕੇ ਇਸ ਸਬੰਧ ਵਿਚ ਨੋਟਿਸ ਦੇਣਗੇ। ਇਹ ਫੈਸਲਾ ਅੱਜ ਇਥੇ ਦੋਵਾਂ ਸਦਨਾਂ ਵਿਚ ਇੰਡੀਆ ਗੱਠਜੋੜ ਦੇ ਸਦਨਾਂ ਵਿਚਲੇ ਆਗੂਆਂ ਦੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਲਿਆ ਗਿਆ। ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਮੈਂਬਰ ਲੋਕ ਸਭਾ ਵਿਚ ਸਦਨ ਦੀ ਕਾਰਵਾਈ ਮੁਲਤਵੀ ਕਰਨ ਸਬੰਧੀ ਨੋਟਿਸ ਦੇਣਗੇ ਤੇ ਰਾਜ ਸਭਾ ਵਿਚ ਧਾਰਾ 267 ਤਹਿਤ ਨੋਟਿਸ ਦਿੱਤਾ ਜਾਵੇਗਾ।
ਸੂਤਰਾਂ ਨੇ ਕਿਹਾ ਕਿ ਕਈ ਪਾਰਟੀਆਂ ਨੇ ਸੋਮਵਾਰ ਸਵੇਰੇ ਸੰਸਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਦਾ ਫੈਸਲਾ ਕੀਤਾ ਹੈ ਤੇ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਪੱਛਮੀ ਬੰਗਾਲ ਦੇ ਤਿੰਨ ਮੰਤਰੀਆਂ ਸਣੇ ਵਿਰੋਧੀ ਧਿਰਾਂ ਦੇ ਆਗੂਆਂ ਖਿਲਾਫ਼ ‘ਸਿਆਸੀ ਬਦਲਾਖੋਰੀ’ ਤਹਿਤ ਸੀਬੀਆਈ, ਈਡੀ ਤੇ ਆਮਦਨ ਕਰ ਵਿਭਾਗ ਜਿਹੀਆਂ ਏਜੰਸੀਆਂ ਦੀ ਦੁਰਵਰਤੋਂ ਦਾ ਮੁੱਦਾ ਉਭਾਰਿਆ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਈ ਬੈਠਕ ਵਿਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ, ਸ਼ਰਦ ਪਵਾਰ, ਸੁਪ੍ਰਿਆ ਸੂਲੇ (ਦੋਵੇਂ ਐੱਨਸੀਪੀ-ਐੱਸਪੀ), ਡੈਰੇਕ ਓਬ੍ਰਾਇਨ (ਟੀਐੱਮਸੀ), ਸੰਜੈ ਰਾਊਤ, ਪ੍ਰਿਯੰਕਾ ਚਤੁਰਵੇਦੀ (ਸ਼ਿਵ ਸੈਨਾ-ਯੂਬੀਟੀ), ਸੰਜੇ ਸਿੰਘ, ਸੰਦੀਪ ਪਾਠਕ (ਦੋਵੇਂ ‘ਆਪ’), ਐੱਨਕੇ ਪ੍ਰੇਮਚੰਦਰਨ (ਆਰਐੱਸਪੀ) ਤੇ ਮਹੂਆ ਮਾਝੀ (ਜੇਐੱਮਐੱਮ) ਮੌਜੂਦ ਸਨ। ਗਾਂਧੀ ਨੇ ਮਗਰੋਂ ਫੇਸਬੁੱਕ ’ਤੇ ਇਕ ਪੋਸਟ ਵਿਚ ਕਿਹਾ ਕਿ ਉਹ ਫਲੋਰ (ਸਦਨਾਂ ਵਿਚਲੇ) ਆਗੂਆਂ ਦੀ ਬੈਠਕ ਵਿਚ ਸ਼ਾਮਲ ਹੋਏ ਸਨ। ਕਾਂਗਰਸ ਆਗੂ ਨੇ ਹਿੰਦੀ ਵਿਚ ਲਿਖੀ ਇਕ ਪੋਸਟ ’ਚ ਕਿਹਾ, ‘‘ਅਸੀਂ ਸਾਰੇ ਮਿਲ ਕੇ ਲੋਕਾਂ ਨਾਲ ਸਬੰਧਤ ਮੁੱਦਿਆਂ ਨੂੰ ਚੁੱਕਣ ਤੇ ਉਨ੍ਹਾਂ ਦੇ ਹੱਕਾਂ ਦੀ ਲੜਾਈ ਲੜਨ ਲਈ ਵਚਨਬੱਧ ਹਾਂ।’’ ਵਿਰੋਧੀ ਧਿਰਾਂ ਦੇ ਆਗੂਆਂ ਨੇ ਬੇਰੁਜ਼ਗਾਰੀ, ਮਹਿੰਗਾਈ, ਕੇਂਦਰੀ ਏਜੰਸੀਆਂ ਦੀ ਦੁਰਵਰਤੋਂ, ਸੰਸਥਾਵਾਂ ਨੂੰ ਕਮਜ਼ੋਰ ਕਰਨ, ਨੀਟ ਪ੍ਰੀਖਿਆ ਤੇ ਪੇਪਰ ਲੀਕ ਸਣੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ। ਸੂਤਰਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਆਗੂ ਡਿਪਟੀ ਸਪੀਕਰ ਦੀ ਨਿਯੁਕਤੀ ਦੀ ਆਪਣੀ ਮੰਗ ਲਈ ਵੀ ਜ਼ੋਰ ਪਾਉਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਕਾਂਗਰਸ, ਸਮਾਜਵਾਦੀ ਪਾਰਟੀ, ਟੀਐੱਸਮੀ ਜਾਂ ਡੀਐੱਮਕੇ ਜਿਹੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਨੂੰ ਮਿਲਣਾ ਚਾਹੀਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×