ਮੋਦੀ ਨੇ ਟੀ20 ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਕ੍ਰਿਕਟ ਟੀਮ ਨਾਲ ਗੱਲਬਾਤ ਕੀਤੀ
ਨਵੀਂ ਦਿੱਲੀ/ਲਖਨਊ, 30 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਟੀ20 ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਕਪਤਾਨੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਟੀ20 ਕਰੀਅਰ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਫਾਈਨਲ ਮੁਕਾਬਲੇ ਵਿੱਚ ਵਿਰਾਟ ਕੋਹਲੀ ਦੀ ਪਾਰੀ ਲਈ ਉਸ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਭਾਰਤੀ ਕ੍ਰਿਕਟ ਵਿੱਚ ਉਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਫਾਈਨਲ ਮੁਕਾਬਲੇ ਦੇ ਆਖਰੀ ਓਵਰ ਲਈ ਹਾਰਦਿਕ ਪਾਂਡਿਆ ਤੇ ਬਾਊਂਡਰੀ ’ਤੇ ਡੇਵਿਡ ਮਿਲਰ ਦਾ ਕੈਚ ਫੜਨ ਲਈ ਸੂਰਿਆਕੁਮਾਰ ਯਾਦਵ ਦੀ ਤਾਰੀਫ ਕੀਤੀ। ਉਨ੍ਹਾਂ ਜਸਪ੍ਰੀਤ ਬੁਮਰਾਹ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕੋਚ ਰਾਹੁਲ ਦ੍ਰਾਵਿੜ ਦਾ ਭਾਰਤੀ ਕ੍ਰਿਕਟ ਵਿੱਚ ਯੋਗਦਾਨ ਵਾਸਤੇ ਧੰਨਵਾਦ ਕੀਤਾ।
ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਸੂਬੇ ਵਿੱਚ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਣੇ ਸੂਬੇ ਦੇ ਕਈ ਆਗੂਆਂ ਨੇ ਟੀ20 ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਕ੍ਰਿਕਟ ਟੀਮ ਅਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। -ਪੀਟੀਆਈ