ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੱਡਾ ਨਾਢੂ ਖਾਂ

01:35 PM May 27, 2023 IST

ਗੁਰਦਿਆਲ ਦਲਾਲ

Advertisement

ਸ ਦਿਨ ਮੇਰੀ ਪਤਨੀ ਇਕਬਾਲ ਦਾ ਜਨਮ ਦਿਨ ਸੀ। ਤੜਕੇ ਡੇਢ ਕੁ ਵਜੇ ਜਾਗ ਖੁੱਲ੍ਹੀ ਤਾਂ ਉਸ ਨੂੰ ਜਨਮ ਦਿਨ ਦੀ ਮੁਬਾਰਕ ਕਹੀ। ਦੋ ਵਜੇ ਮੇਰੇ ਖੱਬੇ ਮੋਢੇ ਉੱਤੇ ਕਿਸੇ ਨੇ ਮਣਾਂ-ਮੂੰਹੀਂ ਭਾਰ ਲੱਦ ਦਿੱਤਾ। ਕੀੜੀਆਂ ਦੇ ਵਹਿਣ ਵਰਗਾ ਦਰਦ ਗਰਦਨ ਅਤੇ ਛਾਤੀ ਵਿਚਾਲੇ ਅੱਗੇ ਵਧਣ ਲੱਗ ਪਿਆ। ਨਾ ਖੱਬੇ ਤੇ ਨਾ ਸੱਜੇ ਪਾਸਾ ਹੀ ਨਾ ਪਰਤਿਆ ਜਾਵੇ। ਬੋਲ ਵੀ ਮਸਾਂ ਨਿੱਕਲਿਆ। ਘਬਰਾਈ ਇਕਬਾਲ ਨੇ ਪੁੱਤਰ ਕਰਨਵਿੰਦਰ ਨੂੰ ਬੁਲਾ ਲਿਆ। ਉਨ੍ਹਾਂ ਤੁਰੰਤ ਮੈਨੂੰ ਚੁੱਕਿਆ ਤੇ ਹਸਪਤਾਲ ਲੈ ਗਏ। ਪੰਜਾਹ ਸਾਲਾਂ ਤੋਂ ਸਾਡੇ ਫੈਮਿਲੀ ਡਾਕਟਰ ਸੁਰਿੰਦਰ ਸਿੰਘ ਭੰਗੂ ਦੇ ਹਸਪਤਾਲ ਵਿਚ ਮੌਜੂਦ ਡਾਕਟਰ ਦੇ ਟੀਕੇ ਨੇ ਕੁਝ ਰਾਹਤ ਦਿੱਤੀ । ਕੁਝ ਚਿਰ ਮਗਰੋਂ ਈਸੀਜੀ ਦੀ ਰਿਪੋਰਟ ਦੇਖ ਕੇ ਭੰਗੂ ਸਾਹਬ ਨੇ ਮੈਨੂੰ ਲੁਧਿਆਣੇ ਲਈ ਰੈਫਰ ਕਰ ਦਿੱਤਾ। ਮੈਂ ‘ਠੀਕ ਹਾਂ ਠੀਕ ਹਾਂ’ ਹੀ ਬੋਲਦਾ ਰਹਿ ਗਿਆ ਪਰ ਇਕਬਾਲ ਅਤੇ ਪੁੱਤਰ ਮੈਨੂੰ ਗੱਡੀ ‘ਚ ਬਹਾ ਕੇ ਲੁਧਿਆਣੇ ਲੈ ਗਏ ਤੇ ਦਾਖਲ ਕਰਵਾ ਦਿੱਤਾ।

ਟੈਸਟ ਸ਼ੁਰੂ ਹੋ ਗਏ। ਈਸੀਜੀ ਮਗਰੋਂ ਐਂਜਿਓਗਰਾਫੀ ਤੇ ਹੋਰ…। ਐਮਰਜੈਂਸੀ ਵਾਰਡ ਮਗਰੋਂ ਪ੍ਰਾਈਵੇਟ ਰੂਮ ਵਿਚ ਭੇਜ ਦਿੱਤਾ। ਸਾਰਾ ਦਿਨ ਤੇ ਅਗਲੀ ਸਾਰੀ ਰਾਤ ਟੀਕੇ ਅਤੇ ਗੋਲੀਆਂ ਦੀਆਂ ਬੁੱਕਾਂ ਦੇ ਫੱਕਿਆਂ ਨੇ ਮੈਨੂੰ ਅਸਲ ਨਰਕ ਦੇ ਦਰਸ਼ਨ ਕਰਵਾ ਦਿੱਤੇ। ਜਮਦੂਤ ਦਿਸਣ ਲਾ ਦਿੱਤੇ। ਅਠਤਾਲੀ ਘੰਟੇ ਮੈਂ ਮੋਬਾਈਲ ਫੋਨ ਤੋਂ ਬਿਨਾ ਇਕੱਲਾ ਪਿਆ ਰਿਹਾ। ਪੁੱਤਰ ਅਤੇ ਪਤਨੀ ਹਸਪਤਾਲ ਦੇ ਬਾਹਰ ਡੇਰਾ ਲਾਈ ਬੈਠੇ ਰਹੇ। ਅਚਾਨਕ ਮੇਰੇ ਸਿਰ ਵਿਚ ਇੰਝ ਪੀੜ ਹੋਣ ਲੱਗੀ ਜਿਵੇਂ ਆਰੇ ਨਾਲ ਮੇਰਾ ਸਿਰ ਚੀਰਿਆ ਜਾ ਰਿਹਾ ਹੋਵੇ। ਮੈਂ ਬਹੁਤ ਵਾਰੀ ਚੀਕਾਂ ਮਾਰ ਮਾਰ ਨਰਸਾਂ ਅਤੇ ਡਾਕਟਰਾਂ ਨੂੰ ਆਪਣੀ ਹਾਲਤ ਦੱਸੀ ਪਰ ਉਹ ਮੇਰਾ ਮਜ਼ਾਕ ਉਡਾਉਂਦੇ ਰਹੇ, “ਬਾਬਾ ਜੀ ਦਿਲ ਨੂੰ ਸੰਭਾਲ਼ ਕੇ ਰੱਖਿਆ ਹੁੰਦਾ ਤਾਂ ਆਹ ਸਮਾਂ ਕਿਉਂ ਦੇਖਣਾ ਪੈਂਦਾ?” ਮੈਂ ਬਹੁਤ ਵਾਰੀ ਅਨਾਊਂਸਮੈਂਟ ਸੁਣੀ ਕਿ ਕਰੋਨਾ ਦੇ ਨਵੇਂ ਮਰੀਜ਼ ਆਏ ਹਨ। ਸਾਰੇ ਲੋਕ ਚੌਕਸ ਰਹਿਣ। ਫਿਰ ਮੇਰੇ ਸਾਰੇ ਵੱਡੇ ਟੈਸਟ ਨੈਗੇਟਿਵ ਆ ਗਏ, ਕਰੋਨਾ ਰਿਪੋਰਟ ਵੀ ਨੈਗੇਟਿਵ ਆ ਗਈ। ਮੈਨੂੰ ਆਪਣੇ ਖੁਦਗਰਜ਼ ਹੋਣ ਦਾ ਅਹਿਸਾਸ ਹੋਇਆ। ਪਲ ਦੀ ਪਲ ਜਿਵੇਂ ਰੋਜ਼ ਤਿੰਨ ਦੀ ਔਸਤ ਨਾਲ ਕਰੋਨਾ ਦੇ ਸਿ਼ਕਾਰ ਹੋਏ ਮੇਰੇ ਪਿਆਰੇ ਮਿੱਤਰ ਤੇ ਰਿਸ਼ਤੇਦਾਰ ਮੈਨੂੰ ਸਭ ਵਿਸਰ ਗਏ। ਬੱਸ ਮੈਂ ਮੈਂ ਤੋਂ ਬਿਨਾ ਸਭ ਅੱਖਾਂ ਤੋਂ ਓਝਲ ਹੋ ਗਿਆ। ਮੇਰੇ ਵੱਡੇ ਸਾਢੂ ਦੀ ਭੈਣ ਅਤੇ ਮੇਰੇ ਭਰਾ ਦੀ ਸਾਲ਼ੀ ਹਰਵਿੰਦਰ ਜੋ ਆਪਣਾ ਵੱਡਾ ਪੁੱਤਰ ਸੋਨੂੰ ਪਹਿਲਾਂ ਹੀ ਖੋ ਚੁਕੀ ਸੀ ਤੇ ਹੁਣ ਦਿਆਨੰਦ ਹਸਪਤਾਲ ਵਿਚ ਦਾਖਲ ਆਪਣੇ ਛੋਟੇ ਪੁੱਤਰ ਹੈਪੀ ਦੀ ਖ਼ਬਰਸਾਰ ਲੈਂਦੀ ਆਪ ਹੀ ਕਰੋਨਾ ਦੀ ਸਿ਼ਕਾਰ ਹੋ ਕੇ ਮਰ ਗਈ ਸੀ। ਆਪਣੇ ਬਚਣ ਦੀ ਖੁਸ਼ੀ ਵਿਚ ਮੈਨੂੰ ਉਸ ਦਾ ਨਾਂ ਹੀ ਚੇਤੇ ਨਾ ਆਵੇ।

Advertisement

ਮੇਰੀ ਰਿਪੋਰਟ ਵਿਚ ਕੁਝ ਛੋਟੇ ਨੁਕਸ, ਅਖੇ ਜੀ ਕੈਲਸਟ੍ਰੋਲ ਵਧੇ ਹਨ, ਖੂਨ ਗਾੜ੍ਹਾ ਹੈ, ਉਨ੍ਹਾਂ ਤੋਂ ਛੁਟਕਾਰੇ ਲਈ ਮੈਨੂੰ ਲੰਮੇ ਸਮੇਂ ਤੱਕ ਨਿਰਭਰ ਰਹਿਣਾ ਪੈਣਾ ਸੀ। ਹਸਪਤਾਲੋਂ ਛੁੱਟੀ ਤਾਂ ਮਿਲ ਗਈ ਪਰ ਅੱਗ ਵਰਗੀਆਂ ਗੋਲੀਆਂ ਨੇ ਮੇਰਾ ਸਿਰ ਫਿਰ ਕਿਸੇ ਸਿ਼ਕੰਜੇ ਵਾਂਗ ਜਕੜ ਲਿਆ। ਦੋ ਦਿਨ ਦੋ ਰਾਤਾਂ ਸਿਰ ਵਿਚ ਟਸ ਟਸ ਹੁੰਦੀ ਰਹੀ। ਲਗਾਤਾਰ ਦਰਦ ਅਤੇ ਖਿੱਚੀਆਂ ਪਈਆਂ ਨਾੜਾਂ ਨੇ ਸਿਰ ਵਿਚ ਖੌਰੂ ਪਾ ਦਿੱਤਾ। ਫਿਰ ਖਬਰ ਆ ਗਈ, ਪਿਆਰੇ ਮਿੱਤਰ ਦਰਸ਼ਨ ਗਿੱਲ ਦੇ ਕਰੋਨਾ ਨਾਲ ਵਿਛੋੜੇ ਦੀ। ਬਹੁਤ ਹੀ ਨੇੜੇ ਦਾ ਦੋਸਤ ਤੇ ਬੜਾ ਨਿੱਘਾ ਇਨਸਾਨ… ਲੱਗਣ ਲੱਗਾ ਜਿਵੇਂ ਹੁਣ ਫਿਰ ਕੁਝ ਹੋਊ ਮੈਨੂੰ! ਪਤਨੀ ਨੂੰ ਦੱਸਦਿਆਂ ਮੇਰੇ ਹੰਝੂ ਨਿਕਲ ਆਏ ਤਾਂ ਉਸ ਨੇ ਮੈਥੋਂ ਫੋਨ ਹੀ ਝਪਟ ਲਿਆ ਤੇ ਬੋਲੀ, “ਉੱਠੋ, ਭੁੱਲ ਜਾਓ ਸਭ ਕੁਝ। ਉੱਪਰਲੀ ਮੰਜਿ਼ਲ ‘ਤੇ ਜਾਓ। ਜੇ ਜਿ਼ੰਦਗੀ ਚਾਹੁੰਦੇ ਹੋ, ਭੁੱਲ ਜਾਓ ਸਭ ਕੁਝ। ਛੱਡੋ ਫੋਨ ਦਾ ਖਹਿੜਾ।”

ਮੈਂ ਸਾਊ ਪਤੀ ਵਾਂਗ ਕਹਿਣਾ ਮੰਨ ਕੇ ਮਕਾਨ ਦੀ ਸਿਖ਼ਰ ਜਾ ਚੜ੍ਹਿਆ। ਮਈ ਵਿਚ ਵੀ ਠੰਢੀ ਹਵਾ ਚੱਲ ਰਹੀ ਸੀ। ਅਕਾਸ਼ ਵਿਚ ਬੱਦਲ ਛਾਏ ਹੋਏ ਸਨ। ਮੈਂ ਕੋਠੇ ‘ਤੇ ਘੁੰਮਣ ਲੱਗਾ। ਦੇਸੀ ਚਿੜੀਆਂ ਗਾ ਰਹੀਆਂ ਸਨ। ਛੋਟਾ ਬਾਜ ਉਨ੍ਹਾਂ ‘ਚੋਂ ਕਿਸੇ ਨੂੰ ਅਗਵਾਹ ਕਰਨ ਦੀ ਤਾਕ ਵਿਚ ਡਟਿਆ ਬੈਠਾ ਸੀ। ਮੈਂ ਉਸ ਨੂੰ ਰੋੜਾ ਮਾਰ ਕੇ ਉਡਾ ਦਿੱਤਾ ਤੇ ਗਾਉਣ ਲੱਗ ਪਿਆ:

ਚਲੋ ਦਿਲਦਾਰ ਚਲੋ, ਚਾਂਦ ਕੇ ਪਾਰ ਚਲੋ

ਹਮ ਹੈਂ ਤੈਯਾਰ ਚਲੋ

ਆਓ ਖੋ ਜਾਏਂ ਸਿਤਾਰੋਂ ਮੇਂ ਕਹੀਂ

ਛੋੜ ਦੇਂ ਆਜ ਯੇ ਦੁਨੀਆ ਯੇ ਜ਼ਮੀਂ

ਚਲੋ ਦਿਲਦਾਰ ਚਲੋ…

ਹਮ ਨਸ਼ੇ ਮੇਂ ਹੈਂ ਸੰਭਾਲੋ ਹਮੇਂ ਤੁਮ

ਨੀਂਦ ਆਤੀ ਹੈ ਜਗਾ ਲੋ ਹਮੇਂ ਤੁਮ

ਚਲੋ ਦਿਲਦਾਰ ਚਲੋ…

ਜਿ਼ੰਦਗੀ ਖ਼ਤਮ ਭੀ ਹੋ ਜਾਏ ਅਗਰ

ਨਾ ਕਭੀ ਖ਼ਤਮ ਹੋ ਉਲਫ਼ਤ ਕਾ ਸਫ਼ਰ

ਚਲੋ ਦਿਲਦਾਰ ਚਲੋ…

ਕਿੰਨੀ ਦੇਰ ਮੈਂ ਗਾਉਂਦਾ ਰਿਹਾ। ਹੁਣ ਮੇਰਾ ਸਿਰ ਸ਼ਾਂਤ ਸੀ। ਕੱਬੇ ਸੁਭਾਅ ਦਾ ਹੈ ਮੇਰਾ ਇਹ ਸਿਰ ਵੀ। ਜਦੋਂ ਯਾਦ ਆਊ, ਦੁਖ ਦੁਖ ਕੇ ਦਿਖਾਊ। ਵੱਡਾ ਨਾਢੂ ਖਾਂ…!

ਸੰਪਰਕ: 98141-85363

Advertisement