ਕਿਸਾਨ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਵੱਡੇ ਜਾਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਦਸੰਬਰ
ਕਿਸਾਨਾਂ ਦੇ ਕੌਮੀ ਰਾਜਧਾਨੀ ਵੱਲ ਰੋਸ ਮਾਰਚ ਦੇ ਮੱਦੇਨਜ਼ਰ ਪੁਲੀਸ ਨੇ ਕਈ ਥਾਵਾਂ ’ਤੇ ਬੈਰੀਕੇਡ ਲਗਾ ਦਿੱਤੇ ਹਨ ਜਿਸ ਕਾਰਨ ਅੱਜ ਦਿੱਲੀ-ਨੋਇਡਾ ਹੱਦ ਪਾਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੱਦਾਂ ’ਤੇ ਚੈਕਿੰਗ ਚੱਲ ਰਹੀ ਹੈ ਅਤੇ ਨਿਗਰਾਨੀ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਵਧੀਕ ਪੁਲੀਸ ਕਮਿਸ਼ਨਰ (ਪੂਰਬੀ) ਸਾਗਰ ਸਿੰਘ ਕਲਸੀ ਨੇ ਕਿਹਾ ਕਿ ਪੂਰਬੀ ਦਿੱਲੀ ਦੀਆਂ ਸਰਹੱਦਾਂ ’ਤੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਦੰਗਾ-ਵਿਰੋਧੀ ਉਪਕਰਨਾਂ ਸਮੇਤ ਸਾਰੇ ਇਹਤਿਆਤੀ ਕਦਮ ਚੁੱਕੇ ਗਏ ਹਨ। ਚੌਕਸੀ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਲਈ ਟਰੈਫਿਕ ਪੁਲੀਸ ਨਾਲ ਤਾਲਮੇਲ ਵੀ ਕੀਤਾ ਜਾ ਰਿਹਾ ਹੈ।
ਗ੍ਰੇਟਰ ਨੋਇਡਾ ਦੀ ਵਸਨੀਕ ਅਪਰਾਜਿਤਾ ਸਿੰਘ ਨੇ ਕਿਹਾ ਕਿ ਚਿੱਲਾ ਬਾਰਡਰ ’ਤੇ ਲਗਾਏ ਗਏ ਬੈਰੀਕੇਡ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਉਸ ਹਿੱਸੇ ਤੋਂ ਲੰਘਣ ਵਿੱਚ ਲਗਪਗ ਇੱਕ ਘੰਟਾ ਲੱਗ ਗਿਆ। ਪੁਲੀਸ ਨੇ ਦਿੱਲੀ-ਨੋਇਡਾ ਹੱਦ ਦੇ ਦੋਵੇਂ ਪਾਸੇ ਬੈਰੀਕੇਡ ਲਾ ਦਿੱਤੇ ਹਨ, ਜਿਸ ਕਾਰਨ ਜਾਮ ਲੱਗ ਗਿਆ, ਖਾਸਕਰ ਨੋਇਡਾ ਤੋਂ ਦਿੱਲੀ ਵੱਲ ਜਾਣ ਵਾਲੇ ਮਾਰਗ ’ਤੇ।’’ ਪੁਲੀਸ ਨੇ ਦਿੱਲੀ-ਨੋਇਡਾ ਹੱਦ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਦਿੱਤੇ ਜਿਸ ਕਾਰਨ ਨੋਇਡਾ ਤੋਂ ਦਿੱਲੀ ਜਾਣ ਵਾਲੇ ਰਾਹਗੀਰਾਂ ਨੂੰ ਸਮੱਸਿਆ ਆ ਰਹੀ ਹੈ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਮੰਜ਼ਲਾਂ ਤੱਕ ਪਹੁੰਚਣ ਲਈ ਕਾਫ਼ੀ ਘੁੰਮ ਕੇ ਜਾਣਾ ਪੈ ਰਿਹਾ ਹੈ ਕਿਉਂਕਿ ਪੁਲੀਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਸੰਯੁਕਤ ਪੁਲੀਸ ਕਮਿਸ਼ਨਰ (ਦੱਖਣੀ ਰੇਂਜ) ਐੱਸਕੇ ਜੈਨ ਨੇ ਕਿਹਾ ਕਿ ਉਹ ਨੋਇਡਾ ਪੁਲੀਸ ਨਾਲ ਵੀ ਤਾਲਮੇਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਦੱਖਣੀ-ਪੂਰਬੀ ਜ਼ਿਲ੍ਹੇ ਵਿੱਚ ਸਾਡੀਆਂ ਦੋ ਮੁੱਖ ਹੱਦਾਂ ਡੀਐੱਨਡੀ ਹੱਦ ਅਤੇ ਕਾਲਿੰਦੀ ਕੁੰਜ ਹਨ। ਕਿਉਂਕਿ ਨਵੀਂ ਦਿੱਲੀ ਖੇਤਰ ਵਿੱਚ ਭਾਰਤੀ ਨਿਆ ਸੰਹਿਤਾ (ਬੀਐੱਨਐੱਸ) ਦੀ ਧਾਰਾ 163 ਲਾਗੂ ਹੈ ਅਤੇ ਸੰਸਦ ਦਾ ਸੈਸ਼ਨ ਵੀ ਚੱਲ ਰਿਹਾ ਹੈ, ਇਸ ਲਈ ਬਿਨਾਂ ਇਜਾਜ਼ਤ ਦੇ ਵਿਰੋਧ ਪ੍ਰਦਰਸ਼ਨਾਂ ਦੀ ਸਖ਼ਤ ਮਨਾਹੀ ਹੈ।’’
ਉਨ੍ਹਾਂ ਕਿਹਾ, ‘‘ਇਨ੍ਹਾਂ ਨੂੰ ਰੋਕਣ ਲਈ ਅਸੀਂ ਦੋਵਾਂ ਹੱਦਾਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਢੁਕਵੇਂ ਬੈਰੀਕੇਡ, ਬੈਰੀਅਰ ਅਤੇ ਹਾਈਡਰਾ ਕਰੇਨਾਂ ਤਾਇਨਾਤ ਕੀਤੀਆਂ ਗਈਆਂ ਹਨ। ਅਸੀਂ ਉਨ੍ਹਾਂ ਲੋਕਾਂ ਨੂੰ ਰੋਕਾਂਗੇ ਜੋ ਜਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨਗੇ।’’
ਨੋਇਡਾ ਪੁਲੀਸ ਵੱਲੋਂ ਰੂਟਾਂ ਸਬੰਧੀ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਕਿਸਾਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਨੋਇਡਾ ਪੁਲੀਸ ਨੇ ਅੱਜ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਪਾਬੰਦੀਆਂ ਤੇ ਬਦਲਵੇਂ ਰੂਟ ਸ਼ਾਮਲ ਹਨ। ਕਿਸਾਨ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਦੇਣ ਦੀ ਮੰਗ ਕਰ ਰਹੇ ਹਨ। ਭਾਰਤੀ ਕਿਸਾਨ ਪ੍ਰੀਸ਼ਦ (ਬੀਕੇਪੀ) ਦੇ ਆਗੂ ਸੁਖਬੀਰ ਖ਼ਲੀਫ਼ਾ ਨੇ ਕਿਹਾ ਕਿ ਕਿਸਾਨ ਦਿੱਲੀ ਜਾਣ ਤੋਂ ਪਹਿਲਾਂ ਨੋਇਡਾ ਵਿੱਚ ਮਹਾਮਾਇਆ ਫਲਾਈਓਵਰ ਦੇ ਹੇਠਾਂ ਇਕੱਠੇ ਹੋਣਗੇ। ਨੋਇਡਾ ਪੁਲੀਸ ਨੇ ਨੋਇਡਾ ਅਤੇ ਦਿੱਲੀ ਵਿਚਕਾਰ ਸਾਰੇ ਸਰਹੱਦੀ ਪੁਆਇੰਟਾਂ ’ਤੇ ਨਿਗਰਾਨੀ ਤੇਜ਼ ਕਰ ਦਿੱਤੀ ਹੈ। ਇਨ੍ਹਾਂ ਹੱਦਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਲਈ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਚਿੱਲਾ ਬਾਰਡਰ ਤੋਂ ਗ੍ਰੇਟਰ ਨੋਇਡਾ ਵੱਲ ਜਾਣ ਵਾਲੇ ਵਾਹਨਾਂ ਨੂੰ ਸੈਕਟਰ 14-ਏ ਫਲਾਈਓਵਰ, ਸੈਕਟਰ-15 ਵਿੱਚ ਗੋਲਚੱਕਰ ਰਾਹੀਂ ਅੱਗੇ ਜਾਣ ਤੇ ਸੰਦੀਪ ਪੇਪਰ ਮਿੱਲ ਚੌਕ ਅਤੇ ਝੁੰਝੂਪੁਰਾ ਚੌਕ ਰਾਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ। ਡੀਐਨਡੀ ਬਾਰਡਰ ਤੋਂ ਦਿੱਲੀ ਆਉਣ ਵਾਲਿਆਂ ਲਈ ਫ਼ਿਲਮ ਸਿਟੀ ਫਲਾਈਓਵਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ, ਫਿਰ ਸੈਕਟਰ-18 ਵੱਲ ਅਤੇ ਦਿੱਲੀ ਵਿੱਚ ਆਸਾਨ ਪਹੁੰਚ ਲਈ ਐਲੀਵੇਟਿਡ ਰੋਡ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।