ਭਾਜਪਾ ਘੱਟ ਗਿਣਤੀ ਮੋਰਚੇ ਵੱਲੋਂ ਕੇਜਰੀਵਾਲ ਖਿਲਾਫ਼ ਪ੍ਰਦਰਸ਼ਨ
ਨਵੀਂ ਦਿੱਲੀ, 3 ਦਸੰਬਰ
ਦਿੱਲੀ ਪ੍ਰਦੇਸ਼ ਭਾਜਪਾ ਦੇ ਘੱਟ ਗਿਣਤੀ ਮੋਰਚਾ ਨੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਫਿਰੋਜ਼ਸ਼ਾਹ ਰੋਡ ਸਥਿਤ ਰਿਹਾਇਸ਼ ਨੇੜੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀ ਪਾਰਟੀ ਦੇ ਵਿਧਾਇਕ ਨਰੇਸ਼ ਕੁਮਾਰ ਯਾਦਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਰੇਸ਼ ਕੁਮਾਰ ਯਾਦਵ ਨੂੰ ਪੰਜਾਬ ਵਿੱਚ ਮਾਲੇਰਕੋਟਲਾ ਵਿੱਚ ਕੁਰਾਨ ਦੀ ਬੇਅਦਬੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਹਿਰੌਲੀ ਦੇ ਵਿਧਾਇਕ ਨੂੰ 2016 ਦੇ ਕੇਸ ਵਿੱਚ ਪੰਜਾਬ ਦੀ ਮਾਲੇਰਕੋਟਲਾ ਜ਼ਿਲ੍ਹਾ ਅਦਾਲਤ ਨੇ ਪਿਛਲੇ ਸ਼ਨਿਚਰਵਾਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਪ ਵਿਧਾਇਕ ਨੂੰ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਦੋਸ਼ਾਂ ਹੇਠ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ, ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਸਲਿਮ ਆਗੂ ਚੁੱਪ ਹਨ। ਇਸ ਤੋਂ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਪਤਾ ਚੱਲਦਾ ਹੈ। ਪ੍ਰਦਰਸ਼ਨਕਾਰੀ ਅਸ਼ੋਕਾ ਰੋਡ ’ਤੇ ਇਕੱਠੇ ਹੋਏ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 5, ਫਿਰੋਜ਼ਸ਼ਾਹ ਰੋਡ ਸਥਿਤ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ।
ਮਾਲੇਰਕੋਟਲਾ ਦੀ ਅਦਾਲਤ ਨੇ ਨਰੇਸ਼ ਯਾਦਵ ਨੂੰ ਵੱਖ-ਵੱਖ ਧਾਰਾਵਾ ਤਹਿਤ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਦੇ ਨਾਲ-ਨਾਲ 11,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। -ਪੀਟੀਆਈ