For the best experience, open
https://m.punjabitribuneonline.com
on your mobile browser.
Advertisement

ਬੀਬੀ ਜਗੀਰ ਕੌਰ ਨੇ ਸਮਰਥਕਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਸੰਭਾਲ਼ੀ ਕਮਾਨ

08:29 AM Apr 11, 2024 IST
ਬੀਬੀ ਜਗੀਰ ਕੌਰ ਨੇ ਸਮਰਥਕਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਸੰਭਾਲ਼ੀ ਕਮਾਨ
ਸੁਰਜੀਤ ਅਬਲੋਵਾਲ ਦੀ ਅਗਵਾਈ ਹੇਠ ਪਟਿਆਲਾ ’ਚ ਬੀਬੀ ਜਗੀਰ ਕੌਰ ਕੌਰ ਦਾ ਸਨਮਾਨ ਕਰਦੇ ਹੋਏ ਅਕਾਲੀ ਕਾਰਕੁਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਅਪਰੈਲ
ਕਾਫ਼ੀ ਸਮਾਂ ਪਾਰਟੀ ਲੀਡਰਸ਼ਿਪ, ਖਾਸਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਾਰਾਜ਼ ਰਹਿਣ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਸ੍ਰੀ ਬਾਦਲ ਦੇ ਯਤਨਾਂ ਸਦਕਾ ਮੁੜ ਅਕਾਲੀ ਦਲ ’ਚ ਸਰਗਰਮ ਹੋਏ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ। ਉਨ੍ਹਾਂਂ ਖਾਸਕਰ ਆਪਣੇ ਆਧਾਰ ਅਤੇ ਅਸਰ ਰਸੂਖ ਵਾਲ਼ੇ ਖੇਤਰਾਂ ਵਿਚ ਇੱਕ ਤਰ੍ਹਾਂ ਕਮਾਨ ਸੰਭਾਲ਼ ਲਈ ਹੈ। ਇਸ ਦਾ ਆਗਾਜ਼ ਉਨ੍ਹਾਂਂ ਪਟਿਆਲਾ ਜ਼ਿਲ੍ਹੇ ਤੋਂ ਆਪਣੇ ਸਮਰਥਕ ਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ਼ ਦੇ ਘਰ ਆਪਣੇ ਪ੍ਰਸੰਸਕਾਂ ਅਤੇ ਸਮਰਥਕਾਂ ਦੇ ਨਾਲ ਮੀਟਿੰਗ ਕਰਕੇ ਕੀਤਾ।
ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵਰਗੇ ਵੱਕਾਰੀ ਅਹੁਦੇ ’ਤੇ ਪਲੇਠੀ ਮਹਿਲਾ ਵਜੋਂ ਬਿਰਾਜਮਾਨ ਰਹੇ ਹਨ। ਉਨ੍ਹਾਂ ਦੇ ਮਜ਼ਬੂਤ ਆਧਾਰ ਸਦਕਾ ਹੀ ਪਿਛਲੇ ਮਹੀਨੇ ਪਾਰਟੀ ਪ੍ਰਧਾਨ ਸ੍ਰੀ ਬਾਦਲ ਨੂੰ ਉਨ੍ਹਾਂ ਨੂੰ ਮੁੜ ਅਕਾਲੀ ਦਲ ਦੇ ਨਾਲ ਤੋਰਨ ਲਈ ਖੁਦ ਚੱਲ ਕੇ ਉਨ੍ਹਾਂ ਦੇ ਕੋਲ਼ ਜਾਣਾ ਪਿਆ। ਗਿਲੇ ਸ਼ਿਕਵੇ ਦੂਰ ਹੋਣ ’ਤੇ ਬੀਬੀ ਜਗੀਰ ਕੌਰ ਨੇ ਵੀ ਇਮਾਨਦਾਰੀ ਅਤੇ ਤਨਦੇਹੀ ਨਾਲ ਪਾਰਟੀ ਲਈ ਕੰਮ ਕਰਨ ਦਾ ਅਹਿਦ ਲਿਆ। ਪਟਿਆਲਾ ਸਥਿਤ ਪਾਰਟੀ ਵਫ਼ਾਦਾਰ ਅਬਲੋਵਾਲ਼ ਦੇ ਘਰ ਤੋਂ ਉਨ੍ਹਾਂ ਇਸ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿਤਾ ਹੈ। ਉਨ੍ਹਾਂਂ ਦਾ ਕਹਿਣਾ ਸੀ ਕਿ ਪਰਿਵਾਰਕ ਮੈਂਬਰਾਂ ’ਚ ਗਿਲੇ ਸ਼ਿਕਵੇ ਹੋਣੇ ਸੁਭਾਵਿਕ ਹੀ ਹਨ ਪਰ ਜਦੋਂ ਅਜਿਹੇ ਗਿਲੇ ਸ਼ਿਕਵੇ ਰਲ਼ ਬੈਠ ਕੇ ਨਜਿੱਠ ਲਏ ਜਾਣ ਤਾਂ ਸਾਰਿਆਂ ਨੂੰ ਆਪਣੇ ਮਨੋਰਥ ਦੀ ਪੂਰਤੀ ਲਈ ਇਮਾਨਦਾਰੀ ਨਾਲ ਜੁੱਟ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ, ‘‘ਭਾਵੇਂ ਪਟਿਆਲਾ ਤੋਂ ਪਾਰਟੀ ਨੇ ਅਜੇ ਉਮੀਦਵਾਰ ਨਹੀਂ ਐਲਾਨਿਆ ਪਰ ਉਮੀਦਵਾਰ ਭਾਵੇਂ ਕੋਈ ਹੋਵੇ, ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਮੀਦਵਾਰ ਲਈ ਅਗਾਊਂ ਤੌਰ ’ਤੇ ਹੀ ਇਸ ਕਦਰ ਰਾਹ ਪੱਧਰਾ ਕੀਤਾ ਜਾਵੇ ਕਿ ਉਸ ਲਈ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਮਾਤ ਦੇਣੀ ਸੌਖੀ ਹੋ ਜਾਵੇ।’’
ਉਨ੍ਹਾਂਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਵਿਚ ਸੁਰਜੀਤ ਰੱਖੜਾ ਅਤੇ ਸੁਰਜੀਤ ਅਬਲੋਵਾਲ ਸਮੇਤ ਹੋਰ ਅਕਾਲੀ ਨੇਤਾਵਾਂ ਨਾਲ ਉਨ੍ਹਾਂਂ ਦੀ ਪਰਿਵਾਰਕ ਸਾਂਝ ਹੈ। ਇਸ ਕਰਕੇ ਉਨ੍ਹਾਂਂ ਦੀ ਕੋਸਿਸ਼ ਹੋਵੇਗੀ ਕਿ ਉਨ੍ਹਾਂਂ ਦੇ ਸੰਪਰਕ ’ਚ ਰਹੇ ਅਤੇ ਰਹਿਣ ਵਾਲ਼ੇ ਸਮੂਹ ਅਕਾਲੀ ਕਾਰਕੁਨ ਇਥੋਂ ਪਾਰਟੀ ਲਈ ਜੀਅ ਜਾਨ ਨਾਲ਼ ਕੰਮ ਕਰਨ। ਜ਼ਿਕਰਯੋਗ ਹੈ ਕਿ ਸੁਰਜੀਤ ਰੱਖੜਾ ਅਤੇ ਸੁਰਜੀਤ ਅਬਲੋਵਾਲ਼ ਜਿਥੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ ਉਥੇ ਉਨ੍ਹਾਂਂ ਦਾ ਹਲਕੇ ’ਚ ਕਾਫ਼ੀ ਲੋਕ ਆਧਾਰ ਵੀ ਹੈ। ਇਸ ਮੌਕੇ ਅਕਾਲੀ ਦਲ ’ਚ ਵਾਪਸੀ ਉਪਰੰਤ ਪਹਿਲੀ ਵਾਰ ਪਟਿਆਲਾ ਪੁੱਜਣ ’ਤੇ ਬੀਬੀ ਜਗੀਰ ਕੌਰ ਦਾ ਸੁਰਜੀਤ ਅਬਲੋਵਾਲ ਦੀ ਅਗਵਾਈ ਹੇਠ ਇਥੋਂ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ। ਇਨ੍ਹਾਂ ਵਿਚ ਜਸਪਾਲ ਕਲਿਆਣ, ਮਨਬੀਰ ਵਿਰਕ, ਸ਼ਿਵਰਾਜ ਵਿਰਕ, ਕੁਲਵਿੰਦਰ ਟੋਨੀ, ਬੀਬੀ ਰਣਬੀਰ ਕੌਰ ਤੇ ਕੁਸ਼ਲਵੀਰ ਕੌਰ ਚੱਠਾ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×