ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਿਆਲੇ ਦਾ ਭੂਤਵਾੜਾ ਅਤੇ ਲਾਲੀ

08:39 AM Sep 15, 2024 IST

ਰਾਜਿੰਦਰ ਪਾਲ ਸਿੰਘ ਬਰਾੜ

Advertisement

ਭੂਤਵਾੜਾ ਤੋਂ ਸਾਡੀ ਮੁਰਾਦ 1961-62 ਤੋਂ ਲੈ ਕੇ 1964-65 ਤੱਕ ਪਟਿਆਲੇ ਵਿੱਚ ਪੈਦਾ ਹੋਏ ਭੂਤਵਾੜੇ ਤੋਂ ਹੈ। ਮੁਢਲੇ ਤੌਰ ’ਤੇ ਇਹ ਸ਼ਬਦ ਮਹਿੰਦਰਾ ਕਾਲਜ, ਪਟਿਆਲਾ ਦੀ ਐਮ.ਏ. ਪੰਜਾਬੀ ਦੇ 1961-62 ਵਿੱਚ ਦਾਖਲ ਹੋਏ ਵਿਦਿਆਰਥੀਆਂ ਦੇ ਉਸ ਟੋਲੇ ਨਾਲ ਜੁੜਿਆ ਜਿਹੜਾ ਲੋਅਰ ਮਾਲ ਯਾਨੀ ਫੁਹਾਰਾ ਚੌਕ ਤੋਂ ਮਹਿੰਦਰਾ ਕਾਲਜ ਵੱਲ ਜਾਂਦੀ ਸੜਕ ’ਤੇ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ (ਮਹਾਂਭੂਤ) ਦੇ ਘਰ ਦੇ ਸਾਹਮਣੇ ਇੱਕ ਸੁੰਨੀ ਜਿਹੀ ਕੋਠੀ ਵਿੱਚ ਰਹਿੰਦੇ ਸਨ। ਇਸ ਜਮਾਤ ਵਿੱਚ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਹਰਬੰਸ ਬਰਾੜ, ਸੁਰਜੀਤ ਬੈਂਸ, ਸੁਰਿੰਦਰ ਚਾਹਲ, ਅਨੂਪ ਸਿੰਘ ਸਨ ਜਦੋਂਕਿ ਕੁਲਵੰਤ ਗਰੇਵਾਲ ਇੱਕ ਜਮਾਤ ਅੱਗੇ ਅਤੇ ਦਰਬਾਰਾ ਸਿੰਘ ਇੱਕ ਜਮਾਤ ਪਿੱਛੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਗੁਰਚਰਨ ਸਿੰਘ ਅਤੇ ਪ੍ਰੋਫੈਸਰ ਉਮਰਾਓ ਸਿੰਘ ਇਨ੍ਹਾਂ ਦੇ ਅਧਿਆਪਕ ਸਨ ਅਤੇ ਉਸ ਸਮੇਂ ਅੰਗਰੇਜੀ ਦੇ ਪ੍ਰੋਫੈਸਰ ਸੋਮ ਪ੍ਰਕਾਸ਼ ਰੰਚਨ ਅਤੇ ਪ੍ਰੋਫੈਸਰ ਰਾਜ਼ਦਾਨ ਵੀ ਇੱਥੇ ਹੀ ਸਨ।
ਇਸ ਭੂਤਵਾੜੇ ਦਾ ਇੱਕ ਪਾਤਰ ਲਾਲੀ ਬਾਬਾ ਉਰਫ਼ ਹਰਦਿਲਜੀਤ ਸਿੰਘ ਸਿੱਧੂ ਸੀ। ਲਾਲੀ ਬਾਬੇ ਨੇ ਬਹੁਤ ਸਾਹਿਤ ਪੜ੍ਹਿਆ ਪਰ ਜਿੰਨਾ ਪੜ੍ਹਿਆ ਉਸ ਤੋਂ ਵੱਧ ਜੀਵਿਆ। ਉਸਨੇ ਸਾਰੀ ਜ਼ਿੰਦਗੀ ਭੂਤਵਾੜੇ ਦੀ ਮਿੱਥ ਜਿਉਂਈ। ਇਸੇ ਕਰਕੇ ਹਰ ਮਿਲਣ ਵਾਲੇ ਬੰਦੇ ਦਾ ਆਪਣੇ ਹਿੱਸੇ ਦਾ ਆਪਣਾ ਲਾਲੀ ਹੈ। ਇਹ ਨਵਤੇਜ ਭਾਰਤੀ ਦੀ ਕਾਵਿਕ ਅੱਖ ਰਾਹੀਂ ਹੋਰ ਤਰ੍ਹਾਂ ਦਿਸਦਾ ਹੈ। ਹਰਪਾਲ ਪੰਨੂ ਨੂੰ ਲਾਲੀ ਤੋਂ ਪਹਿਲਾਂ ਲਾਲੀ ਦਾ ਪਿਓ ਦਿਸਦਾ ਹੈ। ਸਿਧਾਰਥ ਨੂੰ ਲਾਲੀ ਹੋਰੂੰ ਪ੍ਰਭਾਵਿਤ ਕਰਦਾ ਸੀ ਜਿਸਨੂੰ ਅੱਜ ਲਾਲੀ ਦੀ ਔਲਾਦ ਬਾਰੇ ਵੀ ਫ਼ਿਕਰਮੰਦੀ ਹੈ। ਨੂਰ ਸਾਹਿਬ ਪਰਿਵਾਰਕ ਪਿਛੋਕੜ ਬਾਰੇ ਤਰਸ਼ਿੰਦਰ ਨੂੰ ਇਸ ਤਰ੍ਹਾਂ ਦੱਸਦੇ ਹਨ, ‘‘ਲਾਲੀ ਦਾ ਜਿਹੜਾ ਪਿਉ ਸੀ ਨਾ ਉਹ ਮਹਾਰਾਜੇ ਦੇ ਸਰਦਾਰਾਂ ਵਿੱਚੋਂ ਇੱਕ ਸੀ। ਮਹਾਰਾਜਾ ਪਟਿਆਲਾ ਨੇ ਕ੍ਰਿਕਟ ਟੀਮ ਵੀ ਸਭ ਤੋਂ ਪਹਿਲਾਂ ਬਣਾਈ ਸੀ। ਕ੍ਰਿਕਟ ਦੀ ਗਰਾਊਂਡ ਵੀ ਬਣਾਈ, ਮੈਚ ਹੁੰਦੇ ਸੀ ਇੰਗਲੈਂਡ ਨਾਲ। ਲਾਲੀ ਦਾ ਪਿਤਾ ਕ੍ਰਿਕਟ ਦਾ ਖਿਡਾਰੀ ਵੀ ਸੀ, ਪਰ ਬਹੁਤ ਵੱਡਾ ਰਾਠ ਆਦਮੀ ਸੀ ਜਗੀਰਦਾਰ, ਪਰ ਉਂਝ ਬਹੁਤ ਅੱਛਾ ਆਦਮੀ ਸੀ। ਲਾਲੀ ਦੇ ਵਿੱਚ ਇੱਕ ਤਾਂ ਇਹ ਸੀ ਬਈ ਉਹ ਫਿਊਡਲਿਜ਼ਮ ਤੋਂ ਬਦਲਾ ਲੈਣ ਦੀ ਇੱਛਾ ਰੱਖਦਾ ਸੀ, ਇਕੱਲਾ-ਇਕੱਲਾ ਪੁੱਤਰ ਸੀ, ਜ਼ਮੀਨਾਂ ਤੇ ਦੂਜੀ ਜਾਇਦਾਦ ਛੱਡ ਵੀ ਨਹੀਂ ਸੀ ਸਕਦਾ। ਜਿਹੜੇ ਫਿਊਡਲ ਮੁੰਡੇ ਨੇ ਜਿਹੜੇ ਪੜ੍ਹ-ਲਿਖ ਵੀ ਜਾਂਦੇ ਨੇ ਤੇ ਵਿਦਰੋਹ ਵੀ ਕਰਦੇ ਨੇ, ਉਹ ਆਪਣੀ ਜਾਇਦਾਦ ਨਹੀਂ ਛੱਡਦੇ। ਲਾਲੀ ਪੜ੍ਹ-ਲਿਖ ਕੇ ਬਾਂਬੇ ਚਲਾ ਗਿਆ। ਇਹਦੇ ਮਨ ਵਿੱਚ ਸ਼ੌਕ ਉੱਠਿਆ ਬਈ ਐਕਟਰ ਬਣਿਆ ਜਾਏ, ਪਰ ਐਕਟਰ ਕਿੱਥੇ ਬਣਨਾ ਸੀ, ਪਿਉ ਨੇ ਫਲੈਟ ਵੀ ਲੈ ਦਿੱਤਾ ਬਾਂਬੇ ’ਚ ਕੁਝ ਦਿਨ ਰਹਿੰਦਾ ਵੀ ਰਿਹਾ। ਫਿਰ ਬਾਅਦ ’ਚ ਉਹਦਾ ਜੀਅ ਨਹੀਂ ਲੱਗਿਆ ਬਾਂਬੇ ਤੇ ਵਾਪਸ ਆ ਗਿਆ। ਫਿਰ ਇਹ ਪੜ੍ਹਨ-ਲਿਖਣ ’ਚ ਜ਼ਿਆਦਾ ਲੀਨ ਹੋ ਗਿਆ। ਉਹ ਉਸ ਤਰ੍ਹਾਂ ਨਹੀਂ ਸੀ ਭੂਤਵਾੜੇ ’ਚ ਰਹਿੰਦਾ, ਉਹਦਾ ਘਰ ਪਟਿਆਲੇ ਹੀ ਸੀ। ਨਾਨਕੇ ਬੁੱਟਰ ਨੇ ਤੇ ਮੋਗੇ ਕੋਲੇ ਸਨ, ਮੋਗੇ ਉਹਦਾ ਮਾਮਾ ਹੁੰਦਾ ਸੀ ਰਣਜੀਤ ਸਿੰਘ ਗਿੱਲ। ਰਣਜੀਤ ਸਿੰਘ ਗਿੱਲ ਮੋਗੇ ’ਚ ਜੁਡੀਸ਼ੀਅਲ ਮੈਜਿਸਟਰੇਟ ਹੁੰਦਾ ਸੀ, ਉਹਨੂੰ ਸਰਕਾਰ ਨੇ ਘਰ ਵਿੱਚ ਹੀ ਅਦਾਲਤ ਲਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ, ਬੜਾ ਪੜ੍ਹਿਆ-ਲਿਖਿਆ ਬੰਦਾ ਸੀ ਉਹ। ਬਾਅਦ ਵਿੱਚ ਉਸ ਨੂੰ ਫਿਊਡਲਿਜ਼ਮ ਦੇ ਜਾਣ ਦੇ ਝੋਰੇ ਕਰਕੇ ਬੜਾ ਧੱਕਾ ਲੱਗਾ ਤੇ ਉਹ ਪਾਗਲ ਹੋ ਗਿਆ। ਹੁਣ ਸ਼ਾਇਦ ਉਸ ਦੀ ਮੌਤ ਹੋ ਚੁੱਕੀ ਐ। ਉਹ ਆਪਣਾ ਸ਼ਰਾਬ ਦਾ ਗਲਾਸ ਲੈ ਕੇ ਬਾਜ਼ਾਰ ’ਚ ਨਿਕਲ ਤੁਰਦਾ ਸੀ। ਉਸ ਦੇ ਮਨ ਵਿੱਚ ਤਾਂ ਇਹ ਸੀ ਪਈ ਮੈਂ ਜਗੀਰਦਾਰ ਹਾਂ, ਵੈਸੇ ਉਹ ਪੜ੍ਹਿਆ-ਲਿਖਿਆ ਵੀ ਸੀ। ਲਾਲੀ ਵਿੱਚ ਪੜ੍ਹਨ-ਲਿਖਣ ਦੀ ਸਾਰੀ ਗੱਲ ਆਪਣੇ ਮਾਮੇ ਤੋਂ ਆਈ। ਮਾਮੇ ਨਾਲ ਉਹਦਾ ਬਹੁਤ ਜ਼ਿਆਦਾ ਲਗਾਉ ਸੀ। ਲਾਲੀ ਨੇ ਪੜ੍ਹਿਆ ਬਹੁਤ, ਹਰ ਨਵੀਂ ਕਿਤਾਬ ਪਹਿਲਾਂ-ਪਹਿਲਾਂ ਭੂਤਵਾੜੇ ’ਚ ਇੰਟਰੋਡਿਊਸ ਲਾਲੀ ਨੇ ਹੀ ਕੀਤੀ ਕਿਉਂਕਿ ਉਹ ਆਰਥਿਕ ਤੌਰ ’ਤੇ ਮਜ਼ਬੂਤ ਸੀ। ਉਹ ਰਈਸ ਤਾਂ ਸੀ ਪਰ ਉਹਨੇ ਲਿਖਿਆ ਕੁਝ ਨਹੀਂ।”
ਜਦੋਂ ਅਸੀਂ ਪਿਛਲੀ ਸਦੀ ਦੇ ਨੌਵੇਂ ਦਹਾਕੇ ਪੰਜਾਬੀ ਯੂਨੀਵਰਸਿਟੀ ਆਏ ਤਾਂ ਉਸ ਸਮੇਂ ਭੂਤਵਾੜਾ ਬਿਖਰੇ ਨੂੰ ਤਿੰਨ ਦਹਾਕੇ ਹੋ ਗਏ ਸਨ। ਸਭ ਆਪੋ ਆਪਣੇ ਰਾਹ ਪਏ ਸਨ। ਖਿੰਡੇ-ਪੁੰਡੇ ਭੂਤਵਾੜੇ ਦੀ ਦਰਬਾਨੀ ਤੇ ਸ਼ਹਿਨਸ਼ਾਹੀ ਦੋਵੇਂ ਲਾਲੀ ਜ਼ਿੰਮੇ ਸੀ। ਉਸਨੇ ਹੀ ਝਾੜੂ ਲਗਾਉਣਾ ਸੀ, ਉਸਨੇ ਹੀ ਗੱਦੀ ਬੈਠਣਾ ਸੀ। ਵਿਦਿਆਰਥੀ ਜੀਵਨ ਦੀ ਮਲੰਗੀ ਨੂੰ ਕਬੀਲਦਾਰੀ ਤੇ ਨੌਕਰੀ ਦੀ ਜੋਗ ਨੇ ਦੁਨੀਆਦਾਰੀ ਦੀ ਗਾਡੀ ਰਾਹ ’ਤੇ ਪਾ ਲਿਆ ਸੀ। ਅਜਿਹੀ ਸਥਿਤੀ ਵਿੱਚ ਲਾਲੀ ਬਾਬਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੌਫੀ ਹਾਊਸ ਵਿੱਚ ਸਾਡੇ ਵਰਗੇ ਨਵੇਂ ਟੋਟਰੂਆਂ ਨੂੰ ਦਰਸ਼ਨ ਦਿੰਦਾ ਸੀ। ਕੱਟੀ ਦਾੜ੍ਹੀ, ਕੱਟੇ ਵਾਲ਼, ਥੋੜ੍ਹੇ ਕਾਲੇ- ਬਹੁਤੇ ਚਿੱਟੇ। ਅਤਿ ਸਾਧਾਰਨ ਪੈਂਟ ਕਮੀਜ਼, ਬਹੁਤੀ ਵਾਰ ਹੱਥ ਵਿੱਚ ਕਿਤਾਬ, ਗਲ਼ ਲੰਮੀ ਤਣੀ ਵਾਲਾ ਝੋਲਾ, ਤੁਰਦਾ ਫਿਰਦਾ ਦਾਰਸ਼ਨਿਕਤਾ ਦਾ ਮੌਖ਼ਕ ਦਰਿਆ। ਮੈਂ ਹਮੇਸ਼ਾ ਦੂਰੋਂ ਦੇਖਦਾ, ਸੁਣੀਆਂ ਕਹਾਣੀਆਂ ਦੇ ਪ੍ਰਭਾਵ ਅਧੀਨ ਮਿਲ ਬੈਠਣਾ ਸੋਚਦਾ ਪਰ ਸਬੱਬ ਨਾ ਬਣਦਾ। ਮੈਨੂੰ ਉਹ ਕਾਮੂ ਲਗਦਾ ਤੇ ਫੈਸੀਨੇਟ ਕਰਦਾ। ਰਿਸਰਚ ਸਕਾਲਰ ਬਣਨ ਬਾਅਦ ਇਕੱਲੇ ਹੀ ਲਾਲੀ ਦੀ ਸੰਗਤ ਮਾਣਨ ਦਾ ਮੌਕਾ ਬਣਨ ਲੱਗਾ। ਅੱਧਾ ਸੈੱਟ ਚਾਹ ’ਤੇ ਅੱਧੀ ਦਿਹਾੜੀ ਗੁਜ਼ਰਨ ਲੱਗੀ। ਮੇਰੇ ਅੰਦਰੋਂ ਲਾਲੀ ਦਾ ਰਹੱਸਮਈ ਉੱਚ ਬੌਧਿਕ ਰੁਤਬਾ ਤਾਂ ਖੁੱਸਦਾ ਗਿਆ ਪਰ ਉਸ ਨੂੰ ਜਾਣਨ ਦੀ ਭੁੱਖ ਵਧੇਰੇ ਵਧ ਗਈ। ਦੱਸਿਆ ਗਿਆ ਸੀ ਕਿ ਉਹ ਬਹੁਤ ਵਿਦਵਾਨ ਹੈ। ਬਿਨਾਂ ਸ਼ੱਕ ਉਹ ਸਾਰਤਰ ਦੀ ਕਿਤਾਬ ਤੋਂ ਲੈ ਕੇ ਬੰਗਾਲੀ ਨਾਟਕਕਾਰ ਬਾਦਲ ਸਰਕਾਰ ਤੱਕ, ਸੱਤਿਆਜੀਤ ਰੇਅ ਦੀਆਂ ਫਿਲਮਾਂ ਤੋਂ ਲੈ ਕੇ ਵਾਨਗਾਗ ਦੀਆਂ ਪੇਂਟਿੰਗ ਤੱਕ ਹਰ ਵਿਸ਼ੇ ’ਤੇ ਜਾਣਕਾਰੀ ਦਾ ਭੰਡਾਰ ਸੀ। ਹਰ ਵਿਸ਼ੇ ’ਤੇ ਬੋਲ ਸਕਦਾ ਸੀ। ਉਸ ਕੋਲ ਆਪਣੇ ਵਿਸ਼ੇ ਬਾਰੇ ਦਲੀਲਾਂ ਦਾ ਸੰਗ੍ਰਹਿ ਹੁੰਦਾ ਸੀ ਪਰ ਜੇ ਇੱਕ ਤੋਂ ਵੱਧ ਵਾਰ ਸੁਣ ਲੈਣਾ ਤਾਂ ਪਤਾ ਲਗਦਾ ਕਿ ਉਸ ਦੇ ਕੋਈ ਪੱਕੇ ਪੀਢੇ ਵਿਚਾਰ ਨਹੀਂ। ਜੇ ਅੱਜ ਚੈਖਵ ਦੁਨੀਆ ਦਾ ਮਹਾਨ ਕਥਾਕਾਰ ਹੈ ਤਾਂ ਕੱਲ੍ਹ ਦੋਸਤੋਵਸਕੀ ਵੀ ਹੋ ਸਕਦਾ ਹੈ। ਅੱਜ ਜੇ ਸਭ ਕੁਝ ਸਾਰਤਰ ਹੈ ਤਾਂ ਕੱਲ੍ਹ ਮੌਰਲੀ ਪੌਂਟੀ ਵੀ ਹੋ ਸਕਦਾ ਹੈ। ਵੱਡੀ ਗੱਲ ਤਾਂ ਇਹ ਹੁੰਦੀ ਕਿ ਚਲਦੇ ਪ੍ਰਸੰਗ ਵਿੱਚ ਬਾਬੇ ਨੇ ਕਿਹੜੀ ਤੰਦ ਛੋਹੀ ਹੈ, ਦਲੀਲਾਂ ਦਾ ਪਾਣੀ ਜਿੱਧਰ ਵਗ ਪਿਆ, ਓਧਰ ਹੀ ਵਹਾਅ ਬਣ ਜਾਂਦਾ ਸੀ।
ਦਲੀਪ ਕੌਰ ਟਿਵਾਣਾ ਨੇ ਨਵਾਂ ਨਾਵਲ ਲਿਖਿਆ। ਇੱਕ ਬੈਠਕ ਵਿੱਚ ਪੜ੍ਹਿਆ ਗਿਆ। ਮੈਡਮ ਨੇ ਰਾਇ ਪੁੱਛੀ। ਮੈਡਮ ਅੱਗੇ ਹਮਾਤੜਾਂ ਤੁਮਾਤੜਾਂ ਨੇ ਕੀ ਰਾਇ ਦੇਣੀ ਸੀ। ਲਾਲੀ ਬਾਬਾ ਬੋਲਿਆ, ‘‘ਨਾਵਲ ਛਾਪਣ ਸਮੇਂ ਆਖ਼ਰੀ ਕੁਝ ਪੰਨੇ ਖਾਲੀ ਛੱਡ ਦਿਓ। ਅਗਲਾ ਆਪਣੀ ਰਾਇ ਲਿਖ ਕੇ ਨਾਵਲ ਮੁਕੰਮਲ ਕਰ ਦੇਵੇਗਾ।’’ ਮੈਡਮ ਨੇ ਪੁੱਛਿਆ, ‘‘ਤੁਸੀਂ ਆਪਣੀ ਰਾਇ ਦੇਵੋ।’’ ਲਾਲੀ ਬਾਬੇ ਨੇ ਫ਼ੁਰਮਾਇਆ, ‘ਮੇਰੀ ਇਹੀ ਰਾਇ ਐ ਆਖ਼ਰੀ ਪੰਨੇ ਖਾਲੀ ਛੱਡੇ ਜਾਣ।’’ ਉਸ ਸਮੇਂ ਔਂਥਰੋਪੋਲੋਜੀ ਲਿੰਗੁਇਸਟਿਕ ਡਿਪਾਰਟਮੈਂਟ ਹਰਜੀਤ ਗਿੱਲ ਵਾਲੀ ਚੜ੍ਹਤ ਗੁਆ ਚੁੱਕਾ ਸੀ। ਵਿਭਾਗ ਵਿੱਚ ਐੱਸ.ਐੱਸ. ਜੋਸ਼ੀ, ਸੁਰਜੀਤ ਲੀ, ਮੁਖ਼ਤਾਰ ਗਿੱਲ, ਬੀ. ਪ੍ਰਕਾਸ਼ਮ ਅਤੇ ਚੰਚਲ ਸਿੰਘ ਕੰਮ ਕਰ ਰਹੇ ਸਨ। ਜੋਗਿੰਦਰ ਸਿੰਘ ਪੁਆਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੱਕਰ ਕੱਟ ਕੇ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਆ ਲੱਗਾ ਸੀ। ਲਾਲੀ ਬਾਬਾ ਵਿਭਾਗ ਘੱਟ ਹੀ ਜਾਂਦਾ। ਸਿੱਧਾ ਕੌਫੀ ਹਾਊਸ ਹੀ ਆਉਂਦਾ। ਉਸੇ ਸਮੇਂ ਲਾਲੀ ਦੀ ਰਿਟਾਇਰਮੈਂਟ ਹੋਈ। ਉਸ ਸਮੇਂ ਦੇ ਨਿਯਮਾਂ ਅਨੁਸਾਰ ਐਕਸਟੈਨਸ਼ਨ ਵੀ ਹੋਈ। ਪਤਾ ਲੱਗਾ ਕਿ ਅਕਸਟੈਨਸ਼ਨ ਦੀ ਤਨਖ਼ਾਹ ਲੈਣ ਲਈ ਕੋਈ ਕੀਤੇ ਕੰਮ ਦੀ ਰਿਪੋਰਟ ਜਮ੍ਹਾਂ ਕਰਾਉਣੀ ਪੈਂਦੀ ਸੀ। ਉਨ੍ਹਾਂ ਨੂੰ ਆਖਿਆ ਗਿਆ ਕਿ ਰਿਪੋਰਟ ਜਮ੍ਹਾਂ ਕਰਵਾਈ ਜਾਵੇ, ਨਹੀਂ ਤਾਂ ਤਨਖ਼ਾਹ ਵਾਪਸ ਜਮ੍ਹਾਂ ਕਰਾਉਣੀ ਪਵੇਗੀ। ਪਤਾ ਚੱਲਿਆ ਕਿ ਉਸ ਨੇ ਤਾਂ ਅਕਸਟੈਨਸ਼ਨ ਦੇ ਸਮੇਂ ਤਨਖ਼ਾਹ ਚਾਲੂ ਹੀ ਨਹੀਂ ਕਰਵਾਈ ਸੀ। ਅਜਿਹੀ ਮਸਤ ਮਲੰਗੀ ਸੀ।
ਇੱਕ ਵਾਰ ਮੈਂ ਪੁੱਛਿਆ, ‘‘ਕੀ ਪੜ੍ਹਨਾ ਚਾਹੀਦਾ ਹੈ?’’ ਬਾਬਾ ਕਹਿੰਦਾ, ‘‘ਲਾਇਬ੍ਰੇਰੀ ਭਰੀ ਪਈ ਹੈ, ਕੁਝ ਵੀ ਪੜ੍ਹ ਲਓ।’’ ਮੈਂ ਕਿਹਾ, ‘‘ਲਾਇਬ੍ਰੇਰੀ ਤਾਂ ਭਰੀ ਪਈ ਐ, ਕਿਹੜੇ ਪਾਸਿਉਂ ਲੱਗੀਏ?’’ ਕਹਿੰਦਾ, ‘‘ਜਿਹੜੇ ਮਰਜ਼ੀ ਪਾਸਿਉਂ ਲੱਗ ਜੋ।’’ ਮੈਂ ਖਹਿੜਾ ਛੱਡਣ ਵਾਲਾ ਨਹੀਂ ਸੀ। ਪੁੱਛਿਆ, ‘‘ਗੋਰਕੀ ਪੜ੍ਹੀਏ ਜਾਂ ਤੁਰਗਨੇਵ?’’ ਕਹਿੰਦਾ, ‘‘ਚੈਖਵ ਜਾਂ ਦੋਸਤੋਵਸਕੀ ਤੋਂ ਵੀ ਪਹਿਲਾਂ ਬਾਲਜ਼ਾਕ ਪੜ੍ਹਨਾ ਚਾਹੀਦੈ।’’ ਫੇਰ ਨੋਬਾਕੋਵ ਦੀ ‘ਲੋਲਿਤਾ’ ਦੀ ਕਹਾਣੀ ਸੁਣਾਉਣ ਲੱਗਾ। ਮੈਂ ਨਾਵਲ ਪੜ੍ਹਿਆ ਸੀ। ਇਸ ਕਰਕੇ ਭਰਵਾਂ ਹੁੰਗਾਰਾ ਭਰ ਰਿਹਾ ਸੀ ਕਿ ਉਹ ਕਾਂਟਾ ਮੋੜ ਕੇ ਹੈਮਿੰਗਵੇ ਵੱਲ ਲੈ ਗਿਆ। ਮੈਂ ‘ਫੇਅਰਵੈੱਲ ਟੂ ਆਰਮਜ਼’ ਬਾਰੇ ਕੁਝ ਪੁੱਛਣ ਹੀ ਲੱਗਾ ਸੀ ਕਿ ਉਸ ਨੇ ਮੰਟੋ ਦੀ ਕਹਾਣੀ ਬਾਰੇ ਗੱਲ ਸ਼ੁਰੂ ਕਰ ਦਿੱਤੀ। ਖ਼ੈਰ! ਇੱਕ ਪਹਿਰ ਦੀ ਮੀਟਿੰਗ ਪਿੱਛੋਂ ਪੁਸਤਕਾਂ ਦੇ ਨਾਂ ਤਾਂ ਬਹੁਤ ਆਏ, ਪਰ ਗੱਲ ਕਿਸੇ ਤਣ-ਪੱਤਣ ਨਾ ਲੱਗੀ। ਇੱਕ ਹੋਰ ਦਿਨ ਮੈਂ ਪੁੱਛਿਆ, ‘‘ਬਾਬਿਓ, ਪੰਜਾਬੀ ਵਿੱਚ ਕੌਣ ਵਧੀਆ ਲਿਖਦਾ ਹੈ?’’ ਕਹਿੰਦਾ, ‘‘ਕਹਿਣ ਨੂੰ ਤਾਂ ਸਾਰੇ ਵਧੀਆ ਲਿਖਦੇ ਐ ਪਰ ਲਿਖਣਾ ਕੋਈ ਬੰਗਾਲੀਆਂ ਤੋਂ ਸਿੱਖੇ।’’ ਬੰਗਾਲੀਆਂ ਤੋਂ ਗੱਲ ਸੱਤਿਆਜੀਤ ਰਾਹੀਂ ਫਿਲਮ ਇੰਡਸਟਰੀ ਵਿੱਚ ਵੜ ਗਈ ਜੋ ਸਿਤਾਰਾ ਦੇਵੀ ਤੋਂ ਲੈ ਕੇ ਸਮਿਤਾ ਪਾਟਿਲ ਤੱਕ ਘੁੰਮਦੀ ਰਹੀ ਪਰ ਇਹ ਸਾਰੀਆਂ ਗੱਲਾਂ ਤਾਂ ਪਿਆਜ਼ ਦੇ ਛਿਲਕਿਆਂ ਨਿਆਈਂ ਹੀ ਸੀ, ਬਦਾਮ ਦੀ ਗਿਰੀ ਤਾਂ ਉਹ ਆਪ ਹੀ ਖਾ ਜਾਂਦਾ ਸੀ। ਉਸ ਕੋਲ ਪੜ੍ਹਨ ਦਾ ਆਨੰਦ ਸੀ, ਸਰੋਤੇ ਪੱਲੇ ਤਾਂ ਲਾਲੀ ਨੂੰ ਸੁਣਨ ਦਾ ਆਨੰਦ ਹੀ ਸੀ। ਪਹਿਲਾਂ ਪਹਿਲ ਉਸ ਦੀਆਂ ਸਾਹਿਤ ਸੱਭਿਆਚਾਰ ਤੇ ਕਲਾ ਬਾਰੇ ਗੱਲਾਂ ਤਲਿਸਮ ਸਿਰਜਦੀਆਂ। ਮੈਂ ਮੰਤਰ ਮੁਗਧ ਹੋ ਕੇ ਸੁਣਦਾ। ਹੌਲੀ ਹੌਲੀ ਤਲਿਸਮ ਘਟਣ ਲੱਗਿਆ। ਲਾਲੀ ਬਾਬਾ ਅਜੇ ਵੀ ਕੌਫੀ ਹਾਊਸ ਆਉਂਦਾ, ਬੈਠਦਾ, ਕੁਝ ਪੁਰਾਣੇ ਅਧਿਆਪਕ ਮਿਲਦੇ, ਕੁਝ ਨਵੇਂ ਖੋਜਾਰਥੀ ਗੱਲਾਂ ਸੁਣਦੇ ਪਰ ਉਸ ਦੀਆਂ ਗੱਲਾਂ ਘਟ ਗਈਆਂ। ਹੱਥਾਂ ਦੇ ਇਸ਼ਾਰੇ ਵਧ ਗਏ। ਕੌਫੀ ਹਾਊਸ ਉੱਜੜ ਗਿਆ ਤੇ ਅਖੀਰ ਬੰਦ ਹੋ ਗਿਆ। ਬਾਬੇ ਦੇ ਚੱਕਰ ਘਟ ਗਏ। ਪਤਾ ਲੱਗਾ ਕਿ ਉਹ ਮਿਊਟ ਹੋ ਗਿਆ ਤੇ ਇੱਕ ਦਿਨ ਤੁਰ ਗਿਆ ਭਰਿਆ ਭਰਿਆ, ਸੱਖਣਾ ਸੱਖਣਾ। ਪਿੱਛੇ ਰਹਿ ਗਈਆਂ ਯਾਦਾਂ, ਯਾਦਾਂ ਨਾਲ ਜੁੜੀ ਮੌਖਿਕ ਇਤਿਹਾਸਕਾਰੀ।
ਕੁੱਲ ਕਹਾਣੀ ਤਾਂ ਏਨੀ ਕੁ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਫਤਿਹਗੜ੍ਹ ਦੇ ਜਾਗੀਰਦਾਰ ਪਰਿਵਾਰ ਦਾ ਪੁੱਤਰ ਹਰਦਿਲਜੀਤ ਸਿੰਘ ਸਿੱਧੂ (ਲਾਲੀ) ਦੀ ਤਰਜ਼ੇ ਜ਼ਿੰਦਗੀ ਨਾ ਮੱਧਕਾਲੀ ਜਾਗ਼ੀਰਦਾਰਾਂ ਵਾਲੀ ਸੀ ਅਤੇ ਨਾ ਹੀ ਆਧੁਨਿਕ ਪ੍ਰੋਫੈਸਰਾਂ ਵਾਲੀ। ਉਸ ਦੀ ਜ਼ਿੰਦਗੀ ਸੂਫ਼ੀ ਫ਼ਕੀਰਾਂ ਵਾਲੀ ਸੀ ਜਿਸ ਨੇ ਸਭ ਕੁਝ ਤਿਆਗਿਆ ਹੋਵੇ। ਜਾਗੀਰਦਾਰੀ ਸ਼ਾਨ ਵੀ ਤੇ ਆਧੁਨਿਕ ਸ਼ਹਿਰੀ ਐਸ਼ੋ-ਇਸ਼ਰਤ ਵਾਲੀਆਂ ਸੁੱਖ ਸਹੂਲਤਾਂ ਵੀ। ਲਾਲੀ ਦੇ ਧੀਆਂ ਪੁੱਤਰਾਂ ਦਾ ਪਿਛੋਕੜ ਤਾਂ ਜਾਗੀਰਦਾਰੀ ਸੀ ਤੇ ਇੱਛਾਵਾਂ ਆਧੁਨਿਕ ਸਾਰੀਆਂ ਸੁੱਖ ਸਹੂਲਤਾਂ ਨੂੰ ਭੋਗਣ ਦੀਆਂ ਸਨ, ਪਰ ਇਸ ਲਈ ਕੀਤੇ ਜਾਣ ਵਾਲੇ ਸਾਰੇ ਮਿਹਨਤੀ ਅਤੇ ਮੀਸਣੇ ਦੋਵਾਂ ਕਾਰਜਾਂ ਤੋਂ ਅਣਜਾਣ ਸਨ। ਮੱਧਵਰਗੀ ਸ਼ਹਿਰੀ ਨੌਕਰੀਸ਼ੁਦਾ ਜ਼ਿੰਦਗੀ ਸੰਜਮ ਅਤੇ ਜੁਗਾੜ ਨਾਲ ਚੱਲਦੀ ਹੈ। ਟੱਬਰ ਸੰਜਮੀ ਨਹੀਂ ਸੀ ਅਤੇ ਲਾਲੀ ਜੁਗਾੜੀ ਨਹੀਂ ਸੀ। ਬੱਚੇ ਯਾਦਵਿੰਦਰਾ ਸਕੂਲ ਵਿੱਚ ਪੜ੍ਹੇ, ਚੰਗੀਆਂ ਗੱਡੀਆਂ ਵਿੱਚ ਘੁੰਮੇ, ਵਧੀਆ ਕੋਠੀਆਂ ਵਿੱਚ ਰਹੇ, ਆਪਣੀ ਤਰਜ਼ ਦੀ ਸ਼ਾਹਾਨਾ ਜ਼ਿੰਦਗੀ ਵਿੱਚ ਪਲੇ ਪਰ ਇਸੇ ਲਾਲੀ ਪਰਿਵਾਰ ਕੋਲ ਆਖ਼ਰੀ ਸਮੇਂ ਸਿਰ ਲੁਕਾਉਣ ਲਈ ਛੱਤ ਮਸਾਂ ਹੀ ਬਚੀ ਸੀ। ਮਾਲ ਰੋਡ ਵਾਲੀ ਕੋਠੀ ਨਵਜੋਤ ਸਿੰਘ ਸਿੱਧੂ ਕੋਲ ਵਿਕ ਚੁੱਕੀ ਸੀ। ਲਾਲੀ ਦੀ ਦੁਨੀਆ ਹੋਰ ਤੇ ਪਰਿਵਾਰ ਦੀ ਦੁਨੀਆ ਹੋਰ ਸੀ। ਉਹ ਪਰਿਵਾਰ ਵਿੱਚ ਵੀ ਬਾਹਰਲਾ ਹੀ ਸੀ। ਆਪ ਸਹੇੜੀ ਫ਼ਕੀਰੀ ਤੋਂ ਵੀ ਬੇਲਾਗਤਾ ਦਾ ਸ਼ਿਕਾਰ ਸੀ।
ਮਹਿਫ਼ਿਲ ਵਿੱਚ ਬੈਠਾ ਹੱਥ ਵਿੱਚ ਪੈੱਗ, ਹੌਲੀ ਹੌਲੀ ਸਿੱਪ ਕਰ ਰਿਹਾ। ਸਾਰੇ ਰੌਲਾ ਪਾਉਂਦੇ ਹਨ, ਚੱਕੋ ਚੱਕੋ। ਉਹ ਸਹਿਜ ਨਾਲ ਆਖਦਾ ਹੈ, ‘‘ਕਾਹਲੀ ਕਾਹਦੀ ਐ?’’ ਮਿੱਤਰ ਦੇ ਘਰ ਮਹਿਫ਼ਿਲ ਹੈ। ਮਿੱਤਰ ਪਤਾ ਨਹੀਂ ਘਰਵਾਲੀ ਦੇ ਦਬਾਅ ਕਾਰਨ ਜਾਂ ਮਹਿਫ਼ਿਲ ਦੇ ਖਰਚ ਤੋਂ ਡਰ ਕੇ ਅਚਾਨਕ ਮਹਿਫ਼ਿਲ ਖ਼ਤਮ ਹੋਣ ਦਾ ਐਲਾਨ ਕਰ ਦਿੰਦਾ ਹੈ। ਸਾਰੇ ਉੱਠ ਖੜ੍ਹਦੇ ਹਨ। ਕਿਸੇ ਹੋਰ ਮਿੱਤਰ ਦੇ ਘਰ ਮਹਿਫ਼ਿਲ ਜਾ ਜੁੜਦੀ ਹੈ। ਸਾਰੇ ਅੱਧ ਵਿਚਾਲੇ ਮਹਿਫ਼ਿਲ ਬਰਖ਼ਾਸਤ ਕਰਨ ਵਾਲੇ ਮਿੱਤਰ ਦੀ ਅਹੀ ਤਹੀ ਫੇਰਦੇ ਹਨ ਪਰ ਲਾਲੀ ਬਾਬਾ ਸਹਿਜ ਹੀ ਆਖਦਾ ਹੈ, ‘‘ਫੇਰ ਕੀ ਹੋਇਆ?’’
ਉਸ ਨੇ ਪੁਸਤਕਾਂ ਨਹੀਂ ਲਿਖੀਆਂ, ਚੇਲੇ ਨਹੀਂ ਮੁੰਨੇ, ਉਹ ਮੌਖਿਕਤਾ ਦਾ ਬਾਦਸ਼ਾਹ ਸੀ। ਸਾਹਿਤ, ਸੱਭਿਆਚਾਰ, ਸਿਨੇਮਾ, ਕਲਾ, ਰਾਜਨੀਤਿਕ ਹਲਚਲ ਸਭ ਉਸ ਦੇ ਵਿਸ਼ੇ ਸਨ। ਉਸ ਦੀ ਪਹੁੰਚ ਮੌਲਿਕ ਤੇ ਦਾਰਸ਼ਨਿਕ ਸੀ ਜਿਸ ਵਿੱਚੋਂ ਕਿਸੇ ਨੂੰ ਮਾਰਕਸਵਾਦੀ ਤੇ ਕਿਸੇ ਨੂੰ ਅਸਤਿਤਵੀ ਧੁਨਾਂ ਸੁਣਾਈ ਦਿੰਦੀਆਂ ਸਨ। ਲਾਲੀ ਦੀ ਕਹਾਣੀ ਨੂੰ ਹਰਪਾਲ ਪੰਨੂ ਉਸ ਦੇ ਰਈਸ ਪਿਓ ਤੋਂ ਸ਼ੁਰੂ ਕਰਦਾ ਹੈ ਜਿਸ ਨੇ ਉਸ ਨੂੰ ਵਿਦਿਆਰਥੀ ਜੀਵਨ ਸਮੇਂ ਰਹਿਣ ਲਈ ਆਸਰਾ ਦਿੱਤਾ ਸੀ। ਕੰਵਲ ਧਾਲੀਵਾਲ ਉਸ ਦੀ ਕਹਾਣੀ ਉਸ ਦੀ ਔਲਾਦ ’ਤੇ ਖ਼ਤਮ ਕਰਦਾ ਹੈ। ਇਸ ਸਭ ਦਾ ਲਬੋ ਲਬਾਬ ਇਹੀ ਹੈ ਕਿ ਤਿੰਨ ਪੀੜ੍ਹੀਆਂ ਵਿੱਚ ਜ਼ਮੀਨ ਜਾਇਦਾਦਾਂ ਦੇ ਮਾਲਕ ਪੈਸੇ ਪੱਖੋਂ ਮੁਥਾਜ ਕਿਵੇਂ ਹੋ ਗਏ? ਕਿਉਂਕਿ ਕੁਝ ਵਿਅਕਤੀਗਤ ਕਮਜ਼ੋਰੀਆਂ ਵਾਲੇ ਜਾਗੀਰਦਾਰਾਂ ਨੂੰ ਛੱਡ ਕੇ ਸਭ ਦੇ ਰੁਤਬੇ ਨਵੇਂ ਯੁੱਗ ਵਿੱਚ ਵਧੇ ਹੀ ਹਨ ਤੇ ਲਾਲੀ ਦੇ ਪਰਿਵਾਰ ਨਾਲ ਐਸਾ ਕੀ ਵਾਪਰਿਆ ਕਿ ਇਸ ਦਾ ਕਾਰਨ ਲਾਲੀ ਸੀ ਜਾਂ ਪਰਿਵਾਰ, ਕਿਹਾ ਨਹੀਂ ਜਾ ਸਕਦਾ। ਪਰ ਇੱਕ ਗੱਲ ਪੱਕੀ ਹੈ ਕਿ ਪਰਿਵਾਰ ਦੀਆਂ ਇੱਛਾਵਾਂ ਉੱਚੀਆਂ ਸਨ ਅਤੇ ਲਾਲੀ ਦੁਨੀਆਦਾਰੀ ਤੋਂ ਪਰ੍ਹੇ ਸੀ।
ਸਰੋਤਾ ਸੁਣਦਾ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ। ਪਿੱਛੋਂ ਆ ਕੇ ਉਹ ਗੱਲ ਸੁਣਾਉਂਦਿਆਂ ਹੱਸਦਾ ਹੱਸਦਾ ਨੇੜੇ ਬੈਠੇ ਦੇ ਪੱਟ ਜਾਂ ਵੱਖੀ ਵਿੱਚ ਘੁੰਮਦੇ ਹੱਥ ਦਾ ਹਲਕਾ ਜਿਹਾ ਧੱਫਾ ਮਾਰਦਾ। ਉਸ ਸਮੇਂ ਉਹ ਪੂਰੇ ਜਲੌਅ ਵਿੱਚ ਹੁੰਦਾ ਸੀ। ਉਹ ਸਮਕਾਲੀ ਰਾਜਸੀ ਵੱਡੀਆਂ ਘਟਨਾਵਾਂ ਨੂੰ ਵਿਸ਼ਵ ਪਰਿਪੇਖ ਵਿੱਚ ਰੱਖ ਕੇ ਨਿਗੂਣੀਆਂ ਬਣਾ ਦਿੰਦਾ ਸੀ। ਸਾਹਿਤਕ ਹਵਾਲੇ ਦੇ ਕੇ ਫਿਲਮਾਂ ਵਿੱਚੋਂ ਪ੍ਰਸੰਗ ਸੁਣਾ ਕੇ ਘਟਨਾਵਾਂ ਨੂੰ ਦਾਰਸ਼ਨਿਕ ਰੰਗ ਵਿੱਚ ਰੰਗ ਦਿੰਦਾ ਤੇ ਕਈ ਵਾਰ ਉਹ ਨਿਗੂਣੀਆਂ ਘਟਨਾਵਾਂ ਨੂੰ ਵੱਡੇ ਅਰਥਾਂ ਵਿੱਚ ਫੈਲਾ ਦਿੰਦਾ ਸੀ।
ਉਹ ਸੰਵਾਦ ਨਹੀਂ, ਪ੍ਰਵਚਨ ਸਿਰਜਦਾ ਸੀ। ਇੱਕ ਤਰ੍ਹਾਂ ਨਾਲ ਏਕਾਲਾਪ ਸੀ ਪਰ ਇਹ ਏਕਾਲਾਪ ਸਰੋਤਿਆਂ ਦੀ ਮੌਜੂਦਗੀ ਵਿੱਚ ਜਲੌਅ ਫੜਦਾ ਸੀ। ਉਸ ਦਾ ਸੰਦਰਭ ਬਿੰਦੂ ਕੋਈ ਪੋਥੀ, ਪੇਂਟਿੰਗ ਜਾਂ ਫਿਲਮ ਹੁੰਦੀ ਜਿਸ ਨੂੰ ਉਹ ਆਪਣੇ ਮੌਖਿਕ ਬੌਧਿਕ ਪ੍ਰਵਚਨ ਨਾਲ ਵਿਸਤਾਰ ਦਿੰਦਾ। ਉਸ ਦੇ ਪ੍ਰਵਚਨ ਵਿੱਚ ਜੜ੍ਹਤਾ ਨਹੀਂ ਸੀ। ਇੱਕ ਨਹੀਂ ਦਰਜਨਾਂ ਕਲਾਕਾਰਾਂ, ਕਲਮਕਾਰਾਂ, ਕਲਾਧਾਰੀਆਂ ਦੇ ਦਿਮਾਗ਼ ਲਾਲੀ ਛਾਪ ਨੇ ਖੁਣੇ ਹੋਏ ਹਨ। ਉਸ ਦੇ ਸ਼ਬਦ ਨਵਿਆਂ ਲਈ ਬੌਧਿਕ ਰਸ ਪੈਦਾ ਕਰਦੇ ਜਿਸ ਵਿੱਚ ਨਸ਼ਾ ਹੁੰਦਾ ਸੀ। ਉਹ ਨਸ਼ਾ ਨਵਿਆਂ ਨੂੰ ਉੱਡਣ ਲਾ ਦਿੰਦਾ ਜਿਸ ਦੇ ਸਹਾਰੇ ਉਹ ਅਣਜਾਣੇ ਸੰਸਾਰ ਵਿੱਚ ਪਰਵਾਜ਼ ਭਰਨ ਦਾ ਹੌਸਲਾ ਕਰਦੇ। ਵੱਡੇ ਵੱਡੇ ਦਿੱਗਜਾਂ ਨੂੰ ਮੂੰਹ ਭਾਰ ਸੁੱਟਦੇ। ਕਿਸੇ ਮਨਪਸੰਦ ਵੱਡੇ ਦੀ ਹੋਰ ਵੀ ਵੱਡੀ ਮੂਰਤ ਸਥਾਪਤ ਕਰ ਦਿੰਦੇ। ਇੰਜ ਕਹਾਣੀਆਂ ਚਲਦੀਆਂ ਰਹਿੰਦੀਆਂ। ਇਨ੍ਹਾਂ ਕਹਾਣੀਆਂ ਨਾਲ ਲਾਲੀ ਆਪਣੇ ਆਲੇ-ਦੁਆਲੇ ਦੀ ਚੇਤਨਾ ਦੀ ਘਾੜਤ ਘੜਦਾ ਰਹਿੰਦਾ। ਮੌਖਿਕਤਾ ਤੋਂ ਬਾਅਦ ਲਾਲੀ ਦਾ ਦੂਜਾ ਹਥਿਆਰ ਸੀ ਆਪਣੀ ਦੇਹ ਦੀ ਮੌਜੂਦਗੀ ਨਾਲ ਹੋਂਦ ਦਾ ਅਹਿਸਾਸ ਦੇਣਾ। ਨਾਲ ਦੇ ਨੂੰ ਨਾਲ ਹੋਣ ਦੀ ਭਾਵਨਾ ਨਾਲ ਭਰ ਦੇਣਾ। ਕੁਝ ਵਾਪਰਨ ਦੀ ਘੜੀ ਦਾ ਗਵਾਹ ਬਣ ਜਾਣਾ। ਸਾਖ਼ਸ਼ੀ ਹੋ ਜਾਣਾ। ਕੋਈ ਪੇਂਟਿੰਗ ਪ੍ਰਦਰਸ਼ਨੀ ਹੋਣੀ, ਕਿਤੇ ਕਲਾਸੀਕਲ ਸੰਗੀਤ ਹੋਣਾ, ਕਿਧਰੇ ਨਾਚ ਹੋਣਾ, ਕਿਤੇ ਨਾਟਕ ਹੋਣਾ, ਫਿਲਮ ਚੱਲਣੀ ਲਾਲੀ ਹਾਜ਼ਰ ਹੁੰਦਾ ਸੀ। ਉਸ ਦਾ ਸਰੋਤਿਆਂ ਦਰਸ਼ਕਾਂ ਵਿੱਚ ਬੈਠੇ ਹੋਣਾ ਹੀ ਕਲਾਕਾਰ ਲਈ ਇਨਾਮ ਸੀ ਕਿ ਇਹ ਚੀਜ਼ ਉਸ ਲਾਲੀ ਨੇ ਵੀ ਮਾਣੀ ਹੈ ਜਿਸ ਨੇ ਹਜ਼ਾਰਾਂ ਚੰਗੀਆਂ ਕਲਾਤਮਿਕ ਚੀਜ਼ਾਂ ਮਾਣੀਆਂ ਨੇ। ਉਸ ਦੀ ਹੋਂਦ ਹੀ ਕਾਫ਼ੀ ਸੀ ਜੇ ਕੁਝ ਉਚਰ ਦਿੰਦਾ ਤਾਂ ਬੰਦੇ ਦੀ ਚਾਂਦੀ ਸੀ। ਲਾਲੀ ਆਪਣੀ ਮਿਸਾਲ ਆਪ ਸੀ, ਉਸ ਦੀ ਨਕਲ ਨਹੀਂ ਹੋ ਸਕਦੀ। ਉਸ ਦੀ ਕੋਈ ਫੋਟੋਕਾਪੀ ਤਿਆਰ ਨਹੀਂ ਹੋ ਸਕਦੀ ਸੀ। ਉਸ ਵਰਗੀ ਜ਼ਿੰਦਗੀ ਜਿਉਣੀ ਹਰੇਕ ਦੇ ਹਿੱਸੇ ਨਹੀਂ ਆਉਂਦੀ। ਉਸ ਵਿੱਚ ਸਵੈ ਨੂੰ ਪੀੜਨ ਦੀ ਅਤੇ ਉਸ ਪੀੜਾ ਵਿੱਚੋਂ ਮੁਸਕਰਾ ਕੇ ਆਨੰਦ ਲੈਣ ਦੀ ਸਮਰੱਥਾ ਸੀ। ਸ਼ਾਇਦ ਉਸ ਦਾ ਜ਼ਿੰਦਗੀ ਜਿਉਣ ਦਾ ਇਹੀ ਤਰੀਕਾ ਸੀ। ਜਦੋਂ ਨਵਤੇਜ ਭਾਰਤੀ ਦੀ ਕਿਤਾਬ ‘ਲਾਲੀ’ ਆਈ ਤਾਂ ਮੈਂ ਉਸ ਬਹਾਨੇ, ਸਾਰੇ ਨੇੜੇ-ਤੇੜੇ ਦੇ ਭੂਤਵਾੜੀਆਂ ਨੂੰ ਸੱਦਾ ਦਿੱਤਾ। ਵੱਡਾ ਸਮਾਗਮ ਹੋਇਆ। ਸਭ ਨੇ ਲਾਲੀ ’ਤੇ ‘ਲਾਲੀ’ ਬਹਾਨੇ ਆਪਣੀ ਗੌਰਵ ਗਾਥਾ ਆਖੀ, ਬੱਸ ਕੇਵਲ ਲਾਲੀ ਚੁੱਪ ਸੀ। ਉਸ ਨੇ ਆਪਣੀ ਮਰਜ਼ੀ ਨਾਲ ਲੰਮੇ ਸਮੇਂ ਤੋਂ ਮੋਨ ਧਾਰਿਆ ਹੋਇਆ ਸੀ। ਨੇੜੇ ਦੇ ਦੱਸਣ ਵਾਲੇ ਦੱਸਦੇ ਹਨ ਅਤੇ ਲਿਖ ਕੇ ਗਵਾਹੀ ਦਿੰਦੇ ਹਨ ਕਿ ਲਾਲੀ ਦੀ ਸੁਪਤਨੀ ਸਤਵੰਤ ਕੌਰ ਅਕਸਰ ਆਖਦੀ ਸੀ ਤੁਸੀਂ ਇਸ ਨੂੰ ਸਿਰ ’ਤੇ ਚੜ੍ਹਾਇਆ ਹੋਇਆ ਹੈ, ਮੈਨੂੰ ਤਾਂ ਇਸ ਵਿੱਚ ਕਦੇ ਕੋਈ ਅਜਿਹੀ ਗੱਲ ਨਹੀਂ ਲੱਭੀ। ਉਸ ਨੇ ਉਸ ਦਿਨ ਵੇਖ ਲਿਆ ਸੀ ਕਿ ਸੱਚਮੁੱਚ ਉਹ ਲੋਕਾਂ ਨੇ ਸਿਰ ’ਤੇ ਨਹੀਂ ਚੜ੍ਹਾਇਆ ਸਗੋਂ ਸਿਰ ’ਤੇ ਬਿਠਾਇਆ ਹੋਇਆ ਸੀ ਕਿਉਂਕਿ ਉਹ ਜਾਣਦੇ ਸਨ ਕਿ ਉਹ ਪੰਜਾਬੀ ਚੇਤਨਾ ਦੀ ਉਹ ਉਡਾਣ ਹੈ ਜਿਸ ਵਿੱਚ ਘਰ ਫੂਕ ਤਮਾਸ਼ਾ ਵੇਖਣਾ ਵੀ ਸ਼ਾਮਲ ਸੀ ਤੇ ਭਰਥਰੀ ਹਰੀ ਦਾ ਰਾਜ ਮਹਿਲ ਤਿਆਗ ਕੇ ਯੋਗ ਨੂੰ ਤੁਰ ਜਾਣਾ ਵੀ ਸੀ। ਲਾਲੀ ਗਿਆਨ ਨਹੀਂ, ਗਿਆਨ ਲਈ ਭੁੱਖ ਪੈਦਾ ਕਰਦਾ ਸੀ। ਉਸ ਨੇ ਇੱਕ ਪੂਰੀ ਪੀੜ੍ਹੀ ਦੇ ਕਾਫ਼ੀ ਵੱਡੇ ਸੰਵੇਦਨਸ਼ੀਲ ਹਿੱਸੇ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਅੱਗੇ ਦੀਵੇ ਨਾਲ ਦੀਵਾ ਜਗਾਇਆ ਹੈ। ਉਹ ਸਾਹਿਤ ਰਾਹੀਂ ਸੰਵੇਦਨਾ ਦਾ ਸੰਚਾਰ ਕਰਦਾ ਸੀ ਅਤੇ ਬੌਧਿਕ ਸੱਭਿਆਚਾਰ ਦਾ ਨਿਰਮਾਣ ਕਰਦਾ ਸੀ। ਲਾਲੀਵਾਦ ਦੇ ਕੇਂਦਰ ਵਿੱਚ ਕਿਤਾਬ ਸੀ ਅਤੇ ਮਾਇਆ ਤੋਂ ਬੇਨਿਆਜ਼ੀ ਸੀ ਜਿਸ ਨਾਲ ਮਲੰਗੀ ਪੈਦਾ ਹੁੰਦੀ ਸੀ। ਇਹ ਮਲੰਗੀ ਗ਼ਰੀਬਾਂ ਲਈ ਅਮੀਰ ਨਾ ਹੋਣ ਤੋਂ ਬਚਣ ਲਈ ਓਢਣ ਸੀ, ਅਮੀਰ ਨਾ ਹੋਣ ਦੇ ਸੰਤਾਪ ਤੋਂ ਬਚਣ ਦੀ ਸ਼ਰਨਗਾਹ ਸੀ ਜਦੋਂਕਿ ਅਮੀਰਾਂ ਲਈ ਇਹ ਮਲੰਗੀ, ਆਪਣੇ ਅਮੀਰ ਹੋਣ ਦੇ ਅਪਰਾਧਬੋਧ ਤੋਂ ਮੁਕਤੀ ਦੀ ਅਯਾਸ਼ੀ ਸੀ। ਹੈਰਾਨੀ ਵਾਲੀ ਗੱਲ ਹੈ ਕਿ ਭੂਤਵਾੜੇ ਦੇ ਭੂਤ ਅਮੀਰ ਹੋ ਗਏ ਅਤੇ ਅਮੀਰ ਮਲੰਗ ਹੋ ਗਏ।
ਅਜੇ ਪਟਿਆਲਾ ਵਿਕਾਊ ਨਹੀਂ ਹੋਇਆ
ਅਜੇ ਇਹਦੀਆਂ ਗਲੀਆਂ ਵਿੱਚ ਲਾਲੀ ਘੁੰਮਦਾ ਹੈ।
ਲਾਲੀ ਦੇ ਜਿਊਂਦਿਆਂ ਨਵਤੇਜ ਭਾਰਤੀ ਨੇ ਲਿਖਿਆ ਸੀ, ‘‘ਮੈਂ ਆਖਦਾ ਪਟਿਆਲਾ ਅਜੇ ਵੀ ਵਿਕਾਊ ਨਹੀਂ, ਇੱਥੋਂ ਦੀ ਫ਼ਿਜਾ ਵਿੱਚ ਲਾਲੀ ਅਤੇ ਭੂਤਵਾੜੇ ਦੀਆਂ ਕਥਾਵਾਂ ਘੁੰਮਦੀਆਂ ਹਨ।’’
ਸੰਪਰਕ: 98150-50617

Advertisement
Advertisement