For the best experience, open
https://m.punjabitribuneonline.com
on your mobile browser.
Advertisement

ਭੂਟੀਆ ਨੇ ਤਕਨੀਕੀ ਕਮੇਟੀ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ

08:13 AM Jul 21, 2024 IST
ਭੂਟੀਆ ਨੇ ਤਕਨੀਕੀ ਕਮੇਟੀ ਤੋਂ ਅਸਤੀਫ਼ਾ ਦੇਣ ਦੀ ਗੱਲ ਕਹੀ
Advertisement

ਨਵੀਂ ਦਿੱਲੀ, 20 ਜੁਲਾਈ
ਉੱਘੇ ਫੁਟਬਾਲਰ ਬਾਈਚੁੰਗ ਭੂਟੀਆ ਨੇ ਅੱਜ ਇੱਥੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੀ ਕਾਰਜਕਾਰੀ ਕਮੇਟੀ ਨੂੰ ਦੱਸਿਆ ਕਿ ਉਹ ਤਕਨੀਕੀ ਕਮੇਟੀ ਦੀ ਆਪਣੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹੈ। ਉਸ ਨੇ ਕੌਮੀ ਪੁਰਸ਼ ਟੀਮ ਦੇ ਮੁੱਖ ਕੋਚ ਦੀ ਨਿਯੁਕਤੀ ਸਮੇਂ ਪੈਨਲ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ।
ਮੌਜੂਦਾ ਸਮੇਂ ਇੰਡੀਅਨ ਸੁਪਰ ਲੀਗ ਟੀਮ ਐੱਫਸੀ ਗੋਆ ਦੇ ਇੰਚਾਰਜ ਮੈਨੋਲੋ ਮਾਰਕੁਏਜ਼ ਨੂੰ ਏਆਈਐੱਫਐੱਫ ਕਾਰਜਕਾਰੀ ਕਮੇਟੀ ਵੱਲੋਂ ਭਾਰਤ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਾਬਕਾ ਖਿਡਾਰੀ ਵਜੋਂ ਕਾਰਜਕਾਰੀ ਕਮੇਟੀ ਦੇ ਸਹਾਇਕ ਮੈਂਬਰ ਚੁਣੇ ਗਏ ਭੂਟੀਆ ਨੇ ਦਾਅਵਾ ਕੀਤਾ ਕਿ ਆਮ ਤੌਰ ’ਤੇ ਤਕਨੀਕੀ ਕਮੇਟੀ ਨੈਸ਼ਨਲ ਟੀਮ ਦੇ ਮੁੱਖ ਕੋਚ ਦੀ ਸਿਫ਼ਾਰਸ਼ ਕਰਦੀ ਹੈ। ਮੌਜੂਦਾ ਤਕਨੀਕੀ ਪੈਨਲ ਦੀ ਅਗਵਾਈ ਆਈਐੱਮ ਵਿਜਯਨ ਕਰ ਰਹੇ ਹਨ। ਭੂਟੀਆ ਨੇ ਕਿਹਾ, ‘‘ਮੈਂ ਅਤੀਤ (2013 ਤੋਂ 2017) ਵਿੱਚ ਏਆਈਐੱਫਐੱਫ ਤਕਨੀਕੀ ਕਮੇਟੀ ਦਾ ਚੇਅਰਮੈਨ ਰਿਹਾ ਹਾਂ ਅਤੇ ਸਟੀਫਨ ਕਾਂਸਟੇਨਟਾਈਨ ਵਾਂਗ ਕੋਚ ਦੀਆਂ ਨਿਯੁਕਤੀਆਂ ਵਿੱਚ ਸ਼ਾਮਲ ਰਿਹਾ ਹਾਂ। ਇਹ ਤਕਨੀਕੀ ਕਮੇਟੀ ਦਾ ਕੰਮ ਹੈ ਕਿ ਉਹ ਉਨ੍ਹਾਂ ਉਮੀਦਵਾਰਾਂ ਦੀ ਸੂਚੀ ਬਣਾਏ, ਜਿਨ੍ਹਾਂ ਨੇ ਅਰਜ਼ੀ ਦਿੱਤੀ ਹੈ ਅਤੇ ਯੋਗ ਵਿਅਕਤੀ ਨੂੰ ਕੋਚ ਬਣਾਏ। ਪਰ ਇਸ ਵਾਰ ਤਕਨੀਕੀ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ। ਜੇਕਰ ਤੁਸੀਂ ਮੁੱਖ ਕੋਚ ਦੀ ਨਿਯੁਕਤੀ ਲਈ ਤਕਨੀਕੀ ਕਮੇਟੀ ਨੂੰ ਅਣਗੌਲਿਆਂ ਕਰਨਾ ਹੈ ਤਾਂ ਅਸੀਂ ਕਿਉਂ ਹਾਂ। ਜਦੋਂ ਤਕਨੀਕੀ ਕਮੇਟੀ ਦੀ ਕੋਈ ਕਦਰ ਨਹੀਂ ਤਾਂ ਫਿਰ ਅਸੀਂ ਇੱਥੇ ਕਿਉਂ ਹਾਂ। ਮੈਂ ਤਕਨੀਕੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ।’’ ਏਆਈਐੱਫਐੱਫ ਤਕਨੀਕੀ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਸ਼ਬੀਰ ਅਲੀ, ਕਲਾਈਮੈਕਸ ਲਾਰੈਂਸ, ਵਿਕਟਰ ਅਮਲਰਾਜ ਅਤੇ ਸੰਤੋਸ਼ ਸਿੰਘ ਸ਼ਾਮਲ ਹਨ। ਦੂਜੇ ਪਾਸੇ ਏਆਈਐੱਫਐੱਫ ਨੇ ਕਿਹਾ ਕਿ ਵਿਜਯਨ ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਵਿੱਚ ਸ਼ਾਮਲ ਹੋਏ। ਏਆਈਐੱਫਐੱਫ ਦੇ ਕਾਰਜਕਾਰੀ ਸਕੱਤਰ ਜਨਰਲ ਐੱਮ ਸੱਤਿਆਨਰਾਇਣ ਨੇ ਕਿਹਾ ਕਿ ਕੋਚ ਦੀ ਨਿਯੁਕਤੀ ਪ੍ਰਕਿਰਿਆ ਦੌਰਾਨ ਤਕਨੀਕੀ ਕਮੇਟੀ ਦੇ ਚੇਅਰਮੈਨ ਵਿਜਯਨ ਨਾਲ ਸਲਾਹ ਕੀਤੀ ਸੀ। -ਪੀਟੀਆਈ

Advertisement

ਮੈਨੋਲੋ ਮਾਰਕੁਏਜ਼ ਭਾਰਤੀ ਫੁਟਬਾਲ ਟੀਮ ਦੇ ਮੁੱਖ ਕੋਚ ਨਿਯੁਕਤ

ਨਵੀਂ ਦਿੱਲੀ: ਮੈਨੋਲੋ ਮਾਰਕੁਏਜ਼ ਨੂੰ ਭਾਰਤੀ ਪੁਰਸ਼ ਫੁਟਬਾਲ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੇ ਐਕਸ ’ਤੇ ਸਾਂਝੀ ਕੀਤੀ। ਉਹ ਇਸ ਵੇਲੇ ਐਫਸੀ ਗੋਆ ਦੇ ਮੁੱਖ ਕੋਚ ਵਜੋਂ ਨਿਯੁਕਤ ਹਨ। ਇਸ ਤੋਂ ਪਹਿਲਾਂ ਸਾਬਕਾ ਕਰੋਏਸ਼ਿਆਈ ਫੁਟਬਾਲਰ ਇਗੋਰ ਸਟੀਮੈਕ ਭਾਰਤੀ ਟੀਮ ਦੇ ਮੁੱਖ ਕੋਚ ਸਨ ਜਿਸ ਨੂੰ ਜੂਨ ਦੇ ਸ਼ੁਰੂ ਵਿੱਚ ਫੀਫਾ ਵਿਸ਼ਵ ਕੱਪ 2026 ਕੁਆਲੀਫਿਕੇਸ਼ਨ ਮੁਹਿੰਮ ਵਿੱਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਮੁੱਖ ਕੋਚ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮੁੱਖ ਕੋਚ ਦੀ ਨਿਯੁਕਤੀ ਲਈ ਏਆਈਐਫਐਫ ਦੇ ਪ੍ਰਧਾਨ ਕਲਿਆਣ ਚੌਬੇ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਕਮੇਟੀ ਦੀ ਮੀਟਿੰਗ ਨਵੀਂ ਦਿੱਲੀ ਦੇ ਫੁਟਬਾਲ ਹਾਊਸ ਵਿੱਚ ਹੋਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਰਕੁਏਜ਼ 2024-25 ਦੇ ਸੀਜ਼ਨ ਦੌਰਾਨ ਐਫਸੀ ਗੋਆ ਦੇ ਮੁੱਖ ਕੋਚ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖੇਗਾ ਤੇ ਉਹ ਦੋਵੇਂ ਜ਼ਿੰਮੇਵਾਰੀਆਂ ਨਾਲ-ਨਾਲ ਸੰਭਾਲੇਗਾ।

Advertisement
Author Image

sukhwinder singh

View all posts

Advertisement
Advertisement
×