ਓਲੰਪਿਕ: ਭਾਰਤੀ ਤੀਰਅੰਦਾਜ਼ੀ ਟੀਮਾਂ ਕੁਆਰਟਰਜ਼ ’ਚ ਪੁੱਜੀਆਂ
ਪੈਰਿਸ, 25 ਜੁਲਾਈ
ਲੈਅ ਵਿੱਚ ਚੱਲ ਰਹੇ ਤੀਰਅੰਦਾਜ਼ ਧੀਰਜ ਬੋਮਾਦੇਵਰਾ ਅਤੇ ਅੰਕਿਤਾ ਭਕਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਪੈਰਿਸ ਓਲੰਪਿਕ ਵਿੱਚ ਆਪਣੀ ਮੁਹਿੰਮ ਦਾ ਸੁਨਹਿਰਾ ਆਗਾਜ਼ ਕੀਤਾ ਅਤੇ ਪੁਰਸ਼ ਤੇ ਮਹਿਲਾ ਵਰਗ ਦੇ ਕੁਆਰਟਰਜ਼ ਵਿੱਚ ਸਿੱਧੇ ਥਾਂ ਬਣਾ ਲਈ। ਭਾਰਤੀ ਪੁਰਸ਼ ਟੀਮ ਦਰਜਾਬੰਦੀ ਗੇੜ ਵਿੱਚ ਤੀਸਰੇ ਅਤੇ ਮਹਿਲਾ ਟੀਮ ਚੌਥੇ ਸਥਾਨ ’ਤੇ ਰਹੀ। ਪਹਿਲਾ ਓਲੰਪਿਕ ਖੇਡ ਰਹੇ ਧੀਰਜ ਅਤੇ ਅੰਕਿਤਾ ਦੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਭਾਰਤ ਸਿਖਰਲੇ ਚਾਰ ਵਿੱਚ ਰਿਹਾ ਜਿਸ ਕਾਰਨ ਉਸ ਨੂੰ ਨਾਕਆਊਟ ਵਿੱਚ ਚੰਗਾ ਡਰਾਅ ਮਿਲਿਆ ਹੈ। ਟੀਮ ਸੂਚੀ ਵਿੱਚ ਪਹਿਲੀਆਂ ਚਾਰ ਟੀਮਾਂ ਸਿੱਧੇ ਕੁਆਰਟਰ ਲਈ ਕੁਆਲੀਫਾਈ ਕਰਦੀਆਂ ਹਨ ਜਦਕਿ ਪੰਜਵੇਂ ਤੋਂ 12ਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਆਖ਼ਰੀ-16 ਵਿੱਚ ਖੇਡਣਗੀਆਂ।
ਭਾਰਤੀ ਪੁਰਸ਼ ਟੀਮ ਨੂੰ ਤੀਸਰੀ ਦਰਜਾਬੰਦੀ ਮਿਲੀ ਹੈ ਜਿਸ ਦਾ ਅਰਥ ਹੈ ਕਿ ਅਗਲੇ ਗੇੜ ਵਿੱਚ ਉਹ ਕੋਰੀਆ ਵਾਲੇ ਪੂਲ ਵਿੱਚ ਨਹੀਂ ਹੋਵੇਗੀ। ਹੁਣ ਦੋਵਾਂ ਭਾਰਤੀ ਟੀਮਾਂ ਨੇ ਓਲੰਪਿਕ ਤਗ਼ਮੇ ਲਈ ਦੋ ਜਿੱਤਾਂ ਹੋਰ ਦਰਜ ਕਰਨੀਆਂ ਹਨ। ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਧੀਰਜ ਵਿਅਕਤੀਗਤ ਗੇੜ ਵਿੱਚ ਚੌਥੇ ਸਥਾਨ ’ਤੇ ਰਿਹਾ। ਧੀਰਜ ਅਤੇ ਅੰਕਿਤਾ ਨੂੰ ਆਖ਼ਰੀ-16 ਵਿੱਚ ਮਿਕਸਡ ਟੀਮ ਵਰਗ ਵਿੱਚ ਪੰਜਵੀਂ ਦਰਜਾਬੰਦੀ ਮਿਲੀ ਹੈ। ਭਾਰਤੀ ਮਿਕਸਡ ਟੀਮ ਨੇ 1347 ਅੰਕ ਬਣਾਏ। ਵਿਅਕਤੀਗਤ ਵਰਗ ਵਿੱਚ ਤਰੁਣਦੀਪ ਰਾਏ 14ਵੇਂ ਅਤੇ ਪ੍ਰਵੀਨ ਜਾਧਵ 39ਵੇਂ ਸਥਾਨ ’ਤੇ ਰਹੇ। ਕੋਰੀਆ ਦੇ ਵੂਜ਼ਿਨ ਕਿਮ ਅਤੇ ਜੇ ਦਿਯੋਕ ਕਿਮ ਪਹਿਲੇ ਦੋ ਸਥਾਨਾਂ ’ਤੇ ਰਹੇ ਜਦਕਿ ਜਰਮਨੀ ਦੇ ਫਲੋਰੀਅਨ ਉਨਰੂਹ ਤੀਸਰੇ ਸਥਾਨ ’ਤੇ ਰਹੇ।
ਇਸ ਤੋਂ ਪਹਿਲਾਂ ਅੰਕਿਤਾ ਨੇ ਤਜਰਬੇਕਾਰ ਦੀਪਿਕਾ ਕੁਮਾਰੀ ਨੂੰ ਪਛਾੜਦਿਆਂ ਮਹਿਲਾ ਵਿਅਕਤੀਗਤ ਰਿਕਰਵ ਕੁਆਲੀਫਿਕੇਸ਼ਨ ਵਿੱਚ ਭਾਰਤੀਆਂ ਵਿੱਚ ਸਰਵੋਤਮ 11ਵਾਂ ਸਥਾਨ ਹਾਸਲ ਕੀਤਾ ਹੈ। ਇਸ ਨਾਲ ਦੇਸ਼ ਨੇ ਚੌਥੇ ਸਥਾਨ ’ਤੇ ਰਹਿ ਕੇ ਟੀਮ ਮੁਕਾਬਲੇ ਵਿੱਚ ਕੁਆਰਟਰਜ਼ ਵਿੱਚ ਥਾਂ ਬਣਾ ਲਈ ਹੈ।
ਅੰਕਿਤਾ (26 ਸਾਲ) 666 ਅੰਕਾਂ ਨਾਲ ਭਾਰਤੀ ਮਹਿਲਾ ਤੀਰਅੰਦਾਜ਼ਾਂ ਵਿੱਚ ਸਰਵੋਤਮ ਰੈਂਕਿੰਗ ’ਤੇ ਰਹੀ। ਉਸ ਤੋਂ ਬਾਅਦ ਭਜਨ ਕੌਰ 559 ਅੰਕਾਂ ਨਾਲ 22ਵੇਂ ਅਤੇ ਦੀਪਿਕਾ ਕੁਮਾਰੀ 658 ਅੰਕਾਂ ਨਾਲ 23ਵੇਂ ਸਥਾਨ ’ਤੇ ਰਹੀ। ਟੀਮ ਮੁਕਾਬਲੇ ਵਿੱਚ ਭਾਰਤ ਨੇ 1983 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ ਜਿਸ ਵਿੱਚ ਦੱਖਣੀ ਕੋਰੀਆ 2046 ਅੰਕਾਂ ਨਾਲ ਸਿਖਰਲੇ ਸਥਾਨ ’ਤੇ ਰਿਹਾ ਹੈ। ਚੀਨ ਉਪ ਜੇਤੂ, ਜਦਕਿ ਮੈਕਸਿਕੋ ਤੀਸਰੇ ਸਥਾਨ ’ਤੇ ਰਿਹਾ। ਭਾਰਤ ਦਾ ਸਾਹਮਣਾ ਕੁਆਰਟਰਜ਼ ਵਿੱਚ ਫਰਾਂਸ ਜਾਂ ਨੈਦਰਲੈਂਡਜ਼ ਨਾਲ ਹੋਵੇਗਾ। ਜੇ ਭਾਰਤੀ ਮਹਿਲਾ ਟੀਮ ਕੁਆਰਟਰ ਦਾ ਅੜਿੱਕਾ ਪਾਰ ਕਰ ਲੈਂਦੀ ਹੈ ਤਾਂ ਉਸ ਨੂੰ ਸੈਮੀ ਫਾਈਨਲ ਵਿੱਚ ਮਜ਼ਬੂਤ ਕੋਰਿਆਈ ਟੀਮ ਨਾਲ ਭਿੜਨਾ ਪੈ ਸਕਦਾ ਹੈ।
ਕੋਰਿਆਈ ਟੀਮ ਓਲੰਪਿਕ ਵਿੱਚ ਜੇਤੂ ਰਹੀ ਹੈ, ਉਸ ਨੇ ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਲਗਾਤਾਰ ਨੌਵਾਂ ਤਗ਼ਮਾ ਜਿੱਤਿਆ ਸੀ। ਵਿਅਕਤੀਗਤ ਵਰਗ ਵਿੱਚ ਕੋਰੀਆ ਦੀ ਲਿਮ ਸਿਹਯਿਓਨ ਨੇ 694 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ, ਜਦਕਿ ਉਸ ਦੀ ਹਮਵਤਨ ਸੁਹਿਓਨ ਨਾਮ 688 ਅੰਕਾਂ ਨਾਲ ਦੂਸਰੇ ਸਥਾਨ ’ਤੇ ਰਹੀ। ਚੀਨ ਦੀ ਯਾਂਗ ਸ਼ੀਆਓਲੇਈ 673 ਅੰਕਾਂ ਨਾਲ ਤੀਸਰੇ ਸਥਾਨ ’ਤੇ ਰਹੀ। ਦੀਪਿਕਾ ਪਹਿਲੀ ਵਾਰ ਮਿਕਸਡ ਟੀਮ ਮੁਕਾਬਲਾ ਨਹੀਂ ਖੇਡੇਗੀ ਕਿਉਂਕਿ ਅੰਕਿਤਾ ਭਾਰਤੀਆਂ ਵਿੱਚ ਸਿਖਰ ’ਤੇ ਰਹੀ ਹੈ। -ਪੀਟੀਆਈ