ਭੂੰਦੜ ਤੇ ਬ੍ਰਹਮ ਮਹਿੰਦਰਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ
ਪੱਤਰ ਪ੍ਰੇਰਕ
ਪਟਿਆਲਾ, 4 ਸਤੰਬਰ
ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਅਕਾਲ ਚਲਾਣੇ ਨੂੰ ਕੋਹਲੀ ਪਰਿਵਾਰ ਦੇ ਨਾਲ-ਨਾਲ ਪਟਿਆਲਾ ਸ਼ਹਿਰ ਤੇ ਪੰਜਾਬ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਕੋਹਲੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਕੋਰ ਕਮੇਟੀ ਮੈਂਬਰ ਦਰਬਾਰਾ ਸਿੰਘ ਗੁਰੂ ਅਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਕੋਹਲੀ ਭਰਾਵਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਭਾਜਪਾ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਨੂੰ ਮਿਲ ਕੇ ਹਮਦਰਦੀ ਪ੍ਰਗਟ ਕੀਤੀ। ਅਕਾਲੀ ਆਗੂ ਭੂੰਦੜ ਤੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਸੁਰਜੀਤ ਸਿੰਘ ਕੋਹਲੀ ਨਾਲ ਬਿਤਾਏ ਆਪਣੇ ਪੁਰਾਣੇ ਵਕਤ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸ੍ਰੀ ਕੋਹਲੀ ਨੇ ਆਪਣੇ ਪਿਤਾ ਸਾਬਕਾ ਮੰਤਰੀ ਸਰਦਾਰਾ ਸਿੰਘ ਕੋਹਲੀ ਦੀਆਂ ਪੈੜਾਂ ਉਪਰ ਚੱਲਦੇ ਹੋਏ ਪੰਜਾਬ ਦੀ ਸਿਆਸਤ ਵਿੱਚ ਆਪਣਾ ਇੱਕ ਵੱਖਰਾ ਰੁਤਬਾ ਕਾਇਮ ਕੀਤਾ ਸੀ। ਇਸ ਮੌਕੇ ਗੁਰਜੀਤ ਸਿੰਘ ਸਾਹਨੀ, ਪਟਿਆਲਾ ਦੇ ਜ਼ਿਲ੍ਹਾ ਅਟਾਰਨੀ ਅਨਮੋਲਜੀਤ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ ਤੇ ਡਾ. ਪ੍ਰਭਲੀਨ ਸਿੰਘ ਆਦਿ ਹਾਜ਼ਰ ਸਨ।