ਵੈੱਬ ਸੀਰੀਜ਼ ‘ਦਿ ਰੌਇਲਜ਼’ ’ਚ ਇਕੱਠੇ ਨਜ਼ਰ ਆਉਣਗੇ ਭੂਮੀ ਤੇ ਇਸ਼ਾਨ
ਨਵੀਂ ਦਿੱਲੀ:
ਅਦਾਕਾਰਾ ਭੁੂਮੀ ਪੇਡਨੇਕਰ ਅਤੇ ਅਦਾਕਾਰ ਇਸ਼ਾਨ ਖੱਟਰ ਨਵੀਂ ਵੈੱਬਸੀਰੀਜ਼ ‘ਦਿ ਰੌਇਲਜ਼’ ਵਿੱਚ ਇਕੱਠੇ ਨਜ਼ਰ ਆਉਣਗੇ ਅਤੇ ਇਸ ਸੀਰੀਜ਼ ਰਾਹੀਂ ਉੱਘੀ ਅਦਾਕਾਰਾ ਜ਼ੀਨਤ ਅਮਾਨ ਵੀ ਪਰਦੇ ’ਤੇ ਵਾਪਸੀ ਕਰੇਗੀ। ਰੰਗੀਤਾ ਅਤੇ ਇਸ਼ੀਤਾ ਪ੍ਰਤੀਸ਼ ਨੰਦੀ ਵੱਲੋਂ ਬਣਾਈ ਗਈ ‘ਦਿ ਰੌਇਲਜ਼’ ਇੱਕ ਅਜੋਕੇ ਭਾਰਤੀ ਰਾਜ ਘਰਾਣੇ ਨਾਲ ਦੀ ਰੁਮਾਂਟਿਕ-ਕਾਮੇਡੀ ਸੀਰੀਜ਼ ਹੈ ਜੋ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ। ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਹੈ, ‘‘ਜਦੋਂ ਇੱਕ ਰਾਜਕੁਮਾਰ ਇੱਕ ਉੱਦਮੀ ਨੂੰ ਮਿਲਦਾ ਹੈ ਤਾਂ ਇਹ ਲਾਜ਼ਮੀ ਹੈ ਕਿ ਉਨ੍ਹਾਂ ਦੇ ਖਿਆਲ ਟਕਰਾਉਣਗੇ। ਉਨ੍ਹਾਂ ਦੀਆਂ ਖਾਹਿਸ਼ਾਂ ਟਕਰਾਉਣਗੀਆਂ, ਦੋ ਸੰਸਾਰ ਟਕਰਾਉਣਗੇ ਜਾਂ ਇੱਕ ਹੈਰਾਨੀਜਨਕ ਰੋਮਾਂਸ ਸ਼ੁਰੂ ਹੋਵੇਗਾ।’’ ਜ਼ੀਨਤ ਅਮਾਨ ਇਸ ਸੀਰੀਜ਼ ’ਚ ਇੱਕ ਖਾਸ ਭੂਮਿਕਾ ’ਚ ਨਜ਼ਰ ਆਏਗੀ। ਰੰਗੀਤਾ ਅਤੇ ਇਸ਼ੀਤਾ ਨੇ ਕਿਹਾ, ‘‘ਅਸੀਂ ਨੈੱਟਫਲਿਕਸ ਪਰਿਵਾਰ ਦਾ ਹਿੱਸਾ ਬਣਨ ਲਈ ਅਤੇ ਦਰਸ਼ਕਾਂ ਨੂੰ ਸ਼ਾਹੀ ਮਹਾਰਾਜਾ ਅਤੇ ਇੱਕ ‘ਆਮਕੁਮਾਰੀ’ (ਆਮ ਲੜਕੀ) ਦੀ ਕਹਾਣੀ ਦੱਸਣ ਲਈ ਬਹੁਤ ਖੁਸ਼ ਹਾਂ।’’ ਇਸ ਸੀਰੀਜ਼ ’ਚ ਕੰਮ ਕਰਨ ਵਾਲੇ ਕਲਾਕਾਰਾਂ ’ਚ ਸਾਕਸ਼ੀ ਤੰਵਰ, ਨੋਰਾ ਫਤੇਹੀ, ਡੀਨੋ ਮੌਰੀਆ, ਮਿਲਿੰਦ ਸੋਮਨ, ਚੰਕੀ ਪਾਂਡੇ, ਵਿਹਾਨ ਸਮਤ, ਕਾਵਿਆ ਤ੍ਰੇਹਨ, ਸੁਮੁਖੀ ਸੁਰੇਸ਼, ਉਦਿਤ ਅਰੋੜਾ, ਲਿਜ਼ਾ ਮਿਸ਼ਰਾ ਅਤੇ ਲਿਊਕ ਕੈਨੀ ਵੀ ਸ਼ਾਮਲ ਹਨ। -ਪੀਟੀਆਈ