ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭੋਲੂ ਦਾ ਵਿਆਹ

06:41 AM Jan 20, 2024 IST

ਰਣਜੀਤ ਲਹਿਰਾ
ਭੋਲੂ ਮੇਰੀ ਮਾਸੀ ਦਾ ਮੁੰਡਾ ਸੀ, ਮੈਥੋਂ 7-8 ਸਾਲ ਵੱਡਾ। ਮਾਸੀ ਕੈਂਸਰ ਨਾਲ ਮਰ ਗਈ ਸੀ, ਉਦੋਂ ਉਹ ਅਜੇ ਸਕੂਲ ਵਿਚ ਪੜ੍ਹਦਾ ਸੀ। ਇੱਕ ਹੋਰ ਮੁੰਡੇ ਨੂੰ ਮਾਸੀ ਦੁੱਧ ਚੁੰਘਦੇ ਨੂੰ ਛੱਡ ਗਈ ਸੀ ਜਿਸ ਨੂੰ ਮੇਰੀ ਮਾਂ ਤੇ ਨਾਨੀ ਨੇ ਬੜੀਆਂ ਔਖਾਂ ਨਾਲ ਪਾਲਿਆ ਸੀ। ਵੈਲ ਤਾਂ ਇੱਕ ਨਹੀਂ ਬੰਦੇ ਨੂੰ ਜਿਊਣ ਜੋਗਾ ਛੱਡਦਾ, ਭੋਲੂ ਤਾਂ ਦੋ ਦੋ ਲਾਈ ਫਿਰਦਾ ਸੀ। ਦਾਰੂ ਤੇ ਬੀੜੀ-ਬੱਤੀ ਦੇ ਵੈਲ ਉਸ ਨੂੰ ਆਪਣੇ ਲਾਣੇ ਵਿਚੋਂ ਵਿਰਾਸਤ ਵਿਚ ਹੀ ਮਿਲ ਗਏ ਸਨ। ਦਸਵੀਂ ਪਾਸ ਕਰਦਿਆਂ ਹੀ ਮੇਰੀ ਮਾਂ ਦੇ ਜ਼ੋਰ ਪਾਉਣ ’ਤੇ ਜਿਵੇਂ-ਕਿਵੇਂ ਬਾਪੂ ਨੇ ਭੋਲੂ ਨੂੰ ਬਿਜਲੀ ਬੋਰਡ ’ਚ ਖੰਭੇ ਖੜ੍ਹੇ ਕਰਨ ਵਾਲੇ ਕੱਚੇ ਕਾਮਿਆਂ ’ਚ ਲਵਾ ਦਿੱਤਾ। ਹੌਲੀ ਹੌਲੀ ਉਹ ਪੱਕਾ ਹੋ ਗਿਆ, ਫਿਰ ਸਹਾਇਕ ਲਾਈਨਮੈਨ ਬਣ ਗਿਆ। ਪਿੰਡਾਂ ਦੇ ਲੋਕਾਂ ਨਾਲ ਪੈਂਦੇ ਵਾਹ ਨੇ ਉਹਦੀ ਦਾਰੂ ਤੇ ਬੀੜੀ-ਬੱਤੀ ਦੀ ਆਦਤ ਪਕਾ ਦਿੱਤੀ।
ਖ਼ੈਰ! ਭੋਲੂ ਦੀ ਨੌਕਰੀ ਨੇ ਉਹਦੇ ਵਿਆਹ ਦਾ ਹੀਲਾ ਕਰ ਦਿੱਤਾ। 70ਵਿਆਂ ਦੇ ਅੰਤਲੇ ਦਿਨਾਂ ਦੀ ਗੱਲ ਹੈ ਜਦੋਂ ਉਹ ਸਿਹਰਾ ਬੰਨ੍ਹ ਕੇ ਲਾੜੀ ਵਿਆਹੁਣ ਤੁਰਿਆ। ਉਹਦਾ ਸਰਬਾਲਾ ਬਣਨ ਦਾ ਮੌਕਾ ਮੈਨੂੰ ਮਿਲਿਆ। ਬਠਿੰਡੇ ਦੇ ਇੱਕ ਪਿੰਡ ਢੁਕੀ ਬਰਾਤ ਦਾ ਉਤਾਰਾ ਧਰਮਸ਼ਾਲਾ ’ਚ ਹੋਇਆ। ਬੈਂਡ-ਵਾਜਿਆਂ ਦੀਆਂ ਧੁਨਾਂ ’ਤੇ ਨੱਚਦੀ-ਟੱਪਦੀ ਬਰਾਤ ਚਾਹ ਪੀ ਕੇ ਧਰਮਸ਼ਾਲਾ ਮੁੜ ਆਈ। ਦਾਰੂ-ਪਿਆਲੇ ਦਾ ਦੌਰ ਉਦੋਂ ਆਨੰਦ ਕਾਰਜ ਤੋਂ ਬਾਅਦ ਸ਼ੁਰੂ ਹੁੰਦਾ ਸੀ। ਪੀਣ ਦੇ ਸ਼ੁਕੀਨ ਬਰਾਤੀਆਂ ਨੂੰ ਚਾਰ ਚਾਰ ਦਾ ਜੁੱਟ ਬਣਾ ਕੇ ਇੱਕ ਇੱਕ ਬੋਤਲ ਦੇ ਦਿੱਤੀ ਜਾਂਦੀ ਸੀ। ਕਈ ਬਾਹਲੇ ਪਿਅੱਕੜ ਆਪਣੀ ਨਬੇੜ ਕੇ ਹੋਰ ਪਾਸੇ ਵੀ ਹੱਥ ਮਾਰ ਆਉਂਦੇ ਪਰ ਲਾੜੇ ਤੇ ਉਹਦੇ ਚਾਚੇ ਨੇ ਪਤਾ ਨਹੀਂ ਕਿਹੜੇ ਵੇਲੇ ਆਨੰਦ ਕਾਰਜਾਂ ਤੋਂ ਪਹਿਲਾਂ ਹੀ ਲਾ ਲਈ। ਆਨੰਦ ਕਾਰਜ ਵੇਲੇ ਨੂੰ ਦੋਵੇਂ ਵਾਹਵਾ ਰੰਗਾਂ ’ਚ ਹੋ ਗਏ।
ਕੁਝ ਦੇਰ ਬਾਅਦ ਆਨੰਦ ਕਾਰਜ ਦਾ ਸੱਦਾ ਆ ਗਿਆ। ਮੂਹਰੇ ਲਾੜਾ, ਨਾਲ ਸਰਬਾਲਾ ਤੇ ਪਿੱਛੇ ਬਰਾਤੀ ਆਨੰਦ ਕਾਰਜਾਂ ਲਈ ਪਹੁੰਚ ਗਏ। ਵਿਆਹ ਵਾਲੇ ਘਰ ਵੱਡੀ ਸਾਰੀ ਸਬਾਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਮੂਹਰੇ ਗਦੈਲੇ ’ਤੇ ਚਾਦਰ ਵਿਛਾਈ ਸੀ ਤੇ ਪਿੱਛੇ ਪਟੀਆਂ ਵਿਛੀਆਂ ਸਨ। ਭੋਲੂ ਜਾ ਕੇ ਗਦੈਲੇ ’ਤੇ ਇੱਕ ਪਾਸੇ ਬੈਠ ਗਿਆ, ਬਿਨਾਂ ਮੱਥਾ ਟੇਕੇ ਤੇ ਚੜ੍ਹਾਵਾ ਚੜ੍ਹਾਏ। ਉਹਦੇ ਨਾਲ ਹੀ ਮੈਂ ਤੇ ਉਹਦਾ ਚਾਚਾ ਬਹਿ ਗਏ; ਤੇ ਪਿੱਛੇ ਸਾਰੀ ਬਰਾਤ ਬਿਨਾਂ ਮੱਥਾ ਟੇਕੇ ਤੇ ਚੜ੍ਹਾਵਾ ਚੜ੍ਹਾਏ ਹੀ ਬੈਠ ਗਈ। ਆਨੰਦ ਕਾਰਜ ਕਰਾਉਣ ਲਈ ਬੈਠਾ ਭਾਈ ਜੀ ਅਤੇ ਹੋਰ ਸੱਜਣ ਖੜ੍ਹੇ ਦੇਖਣ, ਬਈ ਇਹ ਕਿਹੋ ਜਿਹੀ ਬਰਾਤ ਹੋਈ ਜਿਹੜੀ ਬਿਨਾਂ ਮੱਥਾ ਟੇਕੇ ਤੇ ਚੜ੍ਹਾਵਾ ਚੜ੍ਹਾਏ ਹੀ ਬੈਠ ਗਈ। ਇੰਨੇ ਨੂੰ ਸਭ ਤੋਂ ਪਿੱਛੋਂ ਮੇਰਾ ਗਿਆਨੀ-ਧਿਆਨੀ ਬਾਪੂ ਸੰਵਾਰ ਕੇ ਹੱਥ-ਮੂੰਹ ਧੋ ਕੇ ਆਰਾਮ ਨਾਲ ਜੇਬ ’ਚ ਪਾਈ ਛੋਟੀ ਜਿਹੀ ਡਾਇਰੀ ਵਿਚੋਂ ਇੱਕ ਰੁਪਿਆ ਕੱਢਦਾ ਹੋਇਆ ਆਇਆ ਤੇ ਪੂਰੀ ਸ਼ਰਧਾ ਨਾਲ ਚੜ੍ਹਾਵਾ ਚੜ੍ਹਾ ਕੇ ਗੋਡਿਆਂ ਭਾਰ ਹੋ ਕੇ ਮੱਥਾ ਟੇਕਣ ਲੱਗਿਆ। ਉਹਨੂੰ ਮੱਥਾ ਟੇਕਦਿਆਂ ਦੇਖ ਕੇ ਬਰਾਤੀਆਂ ਦਾ ਮੱਥਾ ਠਣਕਿਆ ਤੇ ਅਕਲ ਟਿਕਾਣੇ ਆਈ ਕਿ ਉਹ ਮੱਥਾ ਟੇਕਣਾ ਤਾਂ ਭੁੱਲ ਹੀ ਗਏ; ਤੇ ਫਿਰ ਉੱਠ ਉੱਠ ਮੱਥਾ ਟੇਕਣ ਤੇ ਚੜ੍ਹਾਵਾ ਚੜ੍ਹਾਉਣ ਲੱਗ ਪਏ।
ਭੋਲੂ ਦੇ ਚਾਚੇ ਨੇ ਬੈਠੇ ਬੈਠੇ ਇੱਕ ਰੁਪਿਆ ਚੜ੍ਹਾ ਕੇ ਮੱਥਾ ਟੇਕ ਦਿੱਤਾ। ਮੱਥਾ ਟੇਕ ਕੇ ਉਹ ਭੋਲੂ ਦੇ ਹੁੱਝਾਂ ਮਾਰਨ ਲੱਗ ਪਿਆ- ਮੱਥਾ ਟੇਕ ਦੇ, ਮੱਥਾ ਟੇਕ ਦੇ। ਭੋਲੂ ਨੇ ਵੀ ਬੈਠੇ ਬੈਠੇ ਨੇ ਜੇਬ ’ਚੋਂ ਪੰਜ ਦਾ ਨੋਟ ਕੱਢ ਕੇ ਮੱਥਾ ਟੇਕ ਦਿੱਤਾ। ਉਦੋਂ ਆਮ ਤੌਰ ’ਤੇ ਮੱਥਾ ਇੱਕ ਜਾਂ ਦੋ ਰੁਪਏ ਚੜ੍ਹਾ ਕੇ ਟੇਕਿਆ ਜਾਂਦਾ ਸੀ; ਲਾੜਾ ਪੰਜ ਰੁਪਏ ਵੀ ਚੜ੍ਹਾ ਦਿੰਦਾ ਸੀ ਪਰ ਚਾਚੇ ਦੇ ਅੰਦਰ ਗਏ ਘੁੱਟ ਉਹਨੂੰ ਟਿਕਣ ਨਾ ਦੇਣ। ਉਹ ਫਿਰ ਭੋਲੂ ਦੇ ਹੁੱਝਾਂ ਮਾਰਨ ਲੱਗ ਪਿਆ- ਚਾਰ ਰੁਪਏ ਚੱਕ ਲੈ। ਜਦੋਂ ਚਾਚਾ ਨਾ ਹਟਿਆ ਤਾਂ ਅਖ਼ੀਰ ਭੋਲੂ ਨੇ ਬੈਠੇ ਬੈਠੇ ਨੇ ਚਾਰ ਰੁਪਏ ਚੁੱਕ ਕੇ ਜੇਬ ’ਚ ਪਾ ਲਏ। ਹੁਣ ਇਹ ਗੱਲ ਤਾਂ ਕਿਸੇ ਤੋਂ ਛੁਪੀ ਨਹੀਂ ਰਹੀ ਕਿ ਲਾੜਾ ਅਤੇ ਲਾੜੇ ਦਾ ਚਾਚਾ ਦਾਰੂ ਪੀ ਕੇ ਬੈਠੇ ਸਨ ਪਰ ਨਾ ਭਾਈ ਜੀ ਨੇ ਕੋਈ ਉਜ਼ਰ ਕੀਤਾ ਅਤੇ ਨਾ ਹੀ ਵਿਆਂਦ੍ਹੜ ਦੇ ਘਰ ਵਾਲੇ ਕੁਝ ਬੋਲੇ। ਹਾਜ਼ਰ ਪਿੰਡ ਵਾਲਿਆਂ ਨੇ ਦੇਖ ਕੇ ਅਣਡਿੱਠ ਕਰ ਦਿੱਤਾ, ਕਿਸੇ ਨੇ ਵੀ ਵਿਆਹ ’ਚ ਬੀਅ ਦਾ ਲੇਖਾ ਨਾ ਛੇੜਿਆ।
ਉਨ੍ਹਾਂ ਸਮਿਆਂ ’ਚ ਪਿੰਡ ਦੀ ਧੀ-ਭੈਣ ਨੂੰ ਸਾਰੇ ਪਿੰਡ ਦੀ ਧੀ-ਭੈਣ ਸਮਝਦੇ ਸਨ; ਧੀ-ਭੈਣ ਦੇ ਕਾਰਜ ਨੂੰ ਨੇਪਰੇ ਚਾੜ੍ਹਨਾ ਪਿੰਡ ਵਾਲਿਆਂ ਦਾ ਧਰਮ ਸਮਝਿਆ ਜਾਂਦਾ ਸੀ। ਗੱਲ ਇਹ ਵੀ ਨਹੀਂ ਕਿ ਲੋਕ ਉਦੋਂ ਸ਼ਰਧਾਵਾਨ ਨਹੀਂ ਸੀ ਹੁੰਦੇ, ਹੁੰਦੇ ਸਨ ਸਗੋਂ ਅੱਜ ਦੇ ਲੋਕਾਂ ਨਾਲੋਂ ਵੱਧ ਹੁੰਦੇ ਸਨ ਪਰ ਠਰੰਮੇ ਵਾਲੇ ਤੇ ਦੂਰ ਦੀ ਸੋਚਣ ਵਾਲੇ ਹੁੰਦੇ ਸਨ, ਕਿਸੇ ਗੱਲ ਤੋਂ ਪਹਿਲਾਂ ਭਾਈਚਾਰੇ ਦੀ ਤੰਦ ਮਜ਼ਬੂਤ ਬਣਾ ਕੇ ਰੱਖਣ ਵਾਲੇ ਹੁੰਦੇ ਸਨ। ਅੱਜ ਦੇ ਸੋਸ਼ਲ ਮੀਡੀਆ ਭਲਵਾਨਾਂ ਵਰਗੇ ਤੱਤ-ਭੜੱਥੇ ਨਹੀਂ ਸਨ ਹੁੰਦੇ। ਉਹ ਭੁੱਲੇ-ਭਟਕੇ ਵਾਪਰੀ ਅਜਿਹੀ ਘਟਨਾ ’ਤੇ ਮਿੱਟੀ ਪਾ ਕੇ, ਸੱਥਾਂ ਵਿਚ ਬਹਿ ਕੇ ਠਹਾਕੇ ਲਾਉਣ ਦਾ ਮਾਦਾ ਵੀ ਰੱਖਦੇ ਸਨ।
ਉਹ ਭਲੇ ਵੇਲੇ ਸਨ ਜਦੋਂ ਲੋਕ ਖੁੱਲ੍ਹਦਿਲੇ ਹੁੰਦੇ ਸਨ, ਉਨ੍ਹਾਂ ਅੰਦਰ ਸਹਿਣਸ਼ੀਲਤਾ ਵੀ ਸੀ; ਸਭ ਤੋਂ ਵੱਧ, ਉਦੋਂ ਸਿਆਸਤ ਨੇ ਧਰਮ ਨੂੰ ਵੋਟਾਂ ਲਈ ਆਪਣਾ ਮੁੱਖ ਹਥਿਆਰ ਨਹੀਂ ਸੀ ਬਣਾਇਆ; ਤੇ ਨਾ ਸਿਆਸਤ ਤੇ ਧਰਮ ਦੀ ਖਿਚੜੀ ਨੇ ਲੋਕਾਂ ਦੇ ਦਿਮਾਗ ਨੂੰ ਅੱਜ ਵਾਂਗ ਸੰਕੀਰਨਤਾ, ਸਾੜੇ ਤੇ ਵੈਰ-ਭਾਵ ਨਾਲ ਭਰਿਆ ਸੀ। ਜੇ ਅਜਿਹਾ ਹੋਇਆ ਹੁੰਦਾ ਤਾਂ ਲਾੜੇ ਸਮੇਤ ਬਰਾਤੀਆਂ ਦੀ ਗਿੱਦੜ-ਕੁੱਟ ਯਕੀਨੀ ਸੀ ਅਤੇ ਉਸ ਗਿੱਦੜ-ਕੁੱਟ ਵਿਚ ਸਰਬਾਲੇ ਦਾ ਘੋਰੜੂ ਬੋਲ ਜਾਣਾ ਵੀ ਯਕੀਨੀ ਸੀ।
ਚਲੋ, ਸਮਝਣ ਦੀ ਲੋੜ ਇਹ ਹੈ ਕਿ ਜਦੋਂ ਤੋਂ ਸੱਤਾ ਪ੍ਰਾਪਤੀ ਲਈ ਸਿਆਸਤਦਾਨਾਂ ਨੇ ਵੋਟਾਂ ਵੋਟਰਨ ਖ਼ਾਤਿਰ ਧਰਮ ਨੂੰ ਸੱਤਾ ਪ੍ਰਾਪਤੀ ਦਾ ਸਸਤਾ ਤੇ ਸੌਖਾ ਹਥਿਆਰ ਬਣਾਇਆ ਹੈ ਉਦੋਂ ਤੋਂ ਹਰ ਛੋਟੀ-ਮੋਟੀ ਘਟਨਾ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਵਰਤਿਆ ਜਾਣ ਲੱਗਿਆ ਹੈ। ਰਹਿੰਦੀ ਕਸਰ ਸੋਸ਼ਲ ਮੀਡੀਆ ਦੇ ਆਈਟੀ ਸੈੱਲ ਤੇ ਟਰੋਲ ਆਰਮੀਆਂ ਪੂਰਾ ਕਰ ਦਿੰਦੀਆਂ ਹਨ। ਅਸਲੀ ਗੱਲ ਇਹ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਭਾਵਨਾਵਾਂ ਨੂੰ ਠੇਸ ਦੇ ਨਾਂ ’ਤੇ ਭਾਈਚਾਰਕ ਸਾਂਝ ਨੂੰ ਤਾਰ ਤਾਰ ਕਰਨ ਦੇ ਵਰਤਾਰੇ ਵੋਟ ਵਟੋਰੂ ਸਿਆਸਤਦਾਨਾਂ ਲਈ ਮੁਆਫ਼ਕ ਹਨ। ਇਹ ਤਾਂ ਲੋਕਾਂ ਦਾ ਫਰਜ਼ ਹੈ ਕਿ ਅਸੀਂ ਪਹਿਲਾਂ ਠਰੰਮੇ ਨਾਲ ਸੋਚੀਏ, ਘਟਨਾ ਦੀ ਤਹਿ ਤੱਕ ਜਾਈਏ ਤੇ ਫਿਰ ਕੋਈ ਕਦਮ ਚੁੱਕੀਏ।
ਸੰਪਰਕ: ranlehra@gmail.com

Advertisement

Advertisement