For the best experience, open
https://m.punjabitribuneonline.com
on your mobile browser.
Advertisement

ਭੋਲਾ ਰਾਮ ਦਾ ਜੀਵ

11:35 AM Oct 08, 2023 IST
ਭੋਲਾ ਰਾਮ ਦਾ ਜੀਵ
Advertisement

ਹਰੀਸ਼ੰਕਰ ਪਰਸਾਈ
ਅਜਿਹਾ ਕਦੇ ਨਹੀਂ ਹੋਇਆ।
ਧਰਮਰਾਜ ਲੱਖਾਂ ਸਾਲਾਂ ਤੋਂ ਅਣਗਿਣਤ ਆਦਮੀਆਂ ਨੂੰ ਕਰਮ ਅਤੇ ਸਿਫ਼ਾਰਸ਼ ਦੇ ਆਧਾਰ ’ਤੇ ਸਵਰਗ ਜਾਂ ਨਰਕ ਵਿੱਚ ‘ਨਵਿਾਸ ਸਥਾਨ’ ਅਲਾਟ ਕਰਦੇ ਆ ਰਹੇ ਸਨ। ਪਰ ਅਜਿਹਾ ਕਦੇ ਨਹੀਂ ਸੀ ਹੋਇਆ। ਸਾਹਮਣੇ ਬੈਠੇ ਚਿੱਤਰਗੁਪਤ ਵਾਰ ਵਾਰ ਐਨਕ ਸਾਫ਼ ਕਰ, ਪੰਨੇ ਪਲਟਦੇ ਹੋਏ, ਰਜਿਸਟਰ ਤੇ ਰਜਿਸਟਰ ਦੇਖ ਰਹੇ ਸਨ। ਗ਼ਲਤੀ ਪਕੜ ਵਿੱਚ ਹੀ ਨਹੀਂ ਸੀ ਆ ਰਹੀ। ਆਖ਼ਰ ਉਸ ਨੇ ਖਿਝ ਕੇ ਰਜਿਸਟਰ ਐਨੇ ਜ਼ੋਰ ਨਾਲ ਬੰਦ ਕੀਤਾ ਕਿ ਇੱਕ ਮੱਖੀ ਚਪੇਟ ਵਿੱਚ ਆ ਗਈ। ਉਹ ਉਸ ਨੂੰ ਬਾਹਰ ਕੱਢਦਿਆਂ ਬੋਲੇ, ‘‘ਮਹਾਰਾਜ! ਰਿਕਾਰਡ ਸਭ ਠੀਕ ਹੈ। ਭੋਲਾ ਰਾਮ ਦੇ ਜੀਵ ਨੇ ਪੰਜ ਦਨਿ ਪਹਿਲਾਂ ਦੇਹ ਤਿਆਗੀ ਤੇ ਯਮਦੂਤ ਨਾਲ ਇਸ ਲੋਕ ਲਈ ਰਵਾਨਾ ਹੋਇਆ ਪਰ ਅਜੇ ਤੱਕ ਏਥੇ ਨਹੀਂ ਪਹੁੰਚਿਆ।’’
ਧਰਮਰਾਜ ਨੇ ਪੁੱਛਿਆ, ‘‘ਤੇ ਉਹ ਦੂਤ ਕਿੱਥੇ ਹੈ?’’
‘‘ਮਹਾਰਾਜ! ਉਹ ਵੀ ਲਾਪਤਾ ਹੈ।’’
ਉਸੇ ਵਕਤ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਯਮਦੂਤ ਬਦਹਵਾਸ ਉੱਥੇ ਆਇਆ। ਮੁਸੀਬਤ, ਪ੍ਰੇਸ਼ਾਨੀ ਤੇ ਡਰ ਕਰਕੇ ਉਸ ਦਾ ਕਰੂਪ ਚਿਹਰਾ ਹੋਰ ਵੀ ਡਰਾਉਣਾ ਹੋ ਗਿਆ ਸੀ। ਉਸ ਨੂੰ ਦੇਖਦਿਆਂ ਹੀ ਚਿੱਤਰਗੁਪਤ ਚੀਖ ਉੱਠਿਆ, ‘‘ਤੂੰ ਕਿੱਥੇ ਰਿਹਾ ਐਨੇ ਦਨਿ? ਭੋਲਾ ਰਾਮ ਦਾ ਜੀਵ ਕਿੱਥੇ ਹੈ?’’
ਯਮਦੂਤ ਹੱਥ ਜੋੜਦਿਆਂ ਬੋਲਿਆ, ‘‘ਦਇਆਵਾਨ, ਮੈਂ ਕਵਿੇਂ ਦੱਸਾਂ ਕਿ ਕੀ ਹੋ ਗਿਆ। ਅੱਜ ਤਾਈਂ ਮੈਂ ਧੋਖਾ ਨਹੀਂ ਸੀ ਖਾਧਾ ਪਰ ਭੋਲਾ ਰਾਮ ਦਾ ਜੀਵ ਮੈਨੂੰ ਧੋਖਾ ਦੇ ਗਿਆ। ਪੰਜ ਦਨਿ ਪਹਿਲਾਂ ਜਦ ਜੀਵ ਨੇ ਭੋਲਾ ਰਾਮ ਦੀ ਦੇਹ ਤਿਆਗੀ, ਤਦ ਮੈਂ ਉਸ ਨੂੰ ਫੜਕੇ ਇਸ ‘ਲੋਕ’ ਦੀ ਯਾਤਰਾ ਆਰੰਭ ਕੀਤੀ। ਨਗਰ ਤੋਂ ਬਾਹਰ ਜਿਉਂ ਹੀ ਉਸ ਨੂੰ ਲੈ ਕੇ ਮੈਂ ਇੱਕ ‘ਤੇਜ਼ ਵਾਯੂਯਾਨ’ ਦੀ ਤਰੰਗ ’ਤੇ ਸਵਾਰ ਹੋਇਆ ਤਦ ਹੀ ਉਹ ਮੇਰੀ ਪਕੜ ’ਚੋਂ ਨਿਕਲ ਕੇ ਪਤਾ ਨਹੀ ਕਿੱਥੇ ਗਾਇਬ ਹੋ ਗਿਆ। ਇਨ੍ਹਾਂ ਪੰਜ ਦਿਨਾਂ ਵਿੱਚ ਮੈਂ ਸਾਰਾ ਵਾਯੂਮੰਡਲ ਛਾਣ ਮਾਰਿਆ ਪਰ ਉਸ ਦਾ ਕਿਤੇ ਵੀ ਪਤਾ ਨਹੀਂ ਚੱਲਿਆ।’’
ਧਰਮਰਾਜ ਗੁੱਸੇ ਵਿੱਚ ਬੋਲਿਆ, ‘‘ਮੂਰਖ! ਜੀਵਾਂ ਨੂੰ ਲਿਆਉਂਦਾ ਲਿਆਉਂਦਾ ਤੂੰ ਬੁੱਢਾ ਹੋ ਗਿਆ ਫਿਰ ਵੀ ਮਾਮੂਲੀ ਬੁੱਢੇ ਆਦਮੀ ਦੇ ਜੀਵ ਨੇ ਤੈਨੂੰ ਧੋਖਾ ਦੇ ਤਾ।’’ ਦੂਤ ਸਿਰ ਝੁਕਾ ਕੇ ਬੋਲਿਆ, ‘‘ਮਹਾਰਾਜ! ਮੇਰੀ ਸਾਵਧਾਨੀ ਵਿਚ ਕੋਈ ਕਸਰ ਨਹੀਂ ਸੀ। ਮੇਰੇ ਇਨ੍ਹਾਂ ਮਜ਼ਬੂਤ ਹੱਥਾਂ ਵਿੱਚੋਂ ਤਾਂ ਕਹਿੰਦੇ-ਕਹਾਉਂਦੇ ਵਕੀਲ ਵੀ ਨਹੀਂ ਛੁੱਟ ਸਕੇ ਪਰ ਇਸ ਵਾਰ ਤਾਂ ਕੋਈ ਇੰਦਰਜਾਲ ਹੀ ਹੋ ਗਿਆ।’’
ਚਿਤਰਗੁਪਤ ਨੇ ਕਿਹਾ, ‘‘ਮਹਾਰਾਜ! ਅੱਜਕੱਲ੍ਹ ਧਰਤੀ ’ਤੇ ਇਸ ਪ੍ਰਕਾਰ ਦਾ ਬਹੁਤ ਵਿਉਪਾਰ ਚੱਲਦਾ ਹੈ। ਲੋਕ ਦੋਸਤ ਨੂੰ ਕੋਈ ਚੀਜ਼ ਭੇਜਦੇ ਨੇ ਤੇ ਰੇਲਵੇ ਵਾਲੇ ਰੱਖ ਲੈਂਦੇ ਹਨ। ਹੌਜ਼ਰੀ ਦੇ ਪਾਰਸਲਾਂ ਦੇ ਮੌਜੇ ਰੇਲਵੇ ਦੇ ਅਫ਼ਸਰ ਪਹਨਿਦੇ ਹਨ। ਮਾਲ ਗੱਡੀ ਦੇ ਡੱਬੇ ਰਸਤੇ ਵਿੱਚ ਹੀ ਕੱਟ ਲੈਂਦੇ ਨੇ। ਇੱਕ ਹੋਰ ਗੱਲ ਹੋ ਰਹੀ ਹੈ, ਰਾਜਨੀਤਕ ਨੇਤਾ ਵਿਰੋਧੀ ਦਲ ਦੇ ਨੇਤਾ ਨੂੰ ਉਠਾ ਕੇ ਅੰਦਰ ਬੰਦ ਕਰ ਦਿੰਦੇ ਹਨ। ਕਿਤੇ ਭੋਲਾ ਰਾਮ ਦੇ ਜੀਵ ਨੂੰ ਮਰਨ ਤੋਂ ਬਾਅਦ, ਕਿਸੇ ਵਿਰੋਧੀ ਨੇ ਖਰਾਬੀ ਕਰਨ ਲਈ ਤਾਂ ਨਹੀਂ ਧੂਹ ਲਿਆ?’’
ਧਰਮਰਾਜ ਨੇ ਚਿਤਰਗੁਪਤ ਨੂੰ ਵਿਅੰਗ ਕਰਦੇ ਹੋਏ ਕਿਹਾ, ‘‘ਤੇਰੀ ਵੀ ਰਿਟਾਇਰ ਹੋਣ ਦੀ ਉਮਰ ਆ ਗਈ ਹੈ। ਕਿਸੇ ਗਿਣਤੀ ਵਿੱਚ ਨਾ ਆਉਣ ਵਾਲੇ, ਭੋਲਾ ਰਾਮ ਵਰਗੇ ਗ਼ਰੀਬ ਆਦਮੀ ਨਾਲ ਭਲਾ ਕਿਸੇ ਦਾ ਕੀ ਲੈਣਾ ਦੇਣਾ?’’
ਉਸੇ ਵਕਤ ਘੁੰਮਦੇ ਘੁੰਮਾਉਂਦੇ ਨਾਰਦ ਮੁਨੀ ਵੀ ਓਥੇ ਆ ਗਏ। ਗੁੰਮ-ਸੁੰਮ ਬੈਠੇ ਧਰਮਰਾਜ ਨੂੰ ਦੇਖ ਬੋਲੇ, ‘‘ਕਿਉਂ ਧਰਮਰਾਜ! ਕਿਹੜੇ ਫ਼ਿਕਰਾਂ ਵਿੱਚ ਹੋ? ਕੀ ਨਰਕ ਦੇ ਨਵਿਾਸ ਸਥਾਨ ਵਾਲੀ ਸਮੱਸਿਆ ਅਜੇ ਹੱਲ ਨਹੀਂ ਹੋਈ?’’ ਧਰਮਰਾਜ ਬੋਲਿਆ, ‘‘ਉਹ ਸਮੱਸਿਆ ਤਾਂ ਕਦੋਂ ਦੀ ਹੱਲ ਹੋ ਗਈ। ਪਿਛਲੇ ਸਾਲਾਂ ਵਿੱਚ ਨਰਕ ਵਿੱਚ ਤਾਂ ਬੜੇ ਗੁਣ ਵਾਲੇ ਕਾਰੀਗਰ ਆ ਗਏ ਨੇ। ਕਈ ਇਮਾਰਤਾਂ ਦੇ ਠੇਕੇਦਾਰ ਹਨ ਜਨਿ੍ਹਾਂ ਨੇ ਪੂਰੇ ਪੈਸੇ ਲੈ ਕੇ ਰੱਦੀ ਇਮਾਰਤਾਂ ਬਣਾਈਆਂ। ਵੱਡੇ ਵੱਡੇ ਇੰਜਨੀਅਰ ਵੀ ਹਨ ਜਨਿ੍ਹਾਂ ਨੇ ਠੇਕੇਦਾਰ ਨਾਲ ਮਿਲ ਕੇ ਪੰਜ ਸਾਲਾ ਯੋਜਨਾ ਦਾ ਪੈਸਾ ਖਾਧਾ। ਓਵਰਸੀਜ਼ ਹਨ ਜਨਿ੍ਹਾਂ ਨੇ ਉਨ੍ਹਾਂ ਮਜ਼ਦੂਰਾਂ ਦੀ ਹਾਜ਼ਰੀ ਲਾ ਕੇ ਪੈਸਾ ਹੜੱਪਿਆ ਜਿਹੜੇ ਕੰਮ ’ਤੇ ਲਾਏ ਹੀ ਨਹੀਂ ਗਏ। ਇਨ੍ਹਾਂ ਨੇ ਬਹੁਤ ਛੇਤੀ ਨਰਕ ਵਿੱਚ ਇਮਾਰਤਾਂ ਬਣਾ ਦਿੱਤੀਆਂ ਹਨ। ਇਹ ਸਮੱਸਿਆ ਤਾਂ ਹੱਲ ਹੋ ਗਈ ਪਰ ਇੱਕ ਵੱਡੀ ਉਲਝਣ ਹੋਰ ਆ ਗਈ। ਭੋਲਾ ਰਾਮ ਨਾਂ ਦੇ ਵਿਅਕਤੀ ਦੀ ਪੰਜ ਦਨਿ ਪਹਿਲਾਂ ਮੌਤ ਹੋਈ ਸੀ। ਉਸ ਦੇ ਜੀਵ ਨੂੰ ਇਹ ਦੂਤ ਏਥੇ ਲਿਆ ਰਿਹਾ ਸੀ ਕਿ ਜੀਵ ਰਸਤੇ ਵਿੱਚ ਚਕਮਾ ਦੇ ਕੇ ਭੱਜ ਗਿਆ। ਇਸ ਨੇ ਸਾਰਾ ਬ੍ਰਹਿਮੰਡ ਛਾਣ ਲਿਆ ਪਰ ਕਿਤੇ ਨਹੀਂ ਮਿਲਿਆ। ਅਗਰ ਇਉਂ ਹੋਣ ਲੱਗ ਗਿਆ ਫੇਰ ਤਾਂ ਪਾਪ-ਪੁੰਨ ਦਾ ਭੇਦ ਹੀ ਮਿਟ ਜਾਵੇਗਾ।’’
ਨਾਰਦ ਨੇ ਪੁੱਛਿਆ, ‘‘ਉਹਦੇ ਵੱਲ ਇਨਕਮ ਟੈਕਸ ਦਾ ਬਕਾਇਆ ਤਾਂ ਨਹੀਂ ਸੀ? ਹੋ ਸਕਦੈ ਉਨ੍ਹਾਂ ਲੋਕਾਂ ਨੇ ਰੋਕ ਲਿਆ ਹੋਵੇ।’’ ਚਿਤਰਗੁਪਤ ਬੋਲਿਆ, ‘‘ਇਨਕਮ ਹੁੰਦੀ ਤਾਂ ਟੈਕਸ ਹੁੰਦਾ, ਭੁੱਖਾ ਮਰ ਰਿਹਾ ਸੀ ਉਹ।’’
ਨਾਰਦ ਬੋਲੇ, ‘‘ਮਾਮਲਾ ਬੜਾ ਦਿਲਚਸਪ ਹੈ। ਚਲੋ ਮੈਨੂੰ ਉਹਦਾ ਨਾਂ ਦੱਸੋ, ਮੈਂ ਧਰਤੀ ’ਤੇ ਜਾਂਦਾ ਹਾਂ।’’ ਚਿਤਰਗੁਪਤ ਨੇ ਰਜਿਸਟਰ ਦੇਖ ਕੇ ਦੱਸਿਆ, ‘‘ਉਹਦਾ ਨਾਂ ਭੋਲਾ ਰਾਮ ਸੀ। ਉਹ ਪਰਿਵਾਰ ਸਮੇਤ ਜਬਲਪੁਰ ਸ਼ਹਿਰ ਦੇ ਧਮਾਪੁਰ ਮੁਹੱਲੇ ਵਿੱਚ ਨਾਲੇ ਦੇ ਕਨਿਾਰੇ, ਇੱਕ ਡੇਢ ਕਮਰੇ ਵਿੱਚ ਰਹਿੰਦਾ ਸੀ। ਉਹਦੀ ਇੱਕ ਪਤਨੀ, ਦੋ ਲੜਕੇ ਤੇ ਇੱਕ ਲੜਕੀ ਸੀ। ਉਮਰ ਲਗਭਗ ਸੱਠ ਸਾਲ। ਸਰਕਾਰੀ ਨੌਕਰ ਸੀ। ਪੰਜ ਸਾਲ ਪਹਿਲਾਂ ਰਿਟਾਇਰ ਹੋਇਆ ਸੀ। ਇੱਕ ਸਾਲ ਤੋਂ ਉਹਨੇ ਮਕਾਨ ਦਾ ਕਿਰਾਇਆ ਨਹੀਂ ਸੀ ਦਿੱਤਾ ਤੇ ਮਕਾਨ ਮਾਲਕ ਉਹਨੂੰ ਘਰ ’ਚੋਂ ਕੱਢਣਾ ਚਾਹੁੰਦਾ ਸੀ। ਐਨੇ ਨੂੰ ਭੋਲਾ ਰਾਮ ਨੇ ਸੰਸਾਰ ਹੀ ਛੱਡ ਦਿੱਤਾ। ਅੱਜ ਪੰਜਵਾਂ ਦਨਿ ਹੈ। ਸੰਭਾਵਨਾ ਇਹ ਹੈ ਕਿ ਅਗਰ ਸੱਚੀਂ ਉਹ ਮਕਾਨ ਦਾ ਮਾਲਕ ਹੈ ਤਾਂ ਭੋਲਾ ਰਾਮ ਦੇ ਮਰਨ ਤੋਂ ਬਾਅਦ ਉਸ ਨੇ ਤੁਰੰਤ ਪਰਿਵਾਰ ਨੂੰ ਘਰ ਵਿੱਚੋਂ ਕੱਢ ਦਿੱਤਾ ਹੋਣੈ। ਇਸ ਲਈ ਪਰਿਵਾਰ ਦੀ ਤਲਾਸ਼ ਵਿੱਚ ਤੁਹਾਨੂੰ ਬਹੁਤ ਘੁੰਮਣਾ ਪਵੇਗਾ।’’
* * *
ਮਾਂ ਬੇਟੀ ਦੇ ਰੋਣ ਧੋਣ ਤੋਂ ਹੀ ਨਾਰਦ, ਭੋਲਾ ਰਾਮ ਦਾ ਮਕਾਨ ਪਛਾਣ ਗਏ। ਉਨ੍ਹਾਂ ਦਰ ’ਤੇ ਜਾ ਕੇ ਆਵਾਜ਼ ਦਿੱਤੀ, ‘‘ਨਾਰਾਇਣ! ਨਾਰਾਇਣ!’’ ਉਸ ਨੂੰ ਦੇਖ ਕੇ ਲੜਕੀ ਨੇ ਕਿਹਾ, ‘‘ਅੱਗੇ ਜਾਓ ਮਹਾਰਾਜ!’’ ਨਾਰਦ ਨੇ ਕਿਹਾ, ‘‘ਮੈਨੂੰ ਭਿੱਖਿਆ ਨਹੀਂ ਚਾਹੀਦੀ। ਮੈਂ ਤਾਂ ਭੋਲਾ ਰਾਮ ਬਾਰੇ ਪੁੱਛ-ਗਿੱਛ ਕਰਨੀ ਹੈ। ਆਪਣੀ ਮਾਂ ਨੂੰ ਜ਼ਰਾ ਬਾਹਰ ਭੇਜਣਾ ਬੇਟੀ।’’ ਭੋਲਾ ਰਾਮ ਦੀ ਪਤਨੀ ਬਾਹਰ ਆਈ। ਨਾਰਦ ਬੋਲੇ, ‘‘ਮਾਤਾ ਜੀ, ਭੋਲਾ ਰਾਮ ਨੂੰ ਕੀ ਬਿਮਾਰੀ ਸੀ?’’ ‘‘ਕੀ ਦੱਸਾਂ, ਗ਼ਰੀਬੀ ਦੀ ਬਿਮਾਰੀ ਸੀ। ਪੰਜ ਸਾਲ ਹੋ ਗਏ ਪੈਨਸ਼ਨ ਨੂੰ ਉਡੀਕਦੇ। ਪਰ ਉੱਥੋਂ ਜਾਂ ਤਾਂ ਜਵਾਬ ਆਉਂਦਾ ਨਹੀਂ ਸੀ ਜੇ ਆਉਂਦਾ ਤਾਂ ਇਹੀ ਕਿ ਤੁਹਾਡੀ ਪੈਨਸ਼ਨ ਦੇ ਮਾਮਲੇ ’ਤੇ ਵਿਚਾਰ ਹੋ ਰਹੀ ਹੈ। ਇਨ੍ਹਾਂ ਪੰਜ ਸਾਲਾਂ ਵਿੱਚ ਅਸੀਂ ਸਾਰੇ ਗਹਿਣੇ ਵੇਚ ਕੇ ਖਾ ਗਏ। ਫੇਰ ਭਾਂਡੇ ਵਿਕ ਗਏ। ਹੁਣ ਕੁਝ ਨਹੀਂ ਬਚਿਆ ਸੀ। ਚਿੰਤਾ ਵਿੱਚ ਘੁਲਦਿਆਂ ਘੁਲਦਿਆਂ, ਭੁੱਖੇ ਮਰਦਿਆਂ ਮਰਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।’’ ਨਾਰਦ ਨੇ ਕਿਹਾ, ‘‘ਕੀ ਕਰ ਸਕਦੇ ਹਾਂ ਮਾਤਾ ਜੀ, ਉਨ੍ਹਾਂ ਦੀ ਐਨੀ ਹੀ ਉਮਰ ਸੀ।’’ ‘‘ਇਉਂ ਤਾਂ ਨਾ ਕਹੋ ਮਹਾਰਾਜ, ਉਮਰ ਤਾਂ ਬਹੁਤ ਸੀ। ਪੰਜਾਹ-ਸੱਠ ਰੁਪਏ ਮਹੀਨਾ ਪੈਨਸ਼ਨ ਮਿਲਦੀ ਤਾਂ ਕੋਈ ਹੋਰ ਕੰਮ ਕਰ ਕੇ ਗੁਜ਼ਾਰਾ ਹੋ ਜਾਂਦਾ ਪਰ ਕੀ ਕੀਤਾ ਜਾਵੇ, ਪੰਜ ਸਾਲ ਨੌਕਰੀ ਤੋਂ ਬੈਠੇ ਹੋ ਗਏ ਤੇ ਅਜੇ ਤੱਕ ਇੱਕ ਕੌਡੀ ਨਹੀਂ ਮਿਲੀ।’’ ਦੁੱਖ ਦੀ ਕਥਾ ਸੁਣਨ ਦੀ ਨਾਰਦ ਕੋਲ ਫੁਰਸਤ ਨਹੀਂ ਸੀ। ਉਹ ਆਪਣੇ ਮੁੱਦੇ ’ਤੇ ਆਏ, ‘‘ਮਾਂ, ਇਹ ਤਾਂ ਦੱਸੋ ਕਿ ਉਸ ਦਾ ਕਿਸੇ ਨਾਲ ਖ਼ਾਸ ਪ੍ਰੇਮ ਸੀ ਜਿਹਦੇ ਨਾਲ ਉਨ੍ਹਾਂ ਦਾ ਜੀਅ ਲੱਗਿਆ ਹੋਵੇ।’’ ਪਤਨੀ ਬੋਲੀ, ‘‘ਲਗਾਅ ਤਾਂ ਮਹਾਰਾਜ ਬਾਲ ਬੱਚਿਆਂ ਨਾਲ ਹੀ ਹੁੰਦੈ।’’ ‘‘ਨਹੀਂ ਪਰਿਵਾਰ ਤੋਂ ਬਾਹਰ ਵੀ ਹੋ ਸਕਦਾ ਹੈ। ਮੇਰਾ ਮਤਲਬ ਹੈ ਕਿਸੇ ਇਸਤਰੀ?’’ ਪਤਨੀ ਨੇ ਘੂਰਦੇ ਹੋਏ ਨਾਰਦ ਵੱਲ ਦੇਖਿਆ ਤੇ ਬੋਲੀ, ‘‘ਕੁਝ ਮਤ ਬਕੋ ਮਹਾਰਾਜ! ਤੁਸੀਂ ਸਾਧੂ ਹੋ, ਉਚੱਕੇ ਨਹੀਂ। ਜ਼ਿੰਦਗੀ ਭਰ ਉਨ੍ਹਾਂ ਨੇ ਕਿਸੇ ਦੂਜੀ ਔਰਤ ਵੱਲ ਅੱਖ ਉਠਾ ਕੇ ਨਹੀਂ ਦੇਖਿਆ।’’ ਨਾਰਦ ਹੱਸ ਕੇ ਬੋਲਿਆ, ‘‘ਹਾਂ, ਤੁਹਾਡਾ ਇਹ ਸੋਚਣਾ ਠੀਕ ਹੀ ਹੈ। ਇਹੀ ਹਰ ਅੱਛੀ ਗ੍ਰਹਿਸਤੀ ਦਾ ਆਧਾਰ ਹੈ। ਚੰਗਾ ਮਾਤਾ ਜੀ ਮੈਂ ਚੱਲਿਆ।’’ ਭੋਲਾ ਰਾਮ ਦੀ ਪਤਨੀ ਨੇ ਕਿਹਾ, ‘‘ਮਹਾਰਾਜ! ਤੁਸੀਂ ਤਾਂ ਸਾਧੂ ਹੋ, ਸਿੱਧ ਪੁਰਖ ਹੋ। ਕੁਝ ਐਸਾ ਨਹੀਂ ਕਰ ਸਕਦੇ ਕਿ ਉਨ੍ਹਾਂ ਦੀ ਰੁਕੀ ਹੋਈ ਪੈਨਸ਼ਨ ਮਿਲ ਜਾਏ। ਕੁਝ ਦਿਨਾਂ ਲਈ ਇਨ੍ਹਾਂ ਬੱਚਿਆਂ ਦਾ ਪੇਟ ਭਰ ਜਾਏ।’’ ਨਾਰਦ ਨੂੰ ਦਇਆ ਆ ਗਈ। ਉਹ ਕਹਿਣ ਲੱਗੇ, ‘‘ਸਾਧੂਆਂ ਦੀ ਗੱਲ ਕੌਣ ਮੰਨਦਾ ਹੈ? ਮੇਰਾ ਏਥੇ ਕੋਈ ਮੱਠ ਤਾਂ ਹੈ ਨਹੀਂ। ਫਿਰ ਵੀ ਮੈਂ ਸਰਕਾਰੀ ਦਫ਼ਤਰ ਜਾਵਾਂਗਾ ਤੇ ਕੋਸ਼ਿਸ਼ ਕਰਾਂਗਾ।’’
ਨਾਰਦ ਉੱਥੋਂ ਚੱਲ ਕੇ ਸਰਕਾਰੀ ਦਫ਼ਤਰ ਪਹੁੰਚ ਗਏ। ਉੱਥੇ ਪਹਿਲਾਂ ਤੋਂ ਹੀ ਬੈਠੇ ਬਾਬੂ ਨਾਲ ਉਨ੍ਹਾਂ ਨੇ ਭੋਲਾ ਰਾਮ ਦੇ ਕੇਸ ਸਬੰਧੀ ਗੱਲਾਂ ਕੀਤੀਆਂ। ਉਸ ਬਾਬੂ ਨੇ ਉਨ੍ਹਾਂ ਵੱਲ ਧਿਆਨ ਨਾਲ ਵੇਖਿਆ ਤੇ ਬੋਲਿਆ, ‘‘ਭੋਲਾ ਰਾਮ ਨੇ ਦਰਖਾਸਤ ਤਾਂ ਭੇਜੀ ਸੀ ਪਰ ਉਸ ਉੱਤੇ ਵਜ਼ਨ ਨਹੀਂ ਰੱਖਿਆ ਸੀ। ਇਸ ਕਰਕੇ ਕਿਤੇ ਉੱਡ ਗਈ ਹੋਣੀ ਹੈ।’’ ਨਾਰਦ ਨੇ ਕਿਹਾ, ‘‘ਬਈ ਇਹ ਬਹੁਤ ਸਾਰੇ ਪੇਪਰਵੇਟ ਤਾਂ ਪਏ ਹਨ। ਇਨ੍ਹਾਂ ਨੂੰ ਕਿਉਂ ਨਾ ਰੱਖਿਆ?’’ ਬਾਬੂ ਹੱਸਿਆ, ‘‘ਤੁਸੀਂ ਸਾਧੂ ਹੋ, ਤੁਹਾਨੂੰ ਦੁਨੀਆਦਾਰੀ ਸਮਝ ਵਿੱਚ ਨਹੀਂ ਆਉਣੀ। ਦਰਖਾਸਤਾਂ ਪੇਪਰਵੇਟ ਨਾਲ ਨਹੀਂ ਦਬਦੀਆਂ। ਖ਼ੈਰ, ਤੁਸੀਂ ਉਸ ਕਮਰੇ ਵਿੱਚ ਬੈਠੇ ਬਾਬੂ ਨੂੰ ਮਿਲੋ।’’
ਨਾਰਦ ਅਗਲੇ ਬਾਬੂ ਕੋਲ ਗਏ। ਉਸ ਨੇ ਤੀਜੇ ਕੋਲ ਭੇਜ ਦਿੱਤਾ, ਤੀਜੇ ਨੇ ਚੌਥੇ ਕੋਲ ਤੇ ਚੌਥੇ ਨੇ ਪੰਜਵੇਂ ਕੋਲ। ਜਦੋਂ ਨਾਰਦ ਪੰਝੀ ਤੀਹ ਬਾਬੂਆਂ ਅਤੇ ਅਫ਼ਸਰਾਂ ਕੋਲ ਘੁੰਮ ਆਏ ਤਾਂ ਚਪੜਾਸੀ ਨੇ ਕਿਹਾ, ‘‘ਮਹਾਰਾਜ! ਤੁਸੀਂ ਕਿਉਂ ਇਸ ਝੰਝਟ ਵਿੱਚ ਪੈ ਗਏ। ਅਗਰ ਸਾਲ ਭਰ ਵੀ ਤੁਸੀਂ ਇੱਥੇ ਚੱਕਰ ਲਾਉਂਦੇ ਰਹੇ ਤਾਂ ਵੀ ਕੰਮ ਨਹੀਂ ਹੋਣਾ। ਤੁਸੀਂ ਸਿੱਧੇ ਵੱਡੇ ਸਾਹਿਬ ਨੂੰ ਮਿਲੋ। ਉਨ੍ਹਾਂ ਨੂੰ ਖ਼ੁਸ਼ ਕਰ ਦਿੱਤਾ ਤਾਂ ਕੰਮ ਹੁਣੇ ਹੋ ਜਾਵੇਗਾ।’’
ਨਾਰਦ ਵੱਡੇ ਸਾਹਿਬ ਦੇ ਕਮਰੇ ਵਿੱਚ ਪਹੁੰਚ ਗਏ। ਬਾਹਰ ਬੈਠਾ ਚਪੜਾਸੀ ਊਂਘ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਉਸ ਨੂੰ ਬਿਨਾ ਵਿਜ਼ਟਿੰਗ ਕਾਰਡ ਆਇਆਂ ਦੇਖ ਸਾਹਿਬ ਬੜੇ ਨਾਰਾਜ਼ ਹੋਏ ਤੇ ਬੋਲੇ, ‘‘ਇਸ ਨੂੰ ਕੋਈ ਮੰਦਰ ਸਮਝ ਲਿਆ? ਧੁੱਸ ਦੇ ਕੇ ਅੰਦਰ ਆ ਗਏ! ਚਿਟ ਕਿਉਂ ਨਹੀਂ ਭੇਜੀ?’’ ਨਾਰਦ ਬੋਲੇ, ‘‘ਕਵਿੇਂ ਭੇਜਦਾ? ਚਪੜਾਸੀ ਸੌਂ ਰਿਹਾ ਹੈ।’’ ‘‘ਕੀ ਕੰਮ ਹੈ?’’ ਸਾਹਿਬ ਨੇ ਰੋਅਬ ਨਾਲ ਪੁੱਛਿਆ। ਨਾਰਦ ਨੇ ਭੋਲਾ ਰਾਮ ਦੇ ਪੈਨਸ਼ਨ ਕੇਸ ਬਾਰੇ ਦੱਸਿਆ। ਸਾਹਿਬ ਬੋਲਿਆ, ‘‘ਤੁਸੀਂ ਹੋ ਵੈਰਾਗੀ, ਦਫ਼ਤਰਾਂ ਦੇ ਰੀਤੀ ਰਵਿਾਜ ਨਹੀਂ ਜਾਣਦੇ। ਅਸਲ ਵਿੱਚ ਭੋਲਾ ਰਾਮ ਨੇ ਗਲਤੀ ਕੀਤੀ। ਇਹ ਵੀ ਇੱਕ ਮੰਦਰ ਵਰਗੀ ਥਾਂ ਹੈ ਭਾਈ। ਇੱਥੇ ਵੀ ਦਾਨ-ਪੁੰਨ ਕਰਨਾ ਪੈਂਦਾ ਹੈ। ਤੁਸੀਂ ਭੋਲਾ ਰਾਮ ਦੇ ਆਪਣੇ ਲੱਗਦੇ ਹੋ। ਭੋਲਾ ਰਾਮ ਦੀਆਂ ਦਰਖਾਸਤਾਂ ਉੱਡ ਰਹੀਆਂ ਹਨ। ਉਨ੍ਹਾਂ ’ਤੇ ਵਜ਼ਨ ਰੱਖੋ।’’ ਨਾਰਦ ਨੇ ਸੋਚਿਆ ਕਿ ਫੇਰ ਇੱਥੇ ਵਜ਼ਨ ਦੀ ਸਮੱਸਿਆ ਖੜ੍ਹੀ ਹੋ ਗਈ। ਸਾਹਿਬ ਬੋਲਿਆ, ‘‘ਬਈ ਸਰਕਾਰੀ ਪੈਸੇ ਦਾ ਮਾਮਲਾ ਹੈ। ਪੈਨਸ਼ਨ ਦਾ ਕੇਸ ਵੀਹ ਦਫ਼ਤਰਾਂ ਵਿੱਚ ਜਾਂਦਾ ਹੈ। ਦੇਰ ਹੋ ਹੀ ਜਾਂਦੀ ਹੈ। ਵੀਹ ਵਾਰੀ ਇੱਕੋ ਗੱਲ, ਵੀਹ ਜਗ੍ਹਾ ’ਤੇ ਲਿਖਣੀ ਪੈਂਦੀ ਹੈ ਤਾਂ ਕਿਤੇ ਪੱਕੀ ਹੁੰਦੀ ਹੈ। ਜਿੰਨੀ ਪੈਨਸ਼ਨ ਮਿਲਦੀ ਹੈ, ਓਨੇ ਦੀ ਸ਼ਟੇਸ਼ਨਰੀ ਲੱਗ ਜਾਂਦੀ ਹੈ। ਹਾਂ, ਜਲਦੀ ਵੀ ਹੋ ਸਕਦੀ ਹੈ ਮਗਰ...’’ ਸਾਹਿਬ ਰੁਕਿਆ। ਨਾਰਦ ਨੇ ਕਿਹਾ, ‘‘ਮਗਰ ਕੀ?’’ ਸਾਹਿਬ ਨੇ ਗੁੱਝੀ ਮੁਸਕਾਨ ਨਾਲ ਕਿਹਾ, ‘‘ਮਗਰ ਵਜ਼ਨ ਚਾਹੀਦੈ। ਤੁਸੀਂ ਸਮਝੇ ਨਹੀਂ। ਜਿਸ ਤਰ੍ਹਾਂ ਤੁਹਾਡੀ ਇਹ ਸੁੰਦਰ ਵੀਣਾ। ਇਸ ਦਾ ਵਜ਼ਨ ਵੀ ਭੋਲਾ ਰਾਮ ਦੀ ਦਰਖਾਸਤ ’ਤੇ ਰੱਖਿਆ ਜਾ ਸਕਦਾ। ਮੇਰੀ ਲੜਕੀ ਗਾਉਣਾ-ਵਜਾਉਣਾ ਸਿੱਖਦੀ ਹੈ। ਮੈਂ ਉਸ ਨੂੰ ਇਹ ਦੇ ਦਿਆਂਗਾ। ਸਾਧੂ ਸੰਤਾਂ ਦੀਆਂ ਵੀਣਾਂ ਵਿੱਚੋਂ ਤਾਂ ਹੋਰ ਵੀ ਅੱਛੇ ਸੁਰ ਨਿਕਲਦੇ ਹਨ।’’ ਨਾਰਦ ਆਪਣੀ ਵੀਣਾ ਨੂੰ ਜਾਂਦਿਆਂ ਦੇਖ ਘਬਰਾਏ ਪਰ ਫਿਰ ਸੰਭਲਦੇ ਹੋਏ ਵੀਣਾ ਨੂੰ ਮੇਜ਼ ’ਤੇ ਰੱਖ ਕੇ ਬੋਲੇ, ‘‘ਇਹ ਲਓ, ਹੁਣ ਜ਼ਰਾ ਜਲਦੀ ਉਸ ਦੀ ਪੈਨਸ਼ਨ ਦੇ ਆਰਡਰ ਕੱਢ ਦਿਓ।’’ ਸਾਹਿਬ ਨੇ ਖ਼ੁਸ਼ ਹੁੰਦਿਆਂ ਉਸ ਨੂੰ ਕੁਰਸੀ ਦਿੱਤੀ। ਵੀਣਾ ਨੂੰ ਇੱਕ ਕੋਨੇ ਵਿੱਚ ਰੱਖਿਆ ਤੇ ਘੰਟੀ ਵਜਾਈ। ਚਪੜਾਸੀ ਹਾਜ਼ਰ ਹੋਇਆ। ਸਾਹਿਬ ਨੇ ਹੁਕਮ ਦਿੱਤਾ, ‘‘ਵੱਡੇ ਬਾਬੂ ਤੋਂ ਭੋਲਾ ਰਾਮ ਦੇ ਕੇਸ ਦੀ ਫਾਈਲ ਲੈ ਕੇ ਆਓ।’’ ਥੋੜ੍ਹੀ ਦੇਰ ਬਾਅਦ ਚਪੜਾਸੀ ਭੋਲਾ ਰਾਮ ਦੀ ਸੌ ਡੇਢ ਸੌ ਦਰਖਾਸਤਾਂ ਨਾਲ ਭਰੀ ਫਾਈਲ ਲੈ ਆਇਆ। ਉਸ ਵਿੱਚ ਪੈਨਸ਼ਨ ਦੇ ਕਾਗਜ਼ਾਤ ਵੀ ਸਨ। ਸਾਹਿਬ ਨੇ ਫਾਈਲ ’ਤੇ ਨਾਂ ਦੇਖਿਆ ਤੇ ਨਿਸ਼ਚਿਤ ਕਰਨ ਲਈ ਪੁੱਛਿਆ, ‘‘ਕੀ ਨਾਮ ਦੱਸਿਆ ਸੀ?’’
ਨਾਰਦ ਨੇ ਸਮਝਿਆ ਕਿ ਸਾਹਿਬ ਨੂੰ ਕੁਝ ਉੱਚਾ ਸੁਣਦਾ ਹੋਵੇਗਾ। ਇਸ ਲਈ ਜ਼ੋਰ ਨਾਲ ਬੋਲਿਆ, ‘‘ਭੋਲਾ ਰਾਮ!’’
ਅਚਾਨਕ ਫਾਈਲ ਵਿੱਚੋਂ ਆਵਾਜ਼ ਆਈ, ‘‘ਕੌਣ ਪੁਕਾਰ ਰਿਹੈ ਮੈਨੂੰ? ਪੋਸਟਮੈਨ ਹੈ? ਕੀ ਪੈਨਸ਼ਨ ਦਾ ਆਰਡਰ ਆ ਗਿਆ?’’
ਨਾਰਦ ਚੌਂਕਿਆ। ਪਰ ਦੂਜੇ ਹੀ ਪਲ ਗੱਲ ਸਮਝ ਗਿਆ ਤੇ ਬੋਲਿਆ, ‘‘ਭੋਲਾ ਰਾਮ! ਕੀ ਤੂੰ ਭੋਲਾ ਰਾਮ ਦਾ ਜੀਵ ਹੈਂ?’’
‘‘ਹਾਂਅ’’ ਆਵਾਜ਼ ਆਈ।
ਨਾਰਦ ਨੇ ਕਿਹਾ, ‘‘ਮੈਂ ਨਾਰਦ ਹਾਂ। ਤੈਨੂੰ ਲੈਣ ਆਇਆ ਹਾਂ। ਚਲੋ! ਸਵਰਗ ਵਿੱਚ ਤੇਰਾ ਇੰਤਜ਼ਾਰ ਹੋ ਰਿਹਾ ਹੈ।’’
ਆਵਾਜ਼ ਆਈ, ‘‘ਮੈਂ ਨਹੀਂ ਜਾਣਾ, ਮੈ ਤਾਂ ਪੈਨਸ਼ਨ ਦੀਆਂ ਦਰਖਾਸਤਾਂ ਵਿੱਚ ਅਟਕਿਆ ਹੋਇਆ ਹਾਂ। ਇੱਥੇ ਹੀ ਮੇਰਾ ਮਨ ਲੱਗਿਆ ਹੋਇਆ ਹੈ। ਮੈਂ ਆਪਣੀਆਂ ਦਰਖਾਸਤਾਂ ਛੱਡ ਕੇ ਨਹੀਂ ਜਾ ਸਕਦਾ।’’
- ਅਨੁਵਾਦ: ਭੋਲਾ ਸਿੰਘ ਸੰਘੇੜਾ
ਸੰਪਰਕ: 98147-87506

Advertisement

Advertisement
Advertisement
Author Image

sanam grng

View all posts

Advertisement