ਪਿੰਜੌਰ ਦਾ ਭੀਮਾ ਦੇਵੀ ਮੰਦਰ ਤੇ ਅਜਾਇਬਘਰ
ਅਤੀਤ ਵਿਚ ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਸੋਨੇ ਦੀ ਚਿੜੀ ਰੂਪੀ ਭਾਰਤ ਦੇ ਖੰਭ ਸਮੇਂ ਸਮੇਂ ’ਤੇ ਅਨੇਕਾਂ ਵਿਦੇਸ਼ੀ ਹਮਲਾਵਰਾਂ ਨੇ ਨੋਚੇ ਹਨ। ਹਮਲਾਵਰ ਇੱਥੇ ਬਣੀਆਂ ਇਤਿਹਾਸਕ ਤੇ ਹੋਰ ਬਹੁਮੁੱਲੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਂਦੇ ਰਹੇ ਹਨ। ਹਮਲਾਵਰਾਂ ਨੇ ਪਿੰਜੌਰ ਦੇ ਭੀਮਾ ਦੇਵੀ ਮੰਦਰ ਨੂੰ ਵੀ ਥੇਹ ਕਰ ਦਿੱਤਾ ਸੀ। ਜਿਸ ਥਾਂ ’ਤੇ ਅਤੀਤ ਵਿਚ ਭੀਮਾ ਦੇਵੀ ਮੰਦਰ ਸਥਿਤ ਸੀ, ਉਥੇ ਭੀਮਾ ਦੇਵੀ ਅਜਾਇਬਘਰ ਬਣਾਇਆ ਗਿਆ ਹੈ। ਇਸ ਅਜਾਇਬਘਰ ਵਿਚ ਖੁਦਾਈ ਸਮੇਂ ਮਿਲੀਆਂ ਪ੍ਰਾਚੀਨ ਮੂਰਤੀਆਂ, ਸਜਾਵਟੀ ਸਤੰਭਾਂ ਤੇ ਸ਼ਿਲਾਲੇਖਾਂ ਨੂੰ ਸਜਾਇਆ ਗਿਆ ਹੈ।
ਭੀਮਾ ਦੇਵੀ ਮੰਦਰ ਦਾ ਪਤਾ 1974 ਵਿਚ ਪਿੰਜੌਰ ਵਿੱਚ ਹੋਈ ਖੁਦਾਈ ਸਮੇਂ ਲੱਗਿਆ ਸੀ। ਖੁਦਾਈ ਵੇਲੇ ਪੰਜ ਹਿੱਸਿਆਂ ਵਾਲੇ ਵਿਸ਼ਾਲ ਮੰਦਰ ਦੀ ਨਿਸ਼ਾਨਦੇਹੀ ਹੋਈ ਸੀ। ਇੱਥੇ ਤਿੰਨ ਵਿਸ਼ਾਲ ਚਬੂਤਰੇ ਮਿਲੇ ਸਨ। ਵਿਸ਼ਾਲ ਚਬੂਤਰਿਆਂ ਤੋਂ ਇਲਾਵਾ ਇਥੋਂ ਮੂਰਤੀਆਂ, ਸਜਾਵਟੀ ਸਤੰਭ ਤੇ ਸ਼ਿਲਾਲੇਖ ਮਿਲੇ ਸਨ। ਭੀਮਾ ਦੇਵੀ ਮੰਦਰ ਸਥਲ ਨੂੰ 1974 ਵਿਚ ਪੰਜਾਬ ਪ੍ਰਾਚੀਨ ਅਤੇ ਇਤਿਹਾਸਕ ਸਮਾਰਕਾਂ ਦੇ ਅਧੀਨਿਯਮ 1964 ਅਧੀਨ ਸੁਰੱਖਿਅਤ ਸਮਾਰਕ ਐਲਾਨਿਆ ਗਿਆ ਹੈ। 13 ਜੁਲਾਈ 2009 ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭੁਪੇਂਦਰ ਸਿੰਘ ਹੁੱਡਾ ਨੇ ਭੀਮਾ ਦੇਵੀ ਮੰਦਰ ਨੂੰ ਅਜਾਇਬਘਰ ਦੇ ਰੂਪ ਵਿਚ ਲੋਕਾਂਈ ਨੂੰ ਸਮਰਪਿਤ ਕੀਤਾ ਸੀ। ਅਤੀਤ ਵਿਚ ਪਿੰਜੌਰ ਦਾ ਆਪਣਾ ਰੌਚਕ ਇਤਿਹਾਸ ਰਿਹਾ ਸੀ। ਪੁਰਾਣੇ ਸ਼ਿਲਾਲੇਖਾਂ ਵਿਚ ਇਸ ਦਾ ਨਾਂ ਪੰਚਪੁਰਾ ਮਿਲਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪਾਂਡਵ ਨੇ ਆਪਣੇ ਅਗਿਆਤ ਵਾਸ ਦਾ ਆਖਰੀ ਸਾਲ ਇੱਥੇ ਗੁਜ਼ਾਰਿਆ ਸੀ। ਪਾਂਡਵਾਂ ਦੇ ਨਿਵਾਸ ਕਰਨ ਕਰ ਕੇ ਇਸ ਥਾਂ ਨੂੰ ਪੰਚਪੁਰਾ ਕਿਹਾ ਜਾਣ ਲੱਗਾ। ਪੰਚਪੁਰਾ ਤੋਂ ਵਿਗੜ ਕੇ ਪਿੰਜੌਰ ਬਣਿਆ।
ਪਿੰਜੌਰ ਵਿੱਚ ਭੀਮਾ ਦੇਵੀ ਅਜਾਇਬਘਰ ਵਿਚ ਸ਼ਿਵ, ਪਾਰਵਤੀ, ਵਿਸ਼ਣੂ, ਗਣੇਸ਼, ਕਾਰਤਿਕ ਦੇ ਨਾਲ ਨਾਲ ਹੋਰ ਦੇਵੀ ਦੇਵਤਿਆਂ ਦੀਆਂ ਪ੍ਰਾਚੀਨ ਮੂਰਤੀਆਂ ਸੁਸ਼ੋਭਿਤ ਹਨ। ਦੇਵੀ ਦੇਵਤਿਆਂ ਤੋਂ ਇਲਾਵਾ ਇੱਥੇ ਗੰਧਰਵ, ਸੰਗੀਤਕਾਰਾਂ, ਜਾਨਵਰਾਂ ਅਤੇ ਅਪਸਰਵਾਂ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ। ਇਹ ਸਾਰੀਆਂ ਮੂਰਤੀਆਂ ਇਸੇ ਥਾਂ ਤੋਂ ਖੁਦਾਈ ਸਮੇਂ ਮਿਲੀਆਂ ਹਨ। ਭੀਮਾ ਦੇਵੀ ਮੰਦਰ ਵਿਚਲੀਆਂ ਮੂਰਤੀਆਂ ਨੂੰ ਮੁੱਖ ਰੂਪ ਵਿਚ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ, ਅਪਸਰਵਾਂ ਦੀਆਂ ਮੂਰਤੀਆਂ, ਜਾਨਵਰਾਂ ਦੀਆਂ ਮੂਰਤੀਆਂ ਤੇ ਸੰਗੀਤਕਾਰਾਂ ਜਾਂ ਆਪਣੇ ਸਮੇਂ ਦੇ ਖਾਸ ਵਿਅਕਤੀਆਂ ਦੀਆਂ ਮੂਰਤੀਆਂ।
ਭਵਨ ਨਿਰਮਾਣ ਤੇ ਮੂਰਤੀ ਕਲਾ ਸ਼ੈਲੀ ਦੇ ਪੱਖ ਤੋਂ ਭੀਮਾ ਦੇਵੀ ਅਜਾਇਬਘਰ ਵਿਚ ਸੁਸ਼ੋਭਿਤ ਮੂਰਤੀਆਂ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਭੀਮਾ ਦੇਵੀ ਮੰਦਰ ਗੁਰਜਰ ਪ੍ਰਤਿਹਾਰ ਕਾਲ ਵਿਚ ਬਣਿਆ ਸੀ। ਇਥੋਂ ਮਿਲੀਆਂ ਸਲੇਟੀ, ਫਿੱਕੇ ਭੂਰੇ ਤੇ ਫਿੱਕੇ ਲਾਲ ਪੱਥਰਾਂ ਨਾਲ ਬਣੀਆਂ ਬਹੁਤੀਆਂ ਮੂਰਤੀਆਂ 9ਵੀਂ ਤੋਂ 11ਵੀਂ ਸਦੀ ਦੀਆਂ ਹਨ। ਖੁਦਾਈ ਵੇਲੇ ਮਿਲੇ ਇਕ ਸ਼ਿਲਾਲੇਖ ਉੱਪਰ ਰਾਜੇ ਰਾਮਦੇਵ ਦਾ ਨਾਂ ਅੰਕਿਤ ਹੈ।
ਅੱਠ ਕਿੱਲ੍ਹਿਆਂ ਵਿਚ ਫੈਲੇ ਭੀਮਾ ਦੇਵੀ ਮੰਦਰ ਨੂੰ ਉੱਤਰੀ ਭਾਰਤ ਦਾ ‘ਖੁਜਰਾਹੋ ਦਾ ਮੰਦਰ’ ਕਿਹਾ ਜਾਂਦਾ ਹੈ। ਇਸ ਮੰਦਰ ਭਵਨ ਦੀ ਨਿਰਮਾਣ ਸ਼ੈਲੀ ਮੱਧ ਪ੍ਰਦੇਸ਼ ਦੇ ਖੁਜਰਾਹੋ ਦੇ ਮੰਦਰ ਅਤੇ ਉੜੀਸਾ ਦੇ ਕੌਣਾਕ ਮੰਦਰ ਵਰਗੀ ਹੈ। ਇਨ੍ਹਾਂ ਮੰਦਰਾਂ ਵਾਂਗ ਹੀ ਭੀਮਾ ਦੇਵੀ ਮੰਦਰ ਦੀਆਂ ਵੀ ਬਾਹਰੀ ਕੰਧਾਂ ਉੱਪਰ ਹੀ ਮੂਰਤੀਆਂ ਸੁਸ਼ੋਭਿਤ ਸਨ। ਅੰਦਰਲੀਆਂ ਕੰਧਾਂ ਸਾਫ ਸਨ।
ਭੀਮਾ ਦੇਵੀ ਨੂੰ ਹਿਮਾਲਾ ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਤਪੱਸਿਆ ਕਰਨ ਵਾਲੇ ਰਿਸ਼ੀਆਂ ਦੀ ਰੱਖਿਅਕ ਮੰਨਿਆ ਗਿਆ ਹੈ। ਭੀਮਾ ਦੇਵੀ, ਦੁਰਗਾ ਅਤੇ ਚੰਡੀ ਦਾ ਹੀ ਬਦਲਵਾਂ ਨਾਂ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਵਿਚ ਦੁਰਗਾ ਅਤੇ ਰਾਕਸ਼ਾਂ ਦੇ ਯੁੱਧ ਦਾ ਵਰਨਣ ਮਿਲਦਾ ਹੈ। ਦੁਰਗਾ ਨੇ ਦੇਵਤਿਆਂ ਅਤੇ ਰਿਸ਼ੀਆਂ ਨੂੰ ਤੰਗ ਕਰਨ ਵਾਲੇ ਰਾਕਸ਼ਾਂ ਦਾ ਨਾਸ ਕੀਤਾ ਸੀ।
ਭੀਮਾ ਦੇਵੀ ਮੰਦਰ ਸਥਲ ਅਤੇ ਅਜਾਇਬਘਰ ਪਿੰਜੌਰ ਗਾਰਡਨ ਦੇ ਬਿਲਕੁਲ ਨਾਲ ਸਥਿਤ ਹੇ। ਇਤਿਹਾਸ ਵਿਚ ਇਹ ਵੇਰਵਾ ਮਿਲਦਾ ਹੈ ਕਿ ਮੁਗ਼ਲ ਗਾਰਡਨ, ਔਰੰਗਜ਼ੇਬ ਦੇ ਕਾਲ ਵਿਚ ਫਿਦਾਈ ਖਾਨ ਨੇ ਤਿਆਰ ਕਰਵਾਇਆ ਸੀ। ਫਿਦਾਈ ਖਾਨ ਉਸ ਵੇਲੇ ਸਰਹਿੰਦ ਦਾ ਗਵਰਨਰ ਸੀ। ਉਸ ਨੇ ਮੁਗ਼ਲ ਗਾਰਡਨ ਨੂੰ ਤਿਆਰ ਕਰਵਾਉਣ ਵੇਲੇ ਨਸ਼ਟ ਕੀਤੇ ਗਏ ਮੰਦਰਾਂ ਦੇ ਅਵਸ਼ੇਸ਼ਾਂ ਨੂੰ ਵਰਤਿਆ ਸੀ। ਕਿਹਾ ਜਾਂਦਾ ਹੈ ਕਿ ਪਿੰਜੌਰ ਗਾਰਡਨ ਦੀਆਂ ਬਾਹਰੀ ਕੰਧਾਂ ਨਸ਼ਟ ਹੋਏ ਭੀਮਾ ਦੇਵੀ ਮੰਦਰ ਦੇ ਪੱਥਰਾਂ ਨਾਲ ਬਣਵਾਈਆਂ ਗਈਆਂ ਸਨ। ਫਿਦਾਈ ਖਾਨ ਵੱਲੋਂ 1661 ਈਸਵੀ ਵਿਚ ਭੀਮਾ ਦੇਵੀ ਮੰਦਰ ਨੂੰ ਨਸ਼ਟ ਕਰ ਦਿੱਤਾ ਸੀ। ਔਰੰਗਜ਼ੇਬ ਤੋਂ ਪਹਿਲਾਂ ਵੀ ਭੀਮਾ ਦੇਵੀ ਮੰਦਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 1399 ਈਸਵੀ ਵਿਚ ਤੈਮੂਰ ਨੇ ਹੋਰਨਾਂ ਇਮਾਰਤਾਂ ਦੇ ਨਾਲ ਨਾਲ ਭੀਮਾ ਦੇਵੀ ਮੰਦਰ ਨੂੰ ਵੀ ਨੁਕਸਾਨ ਪਹੁੰਚਾਇਆ ਸੀ।
ਭੀਮਾ ਦੇਵੀ ਮੰਦਰ ‘ਪੰਚਤਾਇਨ’ ਦੇ ਰੂਪ ਵਿਚ ਬਣੇ ਹੋਏ ਸਨ। ਇਕੋ ਥਾਂ ਪੰਜ ਮੰਦਰਾਂ ਦੇ ਬਣਾਉਣ ਦੀ ਵਿਓਂਤ ਨੂੰ ਪੰਚਤਾਇਨ ਕਿਹਾ ਜਾਂਦਾ ਹੈ। ਪੰਚਤਾਇਨ ਵਿਚ ਪ੍ਰਮੁਖ ਦੇਵਤਾ ਦਾ ਮੰਦਰ ਵਿਚਕਾਰ ਕਰ ਕੇ ਤੇ ਚਾਰਾਂ ਨੁੱਕਰਾਂ ਉੱਪਰ ਹੋਰ ਦੇਵਤਿਆਂ ਦੇ ਮੰਦਰ ਬਣਾਏ ਜਾਂਦੇ ਸਨ। ਭੀਮਾ ਦੇਵੀ ਮੰਦਰ ਦੀ ਖੁਦਾਈ ਤੋਂ ਅਨੁਮਾਨ ਲਗਾਇਆ ਗਿਆ ਹੈ ਕਿ ਪਿੰਜੌਰ ਦੇ ਇਸ ਪੰਚਤਾਇਨ ਵਿਚਾਲੇ ਸ਼ਿਵ ਮੰਦਰ ਸੀ। ਖੁਦਾਈ ਕਰਦਿਆਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਚਾਰਾਂ ਨੁੱਕਰਾਂ ਉੱਪਰ ਗਣੇਸ਼, ਪਾਰਵਤੀ, ਕਾਰਤਿਕ ਤੇ ਭੈਰੋ ਦੇ ਮੰਦਰ ਬਣੇ ਹੋਣਗੇ। ਉਂਜ ਇਥੋਂ ਲਗਪਗ ਸਾਰੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ ਹਨ।
ਪੰਚਤਾਇਨ ਦੇ ਨਕਸ਼ੇ ਅਨੁਸਾਰ ਹੀ ਹੁਣ ਇੱਥੇ ਅਜਾਇਬਘਰ ਦੀਆਂ ਇਮਾਰਤਾਂ ਬਣਾਈਆਂ ਗਈਆਂ ਹਨ। ਇਨ੍ਹਾਂ ਇਮਾਰਤਾਂ ਵਿਚ ਖੁਦਾਈ ਸਮੇਂ ਮਿਲੀਆਂ ਮੂਰਤੀਆਂ ਨੂੰ ਦਰਸ਼ਕਾਂ ਲਈ ਸਜਾਇਆ ਗਿਆ ਹੈ। ਪੰਜ ਅਜਾਇਬਘਰਾਂ ਤੋਂ ਇਲਾਵਾ ਭੀਮਾ ਦੇਵੀ ਮੰਦਰ ਪ੍ਰਾਂਗਣ ਵਿਚ ਖੁੱਲ੍ਹੇ ਅਸਮਾਨ ਹੇਠਾਂ ਵੀ ਮੂਰਤੀਆਂ ਨੂੰ ਸਜਾਇਆ ਗਿਆ ਹੈ। ਖੁੱਲ੍ਹੇ ਅਸਮਾਨ ਹੇਠਾਂ ਫੁੱਲ-ਬੂਟਿਆਂ ਵਿਚ ਸੁਸ਼ੋਭਿਤ ਮੂਰਤੀਆਂ ਹੋਰ ਵੀ ਸੁੰਦਰ ਲੱਗਦੀਆਂ ਹਨ। ਭੀਮਾ ਦੇਵੀ ਮੰਦਰ ਤੇ ਅਜਾਇਬਘਰ ਨੂੰ ਟਿਕਟ ਲੈ ਕੇ ਵੇਖਿਆ ਜਾ ਸਕਦਾ ਹੈ। ਪਿੰਜੌਰ ਗਾਰਡਨ ਵੇਖਣ ਆਉਣ ਵਾਲੇ ਸੈਲਾਨੀਆਂ, ਇਤਿਹਾਸ ਪ੍ਰੇਮੀਆਂ ਤੇ ਕਲਾ ਪ੍ਰੇਮੀਆਂ ਵਿੱਚੋਂ ਵਿਰਲੇ ਭੀਮਾ ਦੇਵੀ ਮੰਦਰ ਤੇ ਅਜਾਇਬ ਘਰ ਵਿਚਲੀ ਵਿਰਾਸਤ ਦੇ ਰੂਬਰੂ ਹੁੰਦੇ ਹਨ।
ਸੰਪਰਕ: 94165-92149