ਭਵਾਨੀਗੜ੍ਹ: ਭਾਕਿਯੂ ਉਗਰਾਹਾਂ ਨੇ ਪਿੰਡਾਂ ’ਚ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੀਤਾ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ , 30 ਅਗਸਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਪਿੰਡ ਨਾਗਰਾ, ਸੰਘਰੇੜੀ, ਭੱਟੀਵਾਲ ਕਲਾ ਅਤੇ ਬਲਿਆਲ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮਾਰਚ ਕੱਢਿਆ ਗਿਆ। ਮਾਰਚ ਦੌਰਾਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਕੇ ਯੂਨੀਅਨ ਲੋਕਾਂ ਦੇ ਸਹਿਯੋਗ ਨਾਲ ਸੜਕਾਂ ’ਤੇ ਉਤਰੇਗੀ। ਪੰਜਾਬ ਸਰਕਾਰ ਨਸ਼ਾ ਮੁਹਿੰਮ ਨੂੰ ਲੈ ਕੇ ਫੇਲ੍ਹ ਹੋ ਚੁੱਕੀ ਹੈ। ਸਿੰਥੈਟਿਕ ਡਰੱਗ ਪਿੰਡਾਂ ਵਿੱਚ ਸ਼ਰੇਆਮ ਵਿਕ ਰਹੇ ਹਨ ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰਾਂ ਨਸ਼ੇ ਖਾਣ ਵਾਲਿਆਂ ਤੇ ਸ਼ਿਕੰਜਾ ਕਸ ਦਿੰਦੀਆਂ ਹਨ ਪਰ ਨਸ਼ੇ ਦੇ ਵੱਡੇ ਸਮਗਲਰਾਂ ਨੂੰ ਕੋਈ ਵੀ ਸਰਕਾਰ ਹੱਥ ਨਹੀਂ ਪਾਉਂਦੀ। ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ’ਤੇ ਪੂਰੇ ਪੰਜਾਬ ਦੇ ਡੀਸੀ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਰੈਲੀਆਂ ਨੂੰ ਬਲਾਕ ਦੇ ਆਗੂ ਹਰਜਿੰਦਰ ਸਿੰਘ ਘਰਾਚੋਂ, ਅਮਨਦੀਪ ਸਿੰਘ ਮਹਿਲਾਂ ਚੌਕ, ਰਘਵੀਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ ਅਤੇ ਕੁਲਦੀਪ ਸਿੰਘ ਬਖੋਪੀਰ ਨੇ ਸੰਬੋਧਨ ਕੀਤਾ।