ਭਾਰਤੀ ਜਨਤਾ ਪਾਰਟੀ ਵੱਲੋਂ ਰਾਜ ਘਾਟ ’ਤੇ ਧਰਨਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੁਲਾਈ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਦਿੱਲੀ ਭਾਜਪਾ ਦੇ ਸੰਸਦ ਮੈਂਬਰ, ਵਿਧਾਇਕ ਅਤੇ ਸੂਬਾਈ ਆਗੂ ਅੱਜ ਲਗਾਤਾਰ ਦੂਜੇ ਦਿਨ ਰਾਜਿੰਦਰ ਨਗਰ ਵਿੱਚ ਤਿੰਨ ਵਿਦਿਆਰਥੀਆਂ ਦੀ ਹੱਤਿਆ ਦੇ ਵਿਰੋਧ ਵਿੱਚ ਸੜਕਾਂ ’ਤੇ ਉਤਰੇ। ਅੱਜ ਰਾਜਘਾਟ ’ਤੇ ਲਗਾਏ ਗਏ ਧਰਨੇ ਵਿੰਚ ਸੰਸਦ ਮੈਂਬਰ ਸ੍ਰੀਮਤੀ ਬੰਸੁਰੀ ਸਵਰਾਜ ਅਤੇ ਪ੍ਰਵੀਨ ਖੰਡੇਲਵਾਲ ਅਤੇ ਰਾਜ ਦੇ ਹੋਰ ਆਗੂਆਂ ਨੇ ਹਿੱਸਾ ਲਿਆ। ਭਾਜਪਾ ਆਗੂ ਮੂੰਹ ’ਤੇ ਚਿੱਟੀ ਟੇਪ ਲਗਾ ਕੇ ਧਰਨੇ ’ਤੇ ਬੈਠੇ ਅਤੇ ਅੰਤ ਵਿੱਚ ਰਾਜਿੰਦਰ ਨਗਰ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ’ਤੇ 2 ਮਿੰਟ ਦਾ ਮੌਨ ਰੱਖਿਆ। ਉਧਰ, ਮੇਅਰ ਡਾ. ਸ਼ੈਲੀ ਓਬਰਾਏ ਅਤੇ ਮੰਤਰੀ ਸੌਰਭ ਭਾਰਦਵਾਜ ਦੇ ਬਿਆਨ ਵੀ ਇੱਕ ਵੀਡੀਓ ਰਾਹੀਂ ਦਿਖਾਏ ਗਏ, ਜਿਸ ਵਿੱਚ ਦੋਵੇਂ ਸੀਵਰੇਜ ਦੀ ਸਫ਼ਾਈ ਨੂੰ ਲੈ ਕੇ ਵੱਖ-ਵੱਖ ਬਿਆਨ ਦਿੰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਸੱਚਦੇਵਾ ਨੇ ਕਿਹਾ ਕਿ 26 ਜੁਲਾਈ ਤੱਕ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਕਹਿ ਰਹੇ ਸਨ ਕਿ 90 ਫੀਸਦੀ ਡਰੇਨਾਂ ਦੀ ਸਫ਼ਾਈ ਹੋ ਚੁੱਕੀ ਹੈ ਪਰ ਭਾਜਪਾ ਪਹਿਲੇ ਦਿਨ ਤੋਂ ਹੀ ਕਹਿ ਰਹੀ ਸੀ ਕਿ ਡਰੇਨਾਂ ਦੀ ਸਫ਼ਾਈ ਵੀ ਸ਼ੁਰੂ ਨਹੀਂ ਹੋਈ। ਰਾਜਿੰਦਰ ਨਗਰ ਹਾਦਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਕਿਹਾ ਕਿ 21 ਅਗਸਤ, 2023 ਨੂੰ ਮੁੱਖ ਸਕੱਤਰ ਨੇ ਮੰਤਰੀ ਸੌਰਭ ਭਾਰਦਵਾਜ ਨੂੰ ਡਰੇਨੇਜ ਮੈਨੇਜਮੈਂਟ, ਮਾਸਟਰ ਡਰੇਨੇਜ ਪਲਾਨ ਅਤੇ ਪੂਰੀ ਤਰ੍ਹਾਂ ਗੰਦਾ ਪਾਣੀ ਕੱਢਣ ਦਾ ਪ੍ਰਸਤਾਵ ਦੇ ਕੇ ਇਸ ’ਤੇ ਉਨ੍ਹਾਂ ਦਾ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ। ਸੌਰਭ ਭਾਰਦਵਾਜ ਨੇ ਉਸ ਮਤੇ ਨੂੰ ਪੰਜ ਮਹੀਨਿਆਂ ਤੱਕ ਲਪੇਟ ਕੇ ਰੱਖਿਆ ਅਤੇ ਫਿਰ ਨੋਟ ਲਿਖ ਕੇ ਫਾਈਲ ਵਾਪਸ ਕਰ ਦਿੱਤੀ। ਮੁੱਖ ਸਕੱਤਰ ਨੇ 8 ਅਪਰੈਲ 2024 ਨੂੰ ਦੁਬਾਰਾ ਫਾਈਲ ਮਨਜ਼ੂਰੀ ਲਈ ਭੇਜ ਦਿੱਤੀ ਪਰ ਅੱਜ ਤੱਕ ਇਹ ਫਾਈਲ ਸੌਰਭ ਭਾਰਦਵਾਜ ਕੋਲ ਪੈਂਡਿੰਗ ਹੈ। ਸ੍ਰੀ ਸਚਦੇਵਾ ਨੇ ਕਿਹਾ ਕਿ ਮੁਖਰਜੀ ਨਗਰ ਘਟਨਾ ਤੋਂ ਬਾਅਦ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਉਨ੍ਹਾਂ ਇਮਾਰਤਾਂ ਦਾ ਆਡਿਟ ਕਰਨ ਲਈ ਕਿਹਾ ਸੀ ਜਿੱਥੇ ਕੋਚਿੰਗ ਇੰਸਟੀਚਿਊਟ ਅਤੇ ਪੀਜੀ ਚੱਲ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਰਾਜਿੰਦਰ ਨਗਰ ਦੇ ਲੋਕ ਕਈ ਦਿਨਾਂ ਤੋਂ ਸ਼ਿਕਾਇਤਾਂ ਲੈ ਕੇ ਜਾ ਰਹੇ ਸਨ ਪਰ ਜੇ ਵਿਧਾਇਕ ਦੁਰਗੇਸ਼ ਪਾਠਕ ਅਤੇ ਨਿਗਮ ਕੌਂਸਲਰ ਸ੍ਰੀਮਤੀ ਆਰਤੀ ਚਾਵਲਾ ਨੇ ਉਨ੍ਹਾਂ ਦੀ ਗੱਲ ਸੁਣੀ ਹੁੰਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ।