ਭਾਰਤ ਮਾਲਾ ਪ੍ਰਾਜੈਕਟ: ਜ਼ਮੀਨਾਂ ’ਤੇ ਕਬਜ਼ੇ ਦੀ ਕੋਸ਼ਿਸ਼ ਨਾਕਾਮ ਕੀਤੀ
ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਜੁਲਾਈ
ਭਾਰਤ ਮਾਲਾ ਪ੍ਰਾਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਐਕਸਪ੍ਰੈੱਸ ਮਾਰਗ ਵਿੱਚ ਆਉਣ ਵਾਲੀਆਂ ਕਿਸਾਨਾਂ-ਮਜ਼ਦੂਰਾਂ ਦੀਆਂ ਜਾਇਦਾਦਾਂ ’ਤੇ ਅਫ਼ਸਰਸ਼ਾਹੀ ਵੱਲੋਂ ਲੁਕਵੇਂ ਢੰਗ ਨਾਲ ਕਬਜ਼ਾ ਕਰਨ ਲਈ ਕੀਤੀ ਕੋਸ਼ਿਸ਼ ਨੂੰ ਕਿਸਾਨ ਆਗੂਆਂ ਨੇ ਅੱਜ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਹੈ। ਭਾਕਿਯੂ ਏਕਤਾ (ਸਿੱਧੂਪੁਰ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਕੋਟਆਗਾ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਆਗਾ ਅਤੇ ਬਲਾਕ ਪੱਖੋਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਬਲਾਕ ਸਕੱਤਰ ਕਰਮਜੀਤ ਸਿੰਘ ਕੋਟਆਗਾ ਦੀ ਅਗਵਾਈ ਵਿੱਚ ਗੁੱਜਰਵਾਲ ਵਾਸੀ ਕਿਸਾਨ ਦਰਸ਼ਨ ਸਿੰਘ ਦੀ ਜ਼ਮੀਨ ਵਿੱਚ ਥਰਮਲ ਦੀ ਸੁਆਹ ਨਾਲ ਲੱਦੇ ਟਰੱਕ ਵਾੜ ਕੇ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਬਿਜਾਈ ਲਈ ਤਿਆਰ ਕੀਤਾ ਖੇਤ ਖ਼ਰਾਬ ਕਰ ਦਿੱਤਾ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਿਸਾਨ ਦਰਸ਼ਨ ਸਿੰਘ ਨੇ ਸਰਕਾਰ ਵੱਲੋਂ ਦਿੱਤੇ ਨਿਗੂਣੇ ਮੁਆਵਜ਼ੇ ਨੂੰ ਸਵੀਕਾਰ ਨਹੀਂ ਕੀਤਾ ਸੀ, ਇਸ ਦੇ ਬਾਵਜੂਦ ਸੁਆਹ ਨਾਲ ਭਰੇ ਟਰੱਕਾਂ ਨੇ ਇੱਥੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਨਾ ਕੋਈ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਕਬਜ਼ਾ ਲੈਣ ਲਈ ਆਇਆ ਅਤੇ ਨਾ ਹੀ ਨੈਸ਼ਨਲ ਹਾਈਵੇਅ ਅਥਾਰਿਟੀ ਦਾ ਕੋਈ ਅਧਿਕਾਰੀ ਮੌਕੇ ’ਤੇ ਮੌਜੂਦ ਸੀ, ਪਰ ਅਧਿਕਾਰੀਆਂ ਦੇ ਇਸ਼ਾਰੇ ’ਤੇ ਟਰੱਕਾਂ ਵਾਲਿਆਂ ਨੇ ਖ਼ੁਦ ਹੀ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖਿਲਾਰੀ ਜਾ ਰਹੀ ਸੁਆਹ ਕਾਰਨ ਲੋਕਾਂ ਦੀ ਸਿਹਤ ਅਤੇ ਨੇੜਲੀਆਂ ਫ਼ਸਲਾਂ ਉੱਪਰ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਮੁੜ ਚਿਤਾਵਨੀ ਦਿੱਤੀ ਕਿ ਮੁਆਵਜ਼ਾ ਅਦਾ ਕੀਤੇ ਬਿਨਾਂ ਲੁਕਵੇਂ ਢੰਗ ਨਾਲ ਕਬਜ਼ੇ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਇਸ ਮੌਕੇ ਇਲਾਕੇ ਦੇ ਕਈ ਕਿਸਾਨ ਆਗੂ ਮੌਜੂਦ ਸਨ।