ਜਲਦੀ ਸ਼ੁਰੂ ਹੋ ਰਹੀ ਹੈ ‘ਭਾਰਤ ਡੋਜੋ ਯਾਤਰਾ’: ਰਾਹੁਲ ਗਾਂਧੀ
ਨਵੀਂ ਦਿੱਲੀ, 29 ਅਗਸਤ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਮਾਰਸ਼ਲ ਆਰਟ ਨਾਲ ਸਬੰਧਤ ਵੀਡੀਓ ਜਾਰੀ ਕੀਤੀ ਤੇ ਕਿਹਾ ਕਿ ਜਲਦੀ ਹੀ ‘ਭਾਰਤ ਡੋਜੋ ਯਾਤਰਾ’ ਸ਼ੁਰੂ ਹੋ ਰਹੀ ਹੈ। ‘ਡੋਜੋ’ ਆਮ ਤੌਰ ’ਤੇ ਮਾਰਸ਼ਲ ਆਰਟ ਲਈ ਸਿਖਲਾਈ ਕਮਰੇ ਜਾਂ ਸਕੂਲ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਆਪਣੇ ਯੂਟਿਊਬ ਚੈਲਲ ’ਤੇ ਜੋ ਵੀਡੀਓ ਸਾਂਝੀ ਕੀਤੀ ਹੈ ਉਹ ਇਸ ਸਾਲ ਦੀ ਸ਼ੁਰੂਆਤ ’ਚ ਕੱਢੀ ਗਈ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਸਮੇਂ ਦੀ ਹੈ। ਵੀਡੀਓ ’ਚ ਉਹ ਕਈ ਬੱਚਿਆਂ ਨਾਲ ਮਾਰਸ਼ਲ ਆਰਟ ਦੀਆਂ ਬਾਰੀਕੀਆਂ ਸਾਂਝੀਆਂ ਕਰਦੇ ਦਿਖਾਈ ਦੇ ਰਹੇ ਹਨ। ਰਾਹੁਲ ਗਾਂਧੀ ਨੇ ਇਸ ਵੀਡੀਓ ਨਾਲ ਪੋਸਟ ਕੀਤਾ, ‘ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਜਦੋਂ ਅਸੀਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ ਤਾਂ ਹਰ ਸ਼ਾਮ ਆਪਣੀ ਆਰਾਮ ਵਾਲੀ ਥਾਂ ’ਤੇ ਜਿਊ-ਜਿਤਸੂ ਦਾ ਅਭਿਆਸ ਕਰਦੇ ਸੀ। ਫਿਟ ਰਹਿਣ ਦੇ ਸੌਖੇ ਢੰਗ ਵਜੋਂ ਜੋ ਸ਼ੁਰੂ ਹੋਇਆ ਉਹ ਤੇਜ਼ੀ ਨਾਲ ਸਾਂਝੀ ਗਤੀਵਿਧੀ ’ਚ ਤਬਦੀਲ ਹੋ ਗਿਆ। ਸਾਡਾ ਟੀਚਾ ਇਨ੍ਹਾਂ ਨੌਜਵਾਨਾਂ ਨੂੰ ਧਿਆਨ, ਜਿਊ-ਜਿਤਸੂ, ਐਕਿਡੋ ਤੇ ਅਹਿੰਸਕ ਸੰਘਰਸ਼ ਦੀਆਂ ਤਕਨੀਕਾਂ ਦੇ ਤਾਲਮੇਲ ਵਾਲੇ ‘ਜੈਂਟਲ ਆਰਟ’ ਦੀ ਖੂਬਸੂਰਤੀ ਨਾਲ ਰੂਬਰੂ ਕਰਵਾਉਣਾ ਸੀ। ਸਾਡਾ ਟੀਚਾ ਉਨ੍ਹਾਂ ਅੰਦਰ ਹਿੰਸਾ ਨੂੰ ਅਹਿੰਸਾ ’ਚ ਤਬਦੀਲ ਕਰਨ ਦਾ ਹੁਨਰ ਪੈਦਾ ਕਰਨਾ, ਉਨ੍ਹਾਂ ਵੱਧ ਦਿਆਲੂ ਤੇ ਸੁਰੱਖਿਆ ਸਮਾਜ ਬਣਾਉਣ ਲਈ ਤਾਕਤ ਮੁਹੱਈਆ ਕਰਾਉਣਾ ਸੀ।’
ਉਨ੍ਹਾਂ ਕਿਹਾ ਕਿ ਉਹ ਕੁਝ ਲੋਕਾਂ ਨਾਲ ਕੌਮੀ ਖੇਡ ਦਿਵਸ ’ਤੇ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ’ਚੋਂ ਕੁਝ ਲੋਕ ਇਸ ਦਾ ਅਭਿਆਸ ਕਰਨ ਲਈ ਪ੍ਰੇਰਿਤ ਹੋਣਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਭਾਰਤ ਡੋਜੋ ਯਾਤਰਾ ਜਲਦੀ ਹੀ ਆ ਰਹੀ ਹੈ।’ -ਪੀਟੀਆਈ