ਭਾਨਾ ਸਿੱਧੂ ਮਾਲੇਰਕੋਟਲਾ ਜੇਲ੍ਹ ’ਚੋਂ ਰਿਹਾਅ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਫਰਵਰੀ
ਸਮਾਜਿਕ ਕਾਰਕੁਨ ਤੇ ਬਲੌਗਰ ਭਾਨਾ ਸਿੱਧੂ ਅੱਜ ਇੱਥੇ ਸਬ-ਜੇਲ੍ਹ ਮਾਲੇਰਕੋਟਲਾ ਤੋਂ ਰਿਹਾਅ ਹੋ ਗਿਆ। ਜੇਲ੍ਹ ਤੋਂ ਬਾਅਦ ਆਉਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਭਾਨੇ ਨੇ ਕਿਹਾ ਕਿ ਉਹ ਕਿਸਾਨਾਂ ਵੱਲੋਂ ਦਿੱਲੀ ਵਿੱਚ ਲਗਾਏ ਜਾ ਰਹੇ ਮੋਰਚੇ ਵਿੱਚ ਸ਼ਾਮਲ ਹੋਵੇਗਾ।
ਉਸ ਨੇ ਦੱਸਿਆ ਕਿ ਉਸ ਦੇ ਦਾਦਾ ਨੇ ਵੀ 60 ਸਾਲ ਕਿਸਾਨ ਜਥੇਬੰਦੀ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਉਸਨੇ ਆਪਣੀ ਰਿਹਾਈ ਲਈ ਅਕਾਲ ਪੁਰਖ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਸ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਭਾਨਾ ਸਿੱਧੂ ਨੇ ਡਬਿਰੂਗੜ੍ਹ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਪਿਛਲੇ 28 ਸਾਲਾਂ ਨਾਲੋਂ ਵੀ ਵੱਧ ਸਮੇਂ ਤੋਂ ਬੰਦ ਸਿੱਖ ਨੌਜਵਾਨਾਂ ਦੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਲਈ ਲੜਦਾ ਰਹੇਗਾ ਭਾਵੇਂ ਕਿ ਉਸ ਨੂੰ ਇਸ ਦੀ ਕੋਈ ਵੀ ਕੀਮਤ ਚੁਕਾਉਣੀ ਪਏ। ਉਸ ਨੇ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਸਿੱਖ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੀ ਮੌਜੂਦਗੀ ਵਿੱਚ ਜੇਲ੍ਹ ਅੰਦਰ ਹੋਏ ਤਸ਼ੱਦਦ ਬਾਰੇ ਖੁਲਾਸਾ ਕਰੇਗਾ।
ਉਸ ਨੇ ਕਿਹਾ ਕਿ ਜੇਲ੍ਹ ਵਿੱਚ ਉਸ ਦੀ ਕੁੱਟਮਾਰ ਹੋਈ, ਬਰਫ਼ ’ਤੇ ਪਾਇਆ ਗਿਆ, ਕੱਪੜੇ ਲਾਹ ਕੇ ਵੀਡੀਓਜ਼ ਬਣਾਈਆਂ ਗਈਆਂ ਅਤੇ ਸਰਕਾਰ ਵੱਲੋਂ ਆਈਆਂ ਫੋਨ ਕਾਲਾਂ ਦੇ ਸਬੂਤ ਸਮੇਤ ਉਹ ਅਜਿਹੇ ਕਈ ਖੁਲਾਸੇ ਕਰੇਗਾ।