ਭਾਨਾ ਸਿੱਧੂ ਰਿਹਾਈ ਅੰਦੋਲਨ: ਪੰਜਾਬ ਪੁਲੀਸ ਨੇ ਕਿਸਾਨ, ਮਜ਼ਦੂਰ ਤੇ ਸਿਆਸੀ ਆਗੂ ਘਰਾਂ ਅੰਦਰ ਨਜ਼ਰਬੰਦ ਕੀਤੇ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਫਰਵਰੀ
ਸਮਾਜ ਸੇਵੀ ਨੌਜਵਾਨ ਭਾਨਾ ਸਿੱਧੂ ਦੀ ਰਿਹਾਈ ਲਈ ਅੱਜ ਮਿੱਥੇ ਹੋਏ ਅੰਦੋਲਨ ਖ਼ਿਲਾਫ਼ ਪੰਜਾਬ ਸਰਕਾਰ ਨੇ ਸਖ਼ਤੀ ਕੀਤੀ ਹੈ। ਪੰਜਾਬ ਪੁਲੀਸ ਵਲੋਂ ਅੱਜ ਦਿਨ ਚੜ੍ਹਦਿਆਂ ਕਿਸਾਨਾਂ, ਮਜ਼ਦੂਰਾਂ ਸਮੇਤ ਸਿਆਸੀ ਨੇਤਾਵਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਮਾਨਸਾ ਪੁਲੀਸ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਨੂੰ ਘਰ ਤੋਂ ਧੂਰੀ ਵੱਲ ਰਵਾਨਾ ਹੋਣ ਸਮੇਂ ਗੱਡੀ ’ਚੋਂ ਬਾਹਰ ਕੱਢ ਕੇ ਘਰ ਵਿੱਚ ਬੰਦ ਕਰ ਦਿੱਤਾ ਗਿਆ ਹੈ।
ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਇਸ ਸਾਂਝੇ ਅੰਦੋਲਨ ਵਿਚ ਜਾਣ ਤੋਂ ਇੰਝ ਰੋਕਣਾ ਪੰਜਾਬ ਸਰਕਾਰ ਦੀ ਵੱਡੀ ਗਲਤੀ ਹੈ, ਕਿਉਂਕਿ ਕਦੇ ਵੀ ਅੰਦੋਲਨ ਸਖ਼ਤੀ ਨਾਲ ਨਹੀਂ ਦਬਾਏ ਜਾ ਸਕਦੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਵਲੋਂ ਅਜਿਹੀ ਫੜੋ-ਫੜੀ ਅਤੇ ਘਰਾਂ ਵਿੱਚ ਨਜ਼ਰਬੰਦੀ ਪੰਜਾਬ ਭਰ ਵਿੱਚ ਹੀ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਪੁਲੀਸ ਨੇ ਮਾਨਸਾ ਵਿਖੇ ਅਕਾਲੀ ਦਲ (ਅ) ਦੇ ਸੱਕਤਰ ਜਨਰਲ ਗੁਰਸੇਵਕ ਸਿੰਘ ਜਵਾਹਰਕੇ ਨੂੰ ਵੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।