ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿੱਚ ਭਗਵਤ ਗੀਤਾ, ਨਾਟਯਸ਼ਾਸਤਰ ਦਰਜ; ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮਾਣ ਵਾਲੀ ਗੱਲ"
ਨਵੀਂ ਦਿੱਲੀ, 18 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼੍ਰੀਮਦ ਭਗਵਤ ਗੀਤਾ ਅਤੇ ਭਰਤ ਮੁਨੀ ਦੇ ਨਾਟਯਸ਼ਾਸਤਰ ਨੂੰ ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿਚ ਦਰਜ ਕੀਤੇ ਜਾਣ ’ਤੇ ਮਾਣ ਪ੍ਰਗਟ ਕੀਤਾ। ਵੀਰਵਾਰ ਨੂੰ ਯੂਨੈਸਕੋ ਵੱਲੋਂ ਜਾਰੀ ਇਕ ਰਿਲੀਜ਼ ਦੇ ਅਨੁਸਾਰ ਯੂਨੈਸਕੋ ਦੇ ਮੈਮਰੀ ਆਫ਼ ਦ ਵਰਲਡ ਰਜਿਸਟਰ ਵਿੱਚ ਕੁੱਲ 74 ਨਵੀਆਂ ਐਂਟਰੀਆਂ ਕੀਤੀਆਂ ਗਈਆਂ, ਜਿਸ ਨਾਲ ਕੁੱਲ ਇੰਕ੍ਰਿਪਡ ਸੰਗ੍ਰਹਿ ਦੀ ਗਿਣਤੀ 570 ਹੋ ਗਈ।
ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਦੁਨੀਆ ਭਰ ਦੇ ਹਰ ਭਾਰਤੀ ਲਈ ਇਕ ਮਾਣ ਵਾਲਾ ਪਲ! ਯੂਨੈਸਕੋ ਦੇ ਮੈਮੋਰੀ ਆਫ਼ ਦ ਵਰਲਡ ਰਜਿਸਟਰ ਵਿੱਚ ਗੀਤਾ ਅਤੇ ਨਾਟਯਸ਼ਾਸਤਰ ਨੂੰ ਸ਼ਾਮਲ ਕਰਨਾ ਸਾਡੀ ਸਦੀਵੀ ਬੁੱਧੀ ਅਤੇ ਅਮੀਰ ਸੱਭਿਆਚਾਰ ਦੀ ਇੱਕ ਵਿਸ਼ਵਵਿਆਪੀ ਮਾਨਤਾ ਹੈ। ਗੀਤਾ ਅਤੇ ਨਾਟਯਸ਼ਾਸਤਰ ਨੇ ਸਦੀਆਂ ਤੋਂ ਸੱਭਿਅਤਾ ਅਤੇ ਚੇਤਨਾ ਨੂੰ ਪਾਲਿਆ ਹੈ। ਉਨ੍ਹਾਂ ਦੀਆਂ ਸੂਝਾਂ ਦੁਨੀਆ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।’’
ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਐਕਸ ਪੋਸਟ ਵਿਚ ਕਿਹਾ ਕਿ ਇਹ ਐਲਾਨ ਦੇਸ਼ ਦੀ ਸੱਭਿਅਤਾ ਵਿਰਾਸਤ ਲਈ ਇੱਕ "ਇਤਿਹਾਸਕ ਪਲ" ਸੀ। ਸ਼ੇਖਾਵਤ ਦੇ ਅਨੁਸਾਰ ਗੀਤਾ ਅਤੇ ਨਾਟਯਸ਼ਾਸਤਰ ਨੂੰ ਸ਼ਾਮਲ ਕਰਨ ਦੇ ਨਾਲ ਹੁਣ ਯੂਨੈਸਕੋ ਦੇ ਰਜਿਸਟਰ ਵਿੱਚ ਕੁੱਲ 14 ਸ਼ਿਲਾਲੇਖ ਹਨ। -ਏਐੱਨਆਈ