For the best experience, open
https://m.punjabitribuneonline.com
on your mobile browser.
Advertisement

ਭਗਵੰਤ ਮਾਨ ਨੇ ਕੁਰੂਕਸ਼ੇਤਰ ’ਚ ਕੀਤਾ ਰੋਡ ਸ਼ੋਅ

07:57 AM Apr 09, 2024 IST
ਭਗਵੰਤ ਮਾਨ ਨੇ ਕੁਰੂਕਸ਼ੇਤਰ ’ਚ ਕੀਤਾ ਰੋਡ ਸ਼ੋਅ
ਕੁਰੂਕਸ਼ੇਤਰ ਵਿੱਚ ਰੋਡ ਸ਼ੋਅ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ‘ਆਪ’ ਆਗੂ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 8 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਕੁਰੂਕਸ਼ੇਤਰ ਵਿੱਚ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਅਤੇ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਵਿਸ਼ਾਲ ਰੋਡ ਸ਼ੋਅ ਕੀਤਾ। ਇਸ ਦੌਰਾਨ ਕੁਰੂਕਸ਼ੇਤਰ ਲੋਕ ਸਭਾ ਦੇ ਸਾਰੇ ਖੇਤਰਾਂ ਤੋਂ ‘ਆਪ’ ਅਤੇ ਕਾਂਗਰਸ ਦੇ ਵਰਕਰ ਤੇ ਸਮਰਥਕ ਪੁੱਜੇ ਹੋਏ ਸਨ। ਸਮਰਥਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਗਵੰਤ ਮਾਨ ਦਾ ਸਵਾਗਤ ਕੀਤਾ। ਇਸ ਦੌਰਾਨ ਸੀਨੀਅਰ ਸੂਬਾਈ ਮੀਤ ਪ੍ਰਧਾਨ ਅਨੁਰਾਗ ਢਾਂਡਾ, ਸਾਬਕਾ ਮੰਤਰੀ ਤੇ ਸੂਬਾਈ ਮੀਤ ਪ੍ਰਧਾਨ ਬਲਬੀਰ ਸਿੰਘ ਸੈਣੀ ਅਤੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਅਰੋੜਾ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ। ਕੁਰੂਕਸ਼ੇਤਰ ਸ਼ਹਿਰ ‘ਭਾਰਤ ਮਾਤਾ ਕੀ ਜੈ’ ਅਤੇ ਇਨਕਲਾਬ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਇੰਡੀਆ ਗੱਠਜੋੜ ਨੂੰ ਜਿਤਾਉਣ ਦਾ ਅਹਿਦ ਲਿਆ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਮਝਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਕੇ ਉਹ ‘ਆਪ’ ਨੂੰ ਤਬਾਹ ਕਰ ਦੇਵੇਗੀ ਪਰ ਇਹ ਉਨ੍ਹਾਂ ਦੀ ਗਲਤਫਹਿਮੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਅਰਵਿੰਦ ਕੇਜਰੀਵਾਲ ਨੂੰ ਕੈਦ ਕਰ ਸਕਦੇ ਹੋ ਪਰ ਵਿਚਾਰਾਂ ਨੂੰ ਕਿਵੇਂ ਕੈਦ ਕਰੋਗੇ?’’
ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਦੇਸ਼ ਵਾਸੀ ਬਦਲਾਅ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੂਰੇ ਦੇਸ਼ ਦੀ ਸਿਆਸਤ ਬਦਲ ਦਿੱਤੀ ਹੈ। ਉਹ ਨੌਕਰੀ ਛੱਡ ਕੇ ਸੰਵਿਧਾਨ ਅਤੇ ਦੇਸ਼ ਦੇ ਹੱਕ ਵਿੱਚ ਖੜ੍ਹੇ ਹੋ ਗਏ। ਅੱਜ ਲੋਕਤੰਤਰ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖਿਆ ਸੰਵਿਧਾਨ ਖਤਰੇ ਵਿੱਚ ਹੈ। ਇਹ ਲੜਾਈ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਹੈ। ਇਸ ਲਈ ਇਸ ਵਾਰ ਸਾਨੂੰ ਇਕੱਠੇ ਹੋ ਕੇ ਸਿਆਸਤ ਦੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਇਸ ਝਾੜੂ ਨਾਲ ਘਰਾਂ ਦੀ ਸਫ਼ਾਈ ਕਰਦੇ ਸਨ, ਪਰ ਇਸ ਵਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪੂਰੇ ਭਾਰਤ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਡਰਾ ਸਕਦੀ ਹੈ ਪਰ 140 ਕਰੋੜ ਲੋਕਾਂ ਨੂੰ ਨਹੀਂ। ਉਨ੍ਹਾਂ ਕਿਹਾ ਕਿ ਇਹ ਦੇਸ਼ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ। ਸਾਡੇ ਪੁਰਖਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਇਹ ਦੇਸ਼ ਸਾਨੂੰ ਦਿੱਤਾ ਹੈ। ਸ਼ਹੀਦੇ ਆਜ਼ਮ ਭਗਤ ਸਿੰਘ, ਕਰਤਾਰ ਸਿੰਘ, ਲਾਲਾ ਲਾਜਪਤ ਰਾਏ, ਚੰਦਰਸ਼ੇਖਰ ਆਜ਼ਾਦ ਅਤੇ ਅਸ਼ਫਾਕ ਉੱਲਾ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਫਿਰ ਸਾਨੂੰ ਇਹ ਦੇਸ਼ ਮਿਲਿਆ। 140 ਕਰੋੜ ਲੋਕ ਇਸ ਦੇਸ਼ ਦੇ ਮਾਲਕ ਹਨ ਅਤੇ ਉਹ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੀਆਂ ਜੇਬਾਂ ਵਿੱਚੋਂ ਬਟੂਏ ਕੱਢਣ ਦਾ ਕੰਮ ਕਰਦੀ ਹੈ ਜਦੋਂਕਿ ‘ਆਪ’ ਵਾਪਸ ਕਰਵਾਉਂਦੀ ਹੈ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਅਰੋੜਾ ਨੇ ਕਿਹਾ ਕਿ ਸੁਸ਼ੀਲ ਗੁਪਤਾ ਦਾ ਨਾਂਅ ਸੁਸ਼ੀਲ ਹੈ ਅਤੇ ਉਸ ਦਾ ਕੰਮ ਵੀ ਸੁਸ਼ੀਲ ਹੈ, ਉਹ ਬਹੁਤ ਵਧੀਆ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਉਹ ਇੰਡੀਆ ਗੱਠਜੋੜ ਦੀ ਜਿੱਤ ਲਈ ਦਿਨ-ਰਾਤ ਕੰਮ ਕਰਨਗੇ। ਸੂਬੇ ਦੀਆਂ ਸਾਰੀਆਂ ਦਸ ਸੀਟਾਂ ਜਿੱਤਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਉਮੀਦਵਾਰ ਦੇਣ ਦਾ ਕੰਮ ਕੀਤਾ ਹੈ। ਉਹ ਇੱਕ ਮਹਾਨ ਸਮਾਜ ਸੇਵੀ ਹੈ।

Advertisement

Advertisement
Author Image

joginder kumar

View all posts

Advertisement
Advertisement
×