ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਜਾ ਮੰਡਲ ਲਹਿਰ ਦੇ ਨਾਇਕ ਭਗਵਾਨ ਸਿੰਘ ਲੌਂਗੋਵਾਲੀਆ

07:14 AM Sep 27, 2023 IST

ਬਲਬੀਰ ਲੌਂਗੋਵਾਲ
Advertisement

ਭਗਵਾਨ ਸਿੰਘ ਲੌਂਗੋਵਾਲੀਆ ਨੇ ਆਪਣੇ ਜੀਵਨ ਦੇ ਸੁਨਹਿਰੀ 30 ਵਰ੍ਹੇ ਰਜਵਾੜਾਸ਼ਾਹੀ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਲੜਦਿਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ, ਜਲਾਵਤਨੀਆਂ ਅਤੇ ਰੂਪੋਸ਼ੀਆਂ ਵਿੱਚ ਬਿਤਾਏ। ਇਸ ਤੋਂ ਇਲਾਵਾ ਜੁਰਮਾਨਿਆਂ ਦੇ ਇਵਜ਼ ਵਜੋਂ ਸਾਰੀ ਜ਼ਮੀਨ-ਜਾਇਦਾਦ ਕੁਰਕ ਕਰਵਾਈ। ਭਗਵਾਨ ਸਿੰਘ ਦਾ ਜਨਮ ਰਿਆਸਤ ਪਟਿਆਲਾ, ਵਰਤਮਾਨ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਇਤਿਹਾਸਕ ਪਿੰਡ ਲੌਂਗੋਵਾਲ ਵਿੱਚ 1896 ਵਿੱਚ ਪਿਤਾ ਰੂੜ ਸਿੰਘ ਅਤੇ ਮਾਤਾ ਬੱਸੋ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਮ ਇੰਦਰ ਸਿੰਘ ਸੀ। 18 ਸਾਲ ਦੀ ਉਮਰ ਵਿੱਚ ਉਹ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਨੇ ਬਰਮਾ ਵਿੱਚ ਪਹਿਲੀ ਆਲਮੀ ਜੰਗ ਵਿੱਚ ਹਿੱਸਾ ਲਿਆ। ਉਨ੍ਹਾਂ ਦੀ ਚੇਤੰਨ ਬੁੱਧੀ ਨੇ ਇਹ ਅਨੁਭਵ ਕੀਤਾ ਕਿ ਉਹ ਅੰਗਰੇਜ਼ੀ ਫੌਜ ਵਿੱਚ ਕੰਮ ਕਰ ਕੇ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਹੋਰ ਡੂੰਘੀਆਂ ਕਰ ਰਹੇ ਹਨ। 1916 ਵਿੱਚ ਉਹ ਅੰਗਰੇਜ਼ੀ ਫੌਜ ’ਚੋਂ ਭਗੌੜੇ ਹੋ ਗਏ। ਰਸਾਲੇ ’ਚੋਂ ਬਾਗੀ ਹੋ ਜਾਣ ਕਾਰਨ ਵਾਰੰਟ ਜਾਰੀ ਹੋ ਗਏ। ਉਨ੍ਹਾਂ ਨੇ ਆਪਣਾ ਨਾਮ ਇੰਦਰ ਸਿੰਘ ਤੋਂ ਬਦਲ ਕੇ ਭਗਵਾਨ ਸਿੰਘ ਰੱਖ ਲਿਆ ਅਤੇ ਆਪ ਸਾਧ ਦਾ ਭੇਸ ਵਟਾ ਕੇ ਨੇਪਾਲ ਰਸਤੇ ਭਾਰਤ ਪੁੱਜੇ। ਸਾਧ ਦੇ ਭੇਸ ਵਿੱਚ ਹੀ ਅਲਾਹਾਬਾਦ ਆ ਕੇ ਰਹਿਣ ਲੱਗ ਪਏ। ਉਹ ਇੰਨੇ ਜੋਸ਼ੀਲੇ ਸਨ ਕਿ ਉਨ੍ਹਾਂ ਨੇ ਇੱਥੇ ਇੱਕ ਅੰਗਰੇਜ਼ ਅਫ਼ਸਰ ਨੂੰ ਕੁੱਟ ਧਰਿਆ। ਇਸ ਮਗਰੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕੇਸ ਦੀ ਪੈਰਵੀ ਪੰਡਤ ਮੋਤੀ ਲਾਲ ਨਹਿਰੂ ਨੇ ਕੀਤੀ। ਇਸ ਕੇਸ ਵਿੱਚ ਉਨ੍ਹਾਂ ਨੂੰ 9 ਮਹੀਨੇ ਕੈਦ ਹੋਈ, ਜੋ ਉਨ੍ਹਾਂ ਨੇ ਨੈਣੀ ਜੇਲ੍ਹ ਵਿੱਚ ਕੱਟੀ। ਜਦੋਂ ਉਹ ਇਹ ਕੈਦ ਕੱਟ ਕੇ ਬਾਹਰ ਆਏ ਤਾਂ ਉਸ ਸਮੇਂ ਗੁਰਦੁਆਰਾ ਸੁਧਾਰ ਲਹਿਰ (1921-1925) ਪੂਰੇ ਜ਼ੋਰਾਂ ’ਤੇ ਸੀ। ਉਹ ਇਸ ਲਹਿਰ ਵਿੱਚ ਕੁੱਦ ਪਏ ਅਤੇ ਇੱਕ ਉੱਘੇ ਰਾਜਸੀ ਵਰਕਰ ਬਣ ਗਏ। 24 ਮਈ 1922 ਨੂੰ ਸ਼ੇਰਪੁਰ (ਪਟਿਆਲਾ ਰਿਆਸਤ) ਵਿੱਚ ਇੱਕ ਜੋਸ਼ੀਲੀ ਤਕਰੀਰ ਕਰਨ ਬਦਲੇ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਹਾਲੇ ਉਹ ਰੂਪੋਸ਼ ਹੀ ਸਨ ਕਿ ਉਨ੍ਹਾਂ ਨੂੰ ਉਸੇ ਅਦਾਲਤ ਵੱਲੋਂ 27 ਜੂਨ 1922 ਨੂੰ ਤਾਜ਼ੀ-ਰਾਤ-ਏ-ਹਿੰਦ ਦਫਾ 342 ਅਧੀਨ ਇੱਕ ਹੋਰ ਮੁਕੱਦਮੇ ਵਿੱਚ 9 ਮਹੀਨੇ ਦੀ ਕੈਦ ਅਤੇ 100 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਹੀਰੋਂ ਕਲਾਂ, ਤਹਿਸੀਲ ਮਾਨਸਾ, ਜ਼ਿਲ੍ਹਾ ਬਰਨਾਲਾ (ਉਸ ਸਮੇਂ) ਦੇ ਗੁਰਦੁਆਰੇ ਦੇ ਮਹੰਤ ਭਗਵਾਨ ਦਾਸ ਤੋਂ ਗੁਰਦੁਆਰੇ ਨੂੰ ਮੁਕਤ ਕਰਵਾਉਣ ਲਈ ਤਕੜੀ ਐਜੀਟੇਸ਼ਨ ਕੀਤੀ ਅਤੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ। ਮਹੰਤ ਅੰਗਰੇਜ਼ਾਂ ਦਾ ਪਿੱਠੂ ਸੀ (20 ਮਾਰਚ 1928 ਦੀ 3.9.4. ਰਿਪੋਰਟ ਦੀ ਮਦ 4)। ਭਾਰੀ ਪੁਲੀਸ ਫੋਰਸ ਨਾਲ ਉਨ੍ਹਾਂ ਨੂੰ 22 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਸਪੈਸ਼ਲ ਬੈਂਚ ਮਾਨਸਾ ਵੱਲੋਂ ਇਸ ਕੇਸ ਵਿੱਚ ਉਨ੍ਹਾਂ ਨੂੰ 17 ਸਾਲ ਦੀ ਕੈਦ ਅਤੇ 250 ਰੁਪਏ ਜੁਰਮਾਨਾ ਕੀਤਾ ਗਿਆ, ਜਿਸ ਵਿੱਚੋਂ ਉਨ੍ਹਾਂ ਨੂੰ ਡੇਢ ਸਾਲ ਸਜ਼ਾ ਭੁਗਤਣੀ ਗਈ ਅਤੇ ਬਾਕੀ ਮੁਆਫ ਹੋ ਗਈ। ਉਹ ਰਿਹਾਅ ਹੋ ਕੇ 21 ਅਪਰੈਲ 1923 ਨੂੰ ਆਏ ਹੀ ਸਨ ਕਿ ਆਪਣੇ ਹੀ ਪਿੰਡ ਲੌਂਗੋਵਾਲ ਵਿੱਚ ਇੱਕ ਜੋਸ਼ੀਲੀ ਤਕਰੀਰ ਕਰਨ ਬਦਲੇ ਫਿਰ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਵਿੱਚ 3 ਸਾਲ ਕੈਦ ਅਤੇ 500 ਰੁਪਏ ਜੁਰਮਾਨਾ ਹੋਇਆ। ਜੁਲਾਈ 1924 ਵਿਚ ਉਨ੍ਹਾਂ ਦੀ ਜਾਇਦਾਦ ਵੀ ਜ਼ਬਤ ਕਰ ਲਈ ਗਈ। ਇਹ ਕੈਦ ਉਨ੍ਹਾਂ ਬਠਿੰਡਾ ਜੇਲ੍ਹ ਵਿੱਚ ਕੱਟੀ। 1925 ਵਿੱਚ ਗੁਰਦੁਆਰਾ ਐਕਟ ਬਣਨ ’ਤੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ। ਰਿਹਾਅ ਹੋ ਕੇ ਸੇਵਾ ਸਿੰਘ ਠੀਕਰੀਵਾਲਾ ਨੂੰ ਰਿਹਾਅ ਕਰਵਾਉਣ ਲਈ ਰਿਆਸਤ ਵਿੱਚ ਇੱਕ ਜ਼ਬਰਦਸਤ ਮੁਹਿੰਮ ਚਲਾ ਦਿੱਤੀ। 11 ਜੁਲਾਈ 1926 ਨੂੰ ਜ਼ਿਲ੍ਹਾ ਮੈਜਿਸਟ੍ਰੇਟ ਸੁਨਾਮ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਪਿੰਡ ਵਿੱਚੋਂ ਇੱਕ ਜਥਾ ਲੈ ਕੇ ਨੰਗਲ ਪੁੱਜੇ। ਮਈ 1926 ਵਿੱਚ ਮੁੰਬਈ ’ਚ ਉਹ ਰਿਆਸਤ ਪਟਿਆਲਾ ਵੱਲੋਂ ਆਲ ਇੰਡੀਆ ਸਟੇਟ ਪੀਪਲਜ਼ ਕਾਨਫਰੰਸ ਵਿੱਚ ਡੈਲੀਗੇਟ ਦੇ ਤੌਰ ’ਤੇ ਭੇਜੇ ਗਏ। ਇੱਥੇ ਹੀ ਉਨ੍ਹਾਂ ਨੇ ਪੰਜਾਬ ਰਿਆਸਤੀ ਪਰਜਾ ਮੰਡਲ ਕਾਇਮ ਕਰਨ ਦਾ ਮੰਨ ਬਣਾ ਲਿਆ ਅਤੇ ਇਸ ਦਾ ਫੈਸਲਾ ਬਰਨਾਲਾ ਨੇੜੇ ਸੇਖੇ ਦੇ ਬਾਹਰ ਰੇਲ ਦੇ ਪੁਲ ’ਤੇ ਹੋਈ ਗੁਪਤ ਮੀਟਿੰਗ ਵਿਚ ਲਿਆ ਗਿਆ। ਉਨ੍ਹਾਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਦੀਆਂ ਕੋਸ਼ਿਸ਼ਾਂ ਨਾਲ 17 ਜੁਲਾਈ 1928 ਨੂੰ ਮਾਨਸਾ ਵਿੱਚ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਕੀਤੀ ਗਈ। ਇਸ ਇਕੱਠ ਵਿੱਚ ਸ਼ਾਮਲ ਹਜ਼ਾਰਾਂ ਦੇਸ਼ ਭਗਤ ਕਾਰਕੁਨਾਂ ਨੇ ਉਨ੍ਹਾਂ ਨੂੰ ਇਸ ਦਾ ਜਨਰਲ ਸਕੱਤਰ ਅਤੇ ਸੇਵਾ ਸਿੰਘ ਠੀਕਰੀਵਾਲਾ, ਜੋ ਉਸ ਸਮੇਂ ਜੇਲ੍ਹ ਵਿੱਚ ਸਨ, ਨੂੰ ਪ੍ਰਧਾਨ ਬਣਾਇਆ। ਜਸਵੰਤ ਸਿੰਘ ਦਾਨੇਵਾਲੀਆ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ। ਉਹ ਉਸ ਕਾਨਫਰੰਸ ਵਿੱਚ ਸ਼ਾਮਲ ਨਹੀਂ ਸਨ ਕਿਉਂਕਿ ਗ੍ਰਿਫਤਾਰੀ ਦੇ ਵਾਰੰਟਾਂ ਕਾਰਨ ਉਹ ਰੂਪੋਸ਼ ਸਨ। ਰੂਪੋਸ਼ ਰਹਿੰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਰਿਆਸਤੀ ਪਰਜਾ ਮੰਡਲ ਦੇ ਝੰਡੇ ਹੇਠ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਲਗਾਤਾਰ ਨਜ਼ਰਬੰਦੀ ਖ਼ਿਲਾਫ਼ ਉਨ੍ਹਾਂ ਦੀ ਅਗਵਾਈ ਹੇਠ 1928 ਵਿਚ ਠੀਕਰੀਵਾਲਾ ’ਚ ਵੱਡਾ ਦੀਵਾਨ ਹੋਇਆ, ਜਿਸ ਵਿਚ ਉਨ੍ਹਾਂ ਸਾਈਮਨ ਕਮਿਸਨ, ਅੰਗਰੇਜ਼ ਸਰਕਾਰ ਅਤੇ ਰਿਆਸਤੀ ਰਾਜਿਆਂ ਖਿਲਾਫ਼ ਸਖ਼ਤ ਭਾਸ਼ਣ ਦਿੱਤਾ। ਇਸ ਦੀਵਾਨ ਵਿਚ ਸ਼ਾਮਲ ਹੋਏ ਬਹੁਤ ਸਾਰੇ ਵਰਕਰਾਂ/ਆਗੂਆਂ ਨੂੰ ਪਟਿਆਲਾ ਰਿਆਸਤੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਪਰ ਆਪ ਬਚ ਕੇ ਨਿਕਲ ਗਏ।
18 ਅਪਰੈਲ 1928 ਨੂੰ ਭਾਰਤੀ ਨੈਸ਼ਨਲ ਕਾਂਗਰਸ ਦੇ ਕਲਕੱਤਾ ਸਾਲਾਨਾ ਸਮਾਗਮ ਸਮੇਂ ਹੋਈ ਸਰਬ-ਭਾਰਤੀ ਰਿਆਸਤੀ ਕਾਨਫਰੰਸ ਵਿਚ ਉਨ੍ਹਾਂ ਨੇ ਨੁਮਾਇੰਦਗੀ ਕੀਤੀ। ਉਨ੍ਹਾਂ ਦੀ ਅਗਵਾਈ ਹੇਠ ਮਹਾਰਾਜਾ ਪਟਿਆਲਾ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਵਾਇਸਰਾਏ ਹਿੰਦ ਨੂੰ ਮੈਮੋਰੈਂਡਮ ਪੇਸ਼ ਕੀਤਾ ਗਿਆ। 17 ਦਸੰਬਰ 1929 ਨੂੰ ਪਰਜਾ ਮੰਡਲ ਦਾ ਪਹਿਲਾ ਸੈਸ਼ਨ ਬਰੈਡਲੇ ਹਾਲ ਲਾਹੌਰ ਵਿੱਚ ਹੋਇਆ। ਇਸ ਵਿੱਚ ਉਨ੍ਹਾਂ ਨੂੰ ਦੁਬਾਰਾ ਜਨਰਲ ਸਕੱਤਰ ਚੁਣਿਆ ਗਿਆ। ਉਹ 7 ਸਤੰਬਰ 1931 ਨੂੰ ਦਿੱਲੀ ਵਿੱਚ ਹੋਈ ਛੂਤ-ਛਾਤ ਵਿਰੋਧੀ ਕਾਨਫਰੰਸ ਦੇ ਮੁੱਖ ਬੁਲਾਰਿਆਂ ਵਿੱਚੋਂ ਸਨ। ਅੰਮ੍ਰਿਤਸਰ ਵਿੱਚ ਊਧਮ ਸਿੰਘ ਉਨ੍ਹਾਂ ਦੇ ਕਾਫੀ ਸੰਪਰਕ ਵਿੱਚ ਰਹੇ। ਪਰਜਾ ਮੰਡਲ ਦੇ ਇਤਿਹਾਸਕ ਲੁਧਿਆਣਾ ਸੈਸ਼ਨ ਦੀ ਕਾਮਯਾਬੀ ਵੀ ਬਹੁਤੀ ਉਨ੍ਹਾਂ ਦੇ ਯਤਨਾਂ ਸਦਕਾ ਹੀ ਸੀ। ਉਨ੍ਹਾਂ ਦੀ ਅਗਵਾਈ ਹੇਠ ਪਰਜਾ ਮੰਡਲ ਨੇ ਦੋ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਉਰਦੂ ਦੀ ਅਖਬਾਰ ‘ਰਿਆਸਤੀ ਦੁਨੀਆਂ’ ਦੇ ਸੰਪਾਦਕ ਤਾਲਬਿ ਹੁਸੈਨ ਸਨ ਅਤੇ ਪੰਜਾਬੀ ਦੀ ‘ਦੇਸ਼ ਦਰਦੀ’ ਦੇ ਸੰਪਾਦਕ ਸਰਦਾਰਾ ਸਿੰਘ ਯੂਥਪ ਸਨ। 2 ਮਾਰਚ 1932 ਨੂੰ ਮੈਮੋਰੈਂਡਮ ਦੀਆਂ ਕਾਪੀਆਂ ਉਛਾਲਦੇ ਹੋਏ ਭਾਰੀ ਜਥੇ ਨਾਲ ਉਨ੍ਹਾਂ ਨੇ ਦਿੱਲੀ ਦੀਆਂ ਸੜਕਾਂ ’ਤੇ ਮੁਜ਼ਾਹਰਾ ਕੀਤਾ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਅਪਰੈਲ 1932 ਨੂੰ ਰਿਹਾਅ ਕੀਤਾ ਗਿਆ।
ਜੁਲਾਈ 1932 ਦੇ ਆਰੰਭ ਵਿਚ ਉਨ੍ਹਾਂ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਇਕ ਮੁਜ਼ਾਹਰਾ ਕੀਤਾ ਗਿਆ, ਜਿਸ ਨਾਲ ਬ੍ਰਿਟਿਸ਼ ਸਰਕਾਰ ਅਤੇ ਮਹਾਰਾਜਾ ਪਟਿਆਲਾ ਹਿੱਲ ਗਏ। ਸਰਕਾਰ ਨੇ ਇੱਕ ਵਿਸ਼ੇਸ਼ ਸਰਕੂਲਰ ਰਾਹੀਂ ਉਨ੍ਹਾਂ ਨੂੰ ਅੰਮ੍ਰਿਤਸਰ ਛੱਡ ਜਾਣ ਦਾ ਹੁਕਮ ਦਿੱਤਾ। ਉਹ ਬੁਢਲਾਡੇ ਵਿੱਚ ਰਹਿਣ ਲੱਗੇ। ਪਰਜਾ ਮੰਡਲ ਦੇ ਉਸ ਸਮੇਂ ਵਿਕਸਤ ਦੋ ਮਹੱਤਵਪੂਰਨ ਕੇਂਦਰਾਂ ਮਾਨਸਾ ਅਤੇ ਸੁਨਾਮ ਨੂੰ ਉਹ ਕ੍ਰਮਵਾਰ ਬੁਢਲਾਡਾ ਅਤੇ ਖਡਿਆਲ ਦੇ ਗੁਰਦੁਆਰਿਆਂ ’ਚੋਂ ਚਲਾਉਂਦੇ ਰਹੇ।
25 ਮਾਰਚ 1933 ਨੂੰ ਉਨ੍ਹਾਂ ਦੀ ਅਗਵਾਈ ਹੇਠ ਫਿਰ ਇੱਕ ਜਥੇ ਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਜ਼ਬਰਦਸਤ ਮੁਜ਼ਾਹਰਾ ਕੀਤਾ। ਇਸ ਮਗਰੋਂ ਪਰਜਾ ਮੰੰਡਲ ਦਾ ਇਜਲਾਸ ਹੋਇਆ, ਜਿਸ ਦੀ ਪ੍ਰਧਾਨਗੀ ਏ.ਵੀ. ਪਟਵਰਧਨ ਪੂਨਾ ਨੇ ਕੀਤੀ। ਉਨ੍ਹਾਂ ਨੇ ਤਕਰੀਰ ਕਰਦਿਆਂ ਰਾਜਿਆਂ-ਮਹਾਰਾਜਿਆਂ ਦੀ ਕੋਝੀ ਤਸਵੀਰ ਪੇਸ਼ ਕੀਤੀ। ਇਸ ਵਿੱਚ ਮਹਾਰਾਜਾ ਪਟਿਆਲਾ ਨੂੰ ਗੱਦੀ ਤੋਂ ਉਤਾਰਨ, ਨਾਰਨੌਲ ਜੇਲ੍ਹ ਦੇ ਭੁੱਖ ਹੜਤਾਲੀਆਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਪੁਲੀਸ ਤਸ਼ੱਦਦ ਦੀ ਪੜਤਾਲ ਕਰਨ ਲਈ ਮਤੇ ਪਾਸ ਕੀਤੇ ਗਏ। ਮਤੇ ਭਗਵਾਨ ਸਿੰਘ ਨੇ ਪੇਸ਼ ਕੀਤੇ ਅਤੇ ਇੱਥੇ ਹੀ ਉਨ੍ਹਾਂ ਨੂੰ ਛੇਵੀਂ ਵਾਰ ਪਰਜਾ ਮੰਡਲ ਦਾ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। 1933 ਦੇ ਅੰਤ ਵਿੱਚ ਉਨ੍ਹਾਂ ਨੂੰ ਰਿਆਸਤੀ ਇਲਾਕੇ ਵਿੱਚ ਲਿਆ ਕੇ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਖਿਲਾਫ਼ ਪਹਿਲਾਂ ਹੀ ਕਈ ਕੇਸ ਦਰਜ ਸਨ। ਉਨ੍ਹਾਂ ’ਤੇ ਸੱਤ ਵੱਖ-ਵੱਖ ਤਰ੍ਹਾਂ ਦੇ ਦੋਸ਼ ਲਗਾ ਕੇ ਮੁਕੱਦਮਾ ਚਲਾਇਆ ਗਿਆ। ਇਹ ਮੁਕੱਦਮਾ ਬਰਨਾਲਾ ਸੈਸ਼ਨ ਕੋਰਟ ’ਚ ਚੱਲਿਆ। ਇਸ ਮੁਕੱਦਮੇ ’ਚ ਉਨ੍ਹਾਂ ਨੂੰ 22 ਸਾਲ ਦੀ ਕੈਦ ਅਤੇ 900 ਰੁਪਏ ਜੁਰਮਾਨਾ ਕੀਤਾ ਗਿਆ। ਫੈਸਲਾ ਸੁਣਾ ਕੇ ਉਨ੍ਹਾਂ ਨੂੰ 14 ਨਵੰਬਰ 1934 ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇੱਥੇ ਉਹ 11 ਦਿਨ ਭੁੱਖ ਹੜਤਾਲ ’ਤੇ ਵੀ ਰਹੇ।
ਸੇਵਾ ਸਿੰਘ ਠੀਕਰੀਵਾਲਾ ਦੀ ਸ਼ਾਹਦਤ ਤੋਂ ਬਾਅਦ ਮਹਾਰਾਜਾ ਪਟਿਆਲਾ ਨੇ ਮਾਸਟਰ ਤਾਰਾ ਸਿੰਘ ਅਤੇ ਹਰਚੰਦ ਸਿੰਘ ਜੇਜੀ ਨਾਲ ਸਮਝੌਤਾ (1935) ਕਰ ਲਿਆ। ਇਸ ਸਮਝੌਤੇ ਤਹਿਤ ਉਨ੍ਹਾਂ ਨੂੰ ਬਾਕੀ ਪਰਜਾ ਮੰਡਲੀਆਂ ਨਾਲ ਪਹਿਲੀ ਜਨਵਰੀ 1936 ਨੂੰ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਸਮਝੌਤੇ ਦਾ ਵਿਰੋਧ ਕੀਤਾ। 25-26 ਮਾਰਚ 1937 ਨੂੰ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ’ਤੇ ਅਤੇ 10 ਅਕਤੂਬਰ 1940 ਨੂੰ ਸੰਗਰੂਰ ਵਿੱਚ ਪਰਜਾ ਮੰਡਲ ਦਾ ਬਹੁਤ ਵੱਡਾ ਇਕੱਠ ਕਰ ਕੇ ਉਨ੍ਹਾਂ ਨੇ ਜੇਜੀ ਧੜੇ ਦੇ ਕੂੜ ਦਾ ਭਾਂਡਾ ਭੰਨਿਆ। ਰਿਆਸਤ ਨੇ ਉਨ੍ਹਾਂ ਨੂੰ ਰਿਆਸਤ ਛੱਡਣ ਦਾ ਨੋਟਿਸ ਦਿੱਤਾ। ਉਹ ਦਿੱਲੀ ਚਲੇ ਗਏ। ਬਾਅਦ ਵਿੱਚ ਇੱਕ ਕੇਸ ਵਿੱਚ ਉਨ੍ਹਾਂ ਨੂੰ ਮੁਲਤਾਨ ਜੇਲ੍ਹ ਭੇਜ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ ਬਾਅਦ ਉਹ ਆਪਣੇ ਪਿੰਡ ਆ ਗਏ। 3 ਨਵੰਬਰ 1942 ਨੂੰ ਉਨ੍ਹਾਂ ਲੌਂਗੋਵਾਲ ਵਿੱਚ ਬਹੁਤ ਵੱਡੀ ਕਾਨਫਰੰਸ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਦੋ ਸਾਲ ਲਈ ਪਿੰਡ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਟੀਬੀ ਦੀ ਬਿਮਾਰੀ ਹੋ ਗਈ। ਨਜ਼ਰਬੰਦੀ ਦੌਰਾਨ ਹੀ ਪੁਲੀਸ ਨੂੰ ਚਕਮਾ ਦੇ ਕੇ ਉਹ ਪੈਦਲ ਤੁਰ ਕੇ 13 ਅਪਰੈਲ 1944 ਨੂੰ ਤਲਵੰਡੀ ਸਾਬੋ ਪਹੁੰਚੇ, ਜਿੱਥੇ ਉਨ੍ਹਾਂ ਨੇ ਪਰਜਾ ਮੰਡਲ ਦੀ ਸਟੇਜ ਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਅੰਤ ਇਹ ਨਿਡਰ, ਜੋਸ਼ੀਲਾ ਅਤੇ ਸੱਚੇ-ਸੁੱਚਾ ਦੇਸ਼ ਭਗਤ 18 ਸਤੰਬਰ 1944 ਨੂੰ ਰਿਆਸਤੀ ਨਿਕਾਲਿਆਂ, ਪੁਲੀਸ ਤਸੀਹਿਆਂ, ਜੇਲ੍ਹਾਂ ਦੀਆਂ ਨਜ਼ਰਬੰਦੀਆਂ ਅਤੇ ਰੂਪੋਸ਼ੀਆਂ ਕਾਰਨ ਹੋਈ ਟੀਬੀ ਨਾਲ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਗੋਵਾਲ ਵਿੱਚ ਸ਼ਹੀਦ ਹੋ ਗਿਆ। ਉਨ੍ਹਾਂ ਦੀ ਪਤਨੀ ਦੇਸ਼ ਭਗਤ ਧਰਮ ਕੌਰ ਨੇ ਹਰ ਸੰਘਰਸ਼ ਵਿਚ ਉਨ੍ਹਾਂ ਦਾ ਸਹਿਯੋਗ ਦਿੱਤਾ।

ਸੰਪਰਕ: 98153-17028

Advertisement

Advertisement