ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਥੋਂ ਕੁਝ ਸਵਾਲਾਂ ਦੇ ਜਵਾਬ ਮੰਗਦਾ ਹੈ ਭਗਤ ਸਿੰਘ

09:07 AM Sep 28, 2024 IST
ਸ਼ਹੀਦ ਭਗਤ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਸਮੇਂ ਸੀਆਈਡੀ ਅਧਿਕਾਰੀ ਗੋਪਾਲ ਸਿੰਘ ਪੰਨੂੰ।

ਅਮੋਲਕ ਸਿੰਘ
ਅਠਾਈ ਸਤੰਬਰ 1907 ਨੂੰ ਜਨਮੇ ਭਗਤ ਸਿੰਘ ਦੀ ਮਾਂ ਵਿਦਿਆਵਤੀ ਅਤੇ ਪਿਤਾ ਕਿਸ਼ਨ ਸਿੰਘ ਨੇ ਵੀ ਆਮ ਪਰਿਵਾਰਾਂ ਵਾਂਗ ਚਾਵਾਂ ਲਾਡਾਂ ਨਾਲ ‘ਭਾਗਾਂ ਵਾਲਾ’ ਤਸੱਵਰ ਕਰਦਿਆਂ ਆਪਣੇ ਪੁੱਤ ਦਾ ਨਾਂ ਭਗਤ ਸਿੰਘ ਰੱਖਦਿਆਂ ਮੱਥਾ ਚੁੰਮਿਆ। ਘਰ ਦੀ ਫਿਜ਼ਾ ਅੰਦਰ ਮੁਲਕ ਦੀ ਆਜ਼ਾਦੀ ਲਈ ਨਵੇਂ ਨਵੇਲੇ ਫੁੱਲ ਖਿੜਨ ਦਾ ਮੌਸਮ ਸੀ। ਪਰਿਵਾਰਕ ਪਿਛੋਕੜ ਵਿੱਚ ਦੇਸ਼ ਪਿਆਰ­, ਮਾਨਵੀ ਕਦਰਾਂ ਕੀਮਤਾਂ, ਸੁਲੱਖਣੇ ਸਮਾਜ ਦੀਆਂ ਲੋਰੀਆਂ ਅਤੇ ਬਾਤਾਂ ਪਾਈਆਂ ਜਾਂਦੀਆਂ ਸਨ।
ਪਰਿਵਾਰਕ ਇਤਿਹਾਸਕ ਵਿਰਾਸਤ ਵਿੱਚ ਬਾਬਾ ਅਰਜਣ ਸਿੰਘ­, ਚਾਚਾ ਅਜੀਤ ਸਿੰਘ ਵਰਗਿਆਂ ਦੇ ਅਮੀਰ­ ਗੌਰਵਮਈ ਇਤਿਹਾਸ ਦੀਆਂ ਪੈੜਾਂ ਸਨ। ਇਹ ਤਸਵੀਰ ਦਾ ਇੱਕ ਪਾਸਾ ਸੀ। ਦੂਜਾ ਪਾਸਾ ਇਹ ਵੀ ਸੀ ਕਿ ਭਗਤ ਸਿੰਘ ਪਰਿਵਾਰਕ ਤੇ ਸਮਾਜਿਕ ਜ਼ਿੰਦਗੀ ਵਿੱਚ ਤਰਜੀਹ ਕਿਸ ਦਿਸ਼ਾ ਵੱਲ ਦੇਵੇ। ਇਸ ਦੁਬਿਧਾ ਅਤੇ ਚੋਣ ਲਈ ਪਰਿਵਾਰ ਮਾਨਸਿਕ ਕਸ਼ਮਕਸ਼ ਵਿੱਚ ਸੀ। ਪਰਿਵਾਰ ਦੇ ਮੁਖੀਏ ਉਸ ਨੂੰ ਕਦੇ ਦੇਸ਼ ਲਈ ਅਰਪਿਤ ਕਰਨ ਦੀਆਂ ਸੋਚਾਂ ਸੋਚਦੇ, ਕਦੇ ਡੇਅਰੀ ਦੇ ਰੁਝੇਵੇਂ ਜਾਂ ਵਿਆਹ ਕਰਨ ਦੀਆਂ ਵਿਚਾਰਾਂ ਕਰਦੇ। ਭਗਤ ਸਿੰਘ ਉਸ ਵੇਲੇ ਇੱਕ ਸੁਨੇਹਾ ਲਿਖ ਕੇ ਛੱਡ ਜਾਂਦਾ ਹੈ ਕਿ ਤੁਸੀਂ ਮੇਰੇ ਜਨਮ ਵੇਲੇ ਤਾਂ ਮੈਨੂੰ ਯੋਗ ਸਮੇਂ ’ਤੇ ਵਤਨ ਹਵਾਲੇ ਕਰਨ ਦਾ ਇਕਰਾਰ ਕੀਤਾ ਸੀ। ਮੈਂ ਵਤਨ ਦਾ ਹੋ ਚੱਲਿਆਂ ਹਾਂ। ਉਹ ਅਣਦੱਸੀ ਥਾਂ ਚਲਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਨਪੁਰ ਜਾ ਕੇ ਇੱਕ ਅਖ਼ਬਾਰ ਵਿੱਚ ਕੰਮ ਕਰਨ ਲਈ ਇਨਕਲਾਬੀ ਨੌਜਵਾਨਾਂ ਨਾਲ ਮਿਲ ਕੇ ਵਿਚਾਰਾਂ ਕਰਨ ਲੱਗਾ ਸੀ।
ਵਕਤ ਦਾ ਦਰਪਣ ਦੱਸਦਾ ਹੈ ਕਿ ਭਗਤ ਸਿੰਘ ਅੰਬਰਾਂ ਤੋਂ ਨਹੀਂ ਉਤਰਦੇ। ਉਹ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਮੱਥਾ ਲਾਉਂਦੇ­ ਅਤੇ ਸੰਘਰਸ਼ ਕਰਦੇ­ ਠੀਕ ਤੇ ਗ਼ਲਤ ਦਰਮਿਆਨ ਨਿਖੇੜਾ ਕਰਦੇ­, ਨਿੱਜੀ ਜ਼ਿੰਦਗੀ­ ਦੇ ਸੁੱਖ ਆਰਾਮ ਨੂੰ ਤਿਲਾਂਜਲੀ ਦਿੰਦੇ ਬੌਧਿਕ ਪੱਧਰ ’ਤੇ ਅੰਬਰ ਵੱਲ ਉਡਾਰੀ ਭਰਦੇ ਅਤੇ ਧਰਤੀ ਦੇ ਧੁਰ-ਪਤਾਲ ਅੰਦਰ ਪਲਦੇ ਲਾਵੇ ਨੂੰ ਸਮਝਦੇ ਹੋਏ ਨਵੇਂ ਰਾਹਾਂ ਦੇ ਰਾਹੀ ਬਣਦੇ ਹਨ।
ਭਗਤ ਸਿੰਘ ਨੂੰ ਸਮਝਣ ਲਈ ਉਸ ਦੇ ਨਿੱਕੀ ਉਮਰ ਦੇ ਸਫ਼ਰ ਦੀਆਂ ਪੈੜਾਂ ਨੱਪਦਿਆਂ ਪਤਾ ਲੱਗਦਾ ਹੈ ਕਿ ਉਹ ਅਜੇ ਬਾਰਾਂ ਵਰ੍ਹਿਆਂ ਦਾ ਸੀ ਜਦੋਂ 13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਖੂਨੀ ਵਿਸਾਖੀ ਮਨਾਉਣ ’ਚ ਮਦਹੋਸ਼ ਬਰਤਾਨਵੀ ਹਕੂਮਤ ਦੀਆਂ ਨੀਤੀਆਂ ਦੇ ਪੈਰੋਕਾਰਾਂ ਅਤੇ ਵਫ਼ਾਦਾਰਾਂ ਨੇ ਹਿਰਦੇਵੇਦਕ ਕਤਲੇਆਮ ਰਚਾਇਆ। ਦੂਜੇ ਦਿਨ 14 ਅਪਰੈਲ 1919 ਨੂੰ ਬਾਰਾਂ ਵਰ੍ਹਿਆਂ ਦਾ ਭਗਤ ਸਿੰਘ ਲਾਹੌਰ ਤੋਂ ਰੇਲ ਗੱਡੀ ਚੜ੍ਹ ਕੇ ਅੰਮ੍ਰਿਤਸਰ ਆਉਂਦਾ ਹੈ। ਉਹ ਲਹੂ ਨਾਲ ਸਿੰਜੀ ਜਲ੍ਹਿਆਂਵਾਲਾ ਬਾਗ਼ ਦੀ ਧਰਤੀ ਨੂੰ ਸਿਜਦਾ ਕਰਦਾ ਹੈ। ਲਹੂ ਭਿੱਜੀ ਮਿੱਟੀ ਸ਼ੀਸ਼ੀ ਵਿੱਚ ਪਾਉਂਦਾ ਹੈ। ਜਲ੍ਹਿਆਂਵਾਲਾ ਬਾਗ਼ ਤੋਂ ਲਹੂ ਭਿੱਜੀ ਮਿੱਟੀ ਲੈ ਕੇ ਪਰਤਣ ਵਾਲਾ ਭਗਤ ਸਿੰਘ ਉਹ ਨਹੀਂ ਸੀ ਜੋ ਦਾਖ਼ਲ ਹੋਣ ਵੇਲੇ ਸੀ।
ਇਸ ਨਵ- ਜਨਮੇ ਭਗਤ ਸਿੰਘ ਦਾ ਜਨਮ ਦਿਹਾੜਾ ਪਰੰਪਰਾਗਤ ਤੌਰ ’ਤੇ ਮਨਾਉਣਾ­, ਮੋਮਬੱਤੀਆਂ ਜਗਾਉਣਾ ਚਿੰਨ੍ਹਾਤਮਕ ਤੌਰ ’ਤੇ ਤਾਂ ਠੀਕ ਹੈ, ਪਰ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਮਾਜ ਦੇ ਨਵੇਂ ਜਨਮ ਲਈ ਸੰਵਾਦ ਅਤੇ ਸੰਗਰਾਮ ਦੇ ਸੁਮੇਲ ਦੀਆਂ ਸੋਚਾਂ ਅਤੇ ਅਮਲ ਦੇ ਚਿਰਾਗ਼ ਬਾਲਣਾ ਭਗਤ ਸਿੰਘ ਦੀ ਹਕੀਕੀ ਸਾਰ ਜਾਣਨਾ ਹੈ। ਨਿੱਤ ਥਾਂ ਪੁਰ ਥਾਂ ਵਾਪਰਦੇ ਜਲ੍ਹਿਆਂਵਾਲਾ ਕਾਂਡ ਅਣਡਿੱਠ ਕਰਨਾ­, ਆਪਣੇ ਹਿੱਸੇ ਦੀ ਭੂਮਿਕਾ ਨਾ ਪਹਿਚਾਨਣਾ ਸਾਡੇ ਚਿੰਤਨ ’ਤੇ ਦਸਤਕ ਦਿੰਦਾ ਹੋਣਾ ਚਾਹੀਦਾ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਕੀ ਲੱਗਦੇ ਹਾਂ? ਜੇਕਰ ਭਗਤ ਸਿੰਘ ਦੀ ਸੋਚ ਉਡਾਰੀ ਅਸੀਂ ਆਪਣੇ ਪਰਾਂ ਵਿੱਚ ਨਹੀਂ ਭਰਦੇ। ਜੇ ਇਹ ਪੌਣਾਂ ’ਚ ਨਹੀਂ ਉੱਕਰਦੇ ਕਿ ਧਨ, ਧਰਤੀ­, ਜੰਗਲ­, ਜਲ­, ਜ਼ਮੀਨ­, ਚੰਨ ਦੀ ਚਾਂਦਨੀ­, ਸੂਰਜ ਦੀ ਲੋਅ ਸਭ ਮਨੁੱਖ ਲਈ ਹੈ ਨਾ ਕਿ ਮੁੱਠੀ ਭਰ ਧਨ ਕੁਬੇਰਾਂ ਲਈ ਤਾਂ ਭਗਤ ਸਿੰਘ ਸਾਨੂੰ ਜ਼ਰੂਰ ਸਵਾਲ ਕਰੇਗਾ ਕਿ ਤੇਰਾ ਮੇਰਾ ਕੀ ਰਿਸ਼ਤਾ? ਉਸ ਦੇ ਵਿਚਾਰਾਂ ਦੀ ਲੋਅ ਚੋਭਾਂ ਮਾਰੇਗੀ ਕਿ ਆਪਣੇ ਲੋਕਾਂ ਦਾ ਬਣ ਕੇ ਰਹਿ।
ਭਗਤ ਸਿੰਘ ਦਾ ਜਨਮ ਦਿਹਾੜਾ ਇਸ ਧਰਤੀ ਦੇ ਅਸਲੀ ਵਾਰਸਾਂ ਦੀ ਨਵੀਂ ਜ਼ਿੰਦਗੀ ਵੱਲ ਸੈਨਤ ਕਰਦੇ ਮਾਰਗ ਦਾ ਜਨਮ ਦਿਹਾੜਾ ਹੈ। ਭਗਤ ਸਿੰਘ ਲਿਖਦਾ ਹੈ;
‘‘ਆਮ ਤੌਰ ’ਤੇ ਲੋਕ ਜ਼ਿੰਦਗੀ ਦੀਆਂ ਪਰੰਪਰਾਗਤ ਹਾਲਤਾਂ ਨਾਲ ਸਮਝੌਤਾ ਕਰ ਲੈਂਦੇ ਹਨ। ਕਿਸੇ ਕਿਸਮ ਦੀ ਤਬਦੀਲੀ ਤੋਂ ਹਿਚਕਚਾਉਂਦੇ ਹਨ। ਬਸ ਇਸ ਜਮੂਦ ਤੇ ਬੇਹਰਕਤੀ ਨੂੰ ਤੋੜਨ ਲਈ ਇੱਕ ਇਨਕਲਾਬੀ ਜਜ਼ਬਾ ਪੈਦਾ ਕਰਨ ਦੀ ਲੋੜ ਹੁੰਦੀ ਹੈ; ਨਹੀਂ ਤਾਂ ਗਿਰਾਵਟ ਅਤੇ ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ­। ਅਜਿਹੇ ਮਾਹੌਲ ਵਿੱਚ ਗੁੰਮਰਾਹ ਕਰਨ ਵਾਲੀਆਂ ਗ਼ੈਰ-ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗ਼ਲਤ ਰਾਹ ਉੱਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ। ਜਿਸ ਨਾਲ ਇਨਸਾਨੀ ਸਮਾਜ ਦੀ ਤਰੱਕੀ ਰੁਕ ਜਾਂਦੀ ਹੈ। ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਇਨਕਲਾਬੀ ਜਜ਼ਬਾ ਪੈਦਾ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਹਰਕਤ ਆਵੇ।’’
ਜਲ੍ਹਿਆਂਵਾਲਾ ਬਾਗ਼ ਦੀ ਖੂਨੀ ਦਾਸਤਾਂ ਦਾ ਮੰਜਰ ਭਗਤ ਸਿੰਘ ਦੇ ਜੀਵਨ ਮਾਰਗ ਦੀ ਦਿਸ਼ਾ ਤੈਅ ਕਰ ਦਿੰਦਾ ਹੈ। ਜੇ ਦੇਖਿਆ ਜਾਵੇ ਅੱਜ ਵੀ ਭਗਤ ਸਿੰਘ ਦੀ ਧਰਤੀ ਦੇ ਲੋਕ ਹਰ ਪਲ ਦੁਸ਼ਵਾਰੀਆਂ ਨਾਲ ਜੂਝ ਰਹੇ ਹਨ। ਅੱਜ ਦੁਨੀਆ ਨੂੰ ਜੰਗਾਂ, ਫਿਰਕੂ ਦਹਿਸ਼ਤਗਰਦੀ ਅਤੇ ਰਾਜਕੀ ਜਬਰ ਦੇ ਭੱਠ ਵਿੱਚ ਧੱਕ ਰਹੀਆਂ ਸਮਾਜ ਵਿਰੋਧੀ ਤਾਕਤਾਂ ਤੋਂ ਨਿਜਾਤ ਪਾਉਣ ਲਈ ਸੂਝ ਭਰੀ ਸੋਚ ਦ੍ਰਿਸ਼ਟੀ ਦੀ ਤੀਬਰ ਲੋੜ ਹੈ। ਸਥਾਪਤੀ ਦੇ ਬੋਲੇ ਕੰਨਾਂ ਨੂੰ ਬਹੁਤੀ ਵਾਰ ਇਹ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਲਈ ਭਗਤ ਸਿੰਘ ਦਾ ਜਨਮ ਦਿਹਾੜਾ ਹਨੇਰਾ ਦੂਰ ਕਰਨ ਲਈ ਮੋਮਬੱਤੀਆਂ ਦੇ ਕਾਫ਼ਲੇ ਬਣਾ ਕੇ ਸਫ਼ਰ ’ਤੇ ਨਿਕਲਣ ਦੀ ਆਵਾਜ਼ ਦਿੰਦਾ ਹੈ। ਇਹ ਕਾਫ਼ਲਾ ਹੀ ਜਮੂਦ ਨੂੰ ਤੋੜਨ ਦਾ ਕੰਮ ਕਰ ਸਕਦਾ ਹੈ।
ਭਗਤ ਸਿੰਘ ਨੇ 2 ਫਰਵਰੀ 1931 ਨੂੰ ਨੌਜਵਾਨਾਂ ਦੇ ਨਾਂ ਲਿਖੇ ਸੁਨੇਹੇ ਵਿੱਚ ਕਿਹਾ ਸੀ; ‘‘ਪਹਿਲਾਂ ਆਪਣਾ ਨਿੱਜਵਾਦ ਤਿਆਗੋ। ਨਿੱਜੀ ਸੁੱਖਾਂ ਦੇ ਸੁਪਨੇ ਲਾਹ ਕੇ ਇੱਕ ਪਾਸੇ ਰੱਖ ਦਿਓ। ਫਿਰ ਇੰਚ-ਇੰਚ ਕਰਕੇ ਅੱਗੇ ਵਧਦੇ ਜਾਓ। ਇਸ ਲਈ ਹਿੰਮ­ਤ ਦ੍ਰਿੜਤਾ ਅਤੇ ਮਜ਼ਬੂਤ ਇਰਾਦਾ ਬਣਾ ਕੇ ਰੱਖੋ। ਕਿੰਨੇ ਹੀ ਵੱਡੇ ਕਸ਼ਟ ਅਤੇ ਦੁਸ਼ਵਾਰੀਆਂ ਕਿਉਂ ਨਾ ਹੋਣ, ਤੁਹਾਡੀ ਹਿੰਮਤ ਡੋਲਣੀ ਨਹੀਂ ਚਾਹੀਦੀ।’’
ਜੋਬਨ ਰੁੱਤੇ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲਾ ਭਗਤ ਸਿੰਘ ਜੇਲ੍ਹ ਡਾਇਰੀ ਵਿੱਚ ਲਿਖਦਾ ਹੈ;
‘‘ਇਸ ਧਰਤੀ ਦੀਆਂ ਮਾਵਾਂ ਆਪਣੇ ਪੁੱਤਰਾਂ ਦੇ ਨਾਂ ਭਗਤ ਸਿੰਘ ਰੱਖਣ ਲੱਗੀਆਂ ਮਾਣ ਮਹਿਸੂਸ ਕਰਿਆ ਕਰਨਗੀਆਂ।’’ ਜ਼ਰਾ ਅੰਦਰ ਅਤੇ ਬਾਹਰੀ ਦੁਨੀਆ ’ਤੇ ਪੜਚੋਲਵੀਂ ਝਾਤ ਮਾਰਨ ਦਾ ਵੇਲਾ ਹੈ ਕਿ ਸਾਮਰਾਜੀ ਗਲਬੇ ਦੇ ਦੌਰ ਕਾਰਨ ਸਾਡਾ ਕੀ ਤੋਂ ਕੀ ਬਣਦਾ ਜਾ ਰਿਹਾ ਹੈ। ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਦਰਬਾਰੀ ਰਾਗ ਦਾ ਇਨਕਲਾਬੀ ਫੈਸਟੀਵਲ ਬਣਾਉਣ ਤੋਂ ਕਿਤੇ ਜ਼ਰੂਰੀ ਹੈ ਕਿ ਭਗਤ ਸਿੰਘ ਦੀਆਂ ਇਨ੍ਹਾਂ ਸਤਰਾਂ ਨਾਲ ਅੱਖ ਮਿਲਾਈ ਜਾਵੇ;
ਹਵਾਂ ਮੇਂ ਰਹੇਗੀ ਹਮਾਰੇ ਖਿਆਲ ਕੀ ਬਿਜਲੀਆਂ ਯੇ ਮੁਸ਼ਤੇ ਖ਼ਾਕ ਹੈ ਫ਼ਾਨੀ ਰਹੇ ਨਾ ਰਹੇ
ਭਗਤ ਸਿੰਘ ਦਾ ਜਨਮ ਦਿਹਾੜਾ ਸਾਡੇ ਸਮਿਆਂ ਵਿੱਚ ਸਾਥੋਂ ਕੁਝ ਆਸ ਕਰਦਾ ਹੈ। ਜਨਮ ਦਿਹਾੜਾ ਉਸ ਆਸ ਦੀ ਪੂਰਤੀ ਲਈ ਅਹਿਦ ਕਰਨ ਦਾ ਦਿਹਾੜਾ ਹੈ।
ਸੰਪਰਕ: 98778-6871
Advertisement

Advertisement