ਭਾਦੋਂ ਦੇ ਮੀਂਹ ਨੇ ਖੋਲ੍ਹੀ ਨਿਕਾਸੀ ਪ੍ਰਬੰਧਾਂ ਦੀ ਪੋਲ
ਜੋਗਿੰਦਰ ਸਿੰਘ ਮਾਨ
ਮਾਨਸਾ, 29 ਅਗਸਤ
ਲਗਾਤਾਰ ਪੈ ਰਹੇ ਮੀਂਹ ਕਾਰਨ ਅੱਜ ਮਾਨਸਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਆਉਣ-ਜਾਣ ਵਾਲਿਆਂ ਨੂੰ ਸਾਰਾ ਦਿਨ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਕੂਲੋਂ ਛੁੱਟੀ ਹੋਣ ਮਗਰੋਂ ਘਰ ਪਰਤਣ ਸਮੇਂ ਬੱਚਿਆਂ ਨੂੰ ਇਸ ਪਾਣੀ ਵਿਚੋਂ ਦੀ ਲੰਘ ਕੇ ਜਾਣਾ ਪਿਆ। ਬੇਸ਼ੱਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧਾਂ ਦੇ ਦਾਅਵਾ ਕੀਤਾ ਜਾਂਦੇ ਹਨ, ਪਰ ਲੋਕ ਸ਼ਹਿਰ ਵਿੱਚ ਮੀਂਹ ਦੇ ਖੜ੍ਹੇ ਦੂਸ਼ਿਤ ਪਾਣੀ ਕਾਰਨ ਤੰਗ ਹੁੰਦੇ ਰਹੇ। ਮੀਂਹ ਦਾ ਇਹ ਪਾਣੀ ਦੇਰ ਸ਼ਾਮ ਨੂੰ ਮਾਨਸਾ ਦੇ ਬੱਸ ਸਟੈਂਡ ਨੇੜੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਨੇੜੇ ਇਕੱਠਾ ਹੋ ਗਿਆ। ਸ਼ਹਿਰ ਵਿੱਚ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਮੁੱਖ ਬਾਜ਼ਾਰਾਂ ਵਿੱਚ ਪਾਣੀ ਦਾ ਭਰ ਜਾਣਾ ਆਮ ਗੱਲ ਹੋ ਗਈ ਹੈ। ਸ਼ਹਿਰ ਵਿੱਚ ਬੱਸ ਸਟੈਂਡ ਚੌਕ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਮੇਤ ਹੋਰ ਸ਼ਹਿਰ ਅੰਦਰ ਦਾਖ਼ਲ ਹੋਣ ਵਾਲੇ ਮੁੱਖ ਹਿੱਸੇ ਪਾਣੀ ਨਾਲ ਭਰੇ ਰਹਿੰਦੇ ਹਨ, ਜਿਸ ਕਰਕੇ ਲੋਕਾਂ ਨੂੰ ਗੋਡੇ-ਗੋਡੇ ਪਾਣੀ ਵਿਚੋਂ ਦੀ ਮਜ਼ਬੂਰਨ ਲੰਘਣਾ ਪੈਂਦਾ ਹੈ। ਹਰ ਵਾਰ ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀ ਪ੍ਰਬੰਧਾਂ ਦੇ ਪੁਖ਼ਤੇ ਇੰਤਜ਼ਾਮ ਕਰਨ ਦਾ ਦਾਅਵਾ ਕਰਦੇ ਹਨ, ਪਰ ਹਰ ਵਾਰ ਆਉਂਦਾ ਮੀਂਹ ਇਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੰਦਾ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਰਸਾਤਾਂ ਦੇ ਦਿਨਾਂ ਦੌਰਾਨ ਸਭ ਤੋਂ ਪਹਿਲਾਂ ਸ਼ਹਿਰ ਦੀ ਨਿਕਾਸੀ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸੇ ਦੌਰਾਨ ਨਗਰ ਕੌਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਾਣੀ ਦੀ ਨਿਕਾਸੀ ਲਈ ਹਰ ਤਰ੍ਹਾਂ ਦੇ ਵਿਸ਼ੇਸ ਬੰਦੋਬਸਤ ਕੀਤੇ ਜਾ ਰਹੇ ਹਨ, ਪਰ ਜ਼ਿਆਦਾ ਮੀਂਹ ਕਾਰਨ ਇੱਕ ਪਾਣੀ ਖੜ੍ਹ ਹੀ ਜਾਂਦਾ ਹੈ, ਜੋ ਕੁੱਝ ਸਮੇਂ ਬਾਅਦ ਨਿਕਲ ਜਾਂਦਾ ਹੈ।
ਸ਼ਹਿਣਾ (ਪੱਤਰ ਪ੍ਰੇਰਕ): ਅੱਜ ਸਵੇਰੇ ਪਏ ਮੀਂਹ ਨੇ ਮੇਨ ਬਾਜ਼ਾਰ ਤੋਂ ਬੱਸ ਸਟੈਂਡ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਬਦ ਤੋਂ ਬਦਤਰ ਕਰ ਦਿੱਤੀ ਹੈ। ਸਹਿਕਾਰੀ ਬੈਂਕ ਕੋਲ ਮੀਂਹ ਦੇ ਪਾਣੀ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ ਅਤੇ ਲੰਘਣ ਵਾਲਿਆਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਇਸੇ ਸੜਕ ’ਤੇ ਸਰਕਾਰੀ ਸੀਨੀਅਰ ਸੈਕੰਡਰੀ, ਦੋ ਬੈਂਕ, ਡਾਕਘਰ, ਪਸ਼ੂ ਹਸਪਤਾਲ, ਹੈਲਥ ਸੈਂਟਰ ਅਤੇ ਬੀਡੀਪੀਓ ਦਫ਼ਤਰ ਪੈਂਦੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਪੜ੍ਹਨ ਅਤੇ ਹੋਰ ਲੋਕ ਦਫ਼ਤਰਾਂ ਵਿੱਚ ਜਾਂਦੇ ਹਨ ਪਰ ਰਸਤਾ ਸਹੀ ਨਾ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀ ਹੋਈ।