ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਨੇ ਆਵਾਜਾਈ ਰੋਕੀ
ਜੋਗਿੰਦਰ ਸਿੰਘ ਮਾਨ
ਮਾਨਸਾ, 27 ਨਵੰਬਰ
ਝੋਨਾ ਵੇਚਣ ਲਈ ਹੋ ਰਹੀ ਖੱਜਲ-ਖੁਆਰੀ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਮਾਨਸਾ-ਬਠਿੰਡਾ ਮੁੱਖ ਮਾਰਗ ’ਤੇ ਪਿੰਡ ਭੈਣੀਬਾਘਾ ਵਿੱਚ ਜਾਮ ਲਾਇਆ ਗਿਆ। ਕਿਸਾਨਾਂ ਦੇ ਜਾਮ ਤੋਂ ਬਾਅਦ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਲਈ ਮੰਗੀ ਜਾ ਰਹੀ ਕਾਟ ਨੂੰ ਬੰਦ ਕਰਨ ਕਰ ਕੇ ਨਿਰਵਿਘਨ ਖਰੀਦ ਚਾਲੂ ਕਰਨ ਦੀ ਚਿਤਾਵਨੀ ਦਿੱਤੀ ਗਈ। ਪੁਲੀਸ ਵੱਲੋਂ ਸਬ-ਡਿਵੀਜ਼ਨ ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਖਰੀਦ ਅਧਿਕਾਰੀਆਂ ਨਾਲ ਕਿਸਾਨਾਂ ਦੀ ਮੁਲਾਕਾਤ ਕਰਵਾ ਕੇ ਕਾਟ ਨੂੰ ਤੁਰੰਤ ਬੰਦ ਕਰ ਕੇ ਝੋਨੇ ਦੀ ਬੋਲੀ ਆਰੰਭ ਕਰਵਾਈ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਜਾਮ ਖੋਲ੍ਹਿਆ ਗਿਆ। ਜਾਮ ਤੋਂ ਬਾਅਦ ਲੋਕਾਂ ਨੂੰ ਸੁੱਖ ਦਾ ਸਾਹ ਆਇਆ। ਇਹ ਜਾਮ ਦੀ ਅਗਵਾਈ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਵੱਲੋਂ ਕੀਤੀ ਗਈ।
ਕਿਸਾਨ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਰੀਦ ਕੇਂਦਰ ਭੈਣੀਬਾਘਾ ਵਿਚ ਲਗਪਗ 5500 ਤੋਂ ਵੱਧ ਗੱਟਾਂ ਵਿਕਣ ਵੰਨੀਓ ਪਿਆ ਹੈ, ਜਿਸ ਨੂੰ ਸ਼ੈੱਲਰ ਮਾਲਕ ਅਤੇ ਆੜ੍ਹਤੀ ਨਮੀ ਦੀ ਮਾਤਰਾ ਵੱਧ ਦੱਸ ਕੇ 3 ਤੋਂ 5 ਕਿਲੋ ਕਾਟ ਕੱਟ ਰਹੇ ਸਨ, ਜਿਸ ਲਈ ਜਥੇਬੰਦੀ ਵੱਲੋਂ ਸਮਝਾਉਣ ਦੇ ਬਾਵਜੂਦ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਅੱਕ ਕੇ ਜਾਮ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਖਰੀਦ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਬਿਨਾਂ ਕਾਟ ਕੱਟਿਆ ਖਰੀਦ ਸ਼ੁਰੂ ਕਰਵਾਉਣ ਦਾ ਭਰੋਸਾ ਦੇਣ ਤੋਂ ਬਾਅਦ ਜਾਮ ਨੂੰ ਖੋਲ੍ਹ ਦਿੱਤਾ ਗਿਆ। ਉਨ੍ਹਾਂ ਬਾਅਦ ਵਿੱਚ ਦੱਸਿਆ ਕਿ ਅੱਜ 2000 ਗੱਟੇ ਦੀ ਖਰੀਦ ਕੀਤੀ ਗਈ ਅਤੇ ਭਲਕੇ ਰਹਿੰਦੇ ਸਾਰੇ ਝੋਨੇ ਨੂੰ ਖਰੀਦਣ ਦਾ ਭਰੋਸਾ ਦਿੱਤਾ ਗਿਆ। ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਬੋਲੀ ਸ਼ੁਰੂ ਕਰਵਾਈ ਗਈ ਅਤੇ ਰਹਿੰਦਾ ਝੋਨੇ ਕੱਲ੍ਹ ਤੱਕ ਖਰੀਦੇ ਜਾਣ ਦਾ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ। ਇਸ ਮੌਕੇ ਜੁਗਰਾਜ ਸਿੰਘ ਖਿੱਲਣ, ਕਾਲਾ ਸਿੰਘ ਠੂਠਿਆਂਵਾਲੀ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।