For the best experience, open
https://m.punjabitribuneonline.com
on your mobile browser.
Advertisement

ਦਰੱਖ਼ਤਾਂ ਨੂੰ ਪੂਜਣ ਦੀ ਥਾਂ ਪਾਲਣਾ ਬਿਹਤਰ

07:17 AM Jul 28, 2024 IST
ਦਰੱਖ਼ਤਾਂ ਨੂੰ ਪੂਜਣ ਦੀ ਥਾਂ ਪਾਲਣਾ ਬਿਹਤਰ
Advertisement

ਇੰਜ. ਸੁਖਵੰਤ ਸਿੰਘ ਧੀਮਾਨ
ਕੈਨੇਡਾ ਫੇਰੀ ਦੌਰਾਨ ਵਾਪਰੀ ਇੱਕ ਘਟਨਾ ਮੇਰੇ ਦਿਲ ਦਿਮਾਗ਼ ’ਤੇ ਕਾਫ਼ੀ ਅਸਰ ਕਰ ਗਈ ਹੈ। ਉਸ ਘਟਨਾ ਨੂੰ ਮੈਂ ਤੁਹਾਡੇ ਸਭ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਕੈਨੇਡਾ ਵਿਚਲੇ ਇਸ ਵਰਤਾਰੇ ਜਾਂ ਕਹਿ ਲਓ ਘਟਨਾ ਨੇ ਮੇਰੀ ਜ਼ਿੰਦਗੀ ਨੂੰ ਹਲੂਣ ਕੇ ਰੱਖ ਦਿੱਤਾ ਹੈ। ਇਸ ਤੋਂ ਬਾਅਦ ਮੈਂ ਸੋਚਣ ਲਈ ਮਜਬੂਰ ਹੋ ਗਿਆ ਹਾਂ ਕਿ ਇਹ ਸਭ ਕੁਝ ਸਾਡੇ ਦੇਸ਼ ਵਿੱਚ ਕਿਉਂ ਨਹੀਂ ਹੋ ਸਕਦਾ। ਜੇਕਰ ਅਸੀਂ ਪਿਛੋਕੜ ਵੱਲ ਝਾਤੀ ਮਾਰੀਏ ਤਾਂ ਸਾਹਮਣੇ ਆਵੇਗਾ ਕਿ ਸਾਡੇ ਦੇਸ਼ ਵਿੱਚ ਦਰੱਖ਼ਤਾਂ ਨੂੰ ਪੂਜਿਆ ਜਾਂਦਾ ਸੀ ਅਤੇ ਦਰੱਖ਼ਤਾਂ ਦੀ ਸਾਂਭ ਸੰਭਾਲ ਲਈ ਲੋਕ ਵੱਖਰੇ ਵਿਸ਼ੇਸ਼ ਉਪਰਾਲੇ ਕਰਦੇ ਸਨ। ਪੁਰਾਣੇ ਬਜ਼ੁਰਗ ਪਿੰਡਾਂ ਦੀਆਂ ਸੱਥਾਂ ਵਿੱਚ ਤ੍ਰਿਵੈਣੀਆਂ ਲਗਾਉਂਦੇ ਸਨ। ਸਮੇਂ ਦੇ ਨਾਲ ਨਾਲ ਪੰਜਾਬ ਵਿੱਚ ਦਰੱਖ਼ਤਾਂ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਦਾ ਰੁਝਾਨ ਲਗਭਗ ਖ਼ਤਮ ਹੀ ਹੋ ਚੁੱਕਾ ਹੈ। ਅੱਜਕੱਲ੍ਹ ਲੋਕ ਬੂਟੇ ਲਗਾ ਕੇ ਫੋਟੋਆਂ ਤਾਂ ਖਿਚਵਾ ਰਹੇ ਹਨ, ਪਰ ਦਰੱਖ਼ਤ ਬਣਨ ਤੱਕ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਕੋਈ ਵਿਰਲਾ ਹੀ ਨਿਤਰਦਾ ਹੈ।
ਇਸ ਮਾਮਲੇ ਵਿੱਚ ਕੈਨੇਡਾ ਦੀ ਇੱਕ ਘਟਨਾ ਸਾਂਝੀ ਕਰਦਾ ਹਾਂ। ਕੈਨੇਡਾ ਵਿੱਚ ਦਰੱਖ਼ਤਾਂ ਦੀ ਸਾਂਭ ਸੰਭਾਲ ਪ੍ਰਤੀ ਸਰਕਾਰ ਅਤੇ ਲੋਕ ਬਹੁਤ ਜ਼ਿਆਦਾ ਸੁਚੇਤ ਹਨ। ਲੋਕ ਅਤੇ ਸਰਕਾਰਾਂ ਦਰੱਖ਼ਤਾਂ ਨੂੰ ਬੱਚਿਆਂ ਵਾਂਗ ਸੰਭਾਲਦੇ ਹਨ। ਉੱਥੋਂ ਦੀ ਫੇਰੀ ਦੌਰਾਨ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਕੈਨੇਡਾ ਵਿੱਚ ਦਰੱਖ਼ਤਾਂ ਪ੍ਰਤੀ ਸਰਕਾਰ ਬਹੁਤ ਜ਼ਿਆਦਾ ਸੁਚੇਤ ਹੈ। ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਘਰ ਬਣਾਉਣ ਲਈ ਜੋ ਜਗ੍ਹਾ ਖਰੀਦੀ ਸੀ, ਉਸ ਵਿੱਚ ਇੱਕ ਦਰੱਖ਼ਤ ਸੀ ਅਤੇ ਘਰ ਦੀ ਉਸਾਰੀ ਕਰਨ ਲਈ ਉਸ ਨੂੰ ਕੱਟਣਾ ਪੈਣਾ ਸੀ। ਸੋ ਉਸ ਨੇ ਦਰੱਖ਼ਤ ਨੂੰ ਕੱਟਣ ਲਈ ਸਬੰਧਿਤ ਮਹਿਕਮੇ ਵਿੱਚ ਅਰਜ਼ੀ ਦੇ ਦਿੱਤੀ। ਉਸ ਦੀ ਅਰਜ਼ੀ ’ਤੇ ਕਾਰਵਾਈ ਕਰਦਿਆਂ ਸਬੰਧਿਤ ਮਹਿਕਮੇ ਵਾਲੇ ਉਸ ਦਰੱਖ਼ਤ ਨੂੰ ਦੇਖਣ ਲਈ ਉਸ ਦੀ ਖਰੀਦੀ ਜਗ੍ਹਾ ’ਤੇ ਆਏ। ਉਸ ਜਾਂਚ ਅਧਿਕਾਰੀ ਨੇ ਮੇਰੇ ਮਿੱਤਰ ਨੂੰ ਕਿਹਾ, ‘‘ਤੁਹਾਨੂੰ ਇਸ ਦਰੱਖ਼ਤ ਨੂੰ ਕੱਟਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਸ ਦਰੱਖ਼ਤ ’ਤੇ ਕੁਝ ਪੰਛੀਆਂ ਨੇ ਆਲ੍ਹਣੇ ਪਾਏ ਹੋਏ ਹਨ। ਜਿੰਨਾ ਚਿਰ ਇਨ੍ਹਾਂ ਆਲਣਿਆਂ ਵਿੱਚੋਂ ਬੱਚੇ ਨਿਕਲ ਕੇ ਉਡਾਰ ਨਹੀਂ ਹੋ ਜਾਂਦੇ, ਓਨਾ ਚਿਰ ਤੁਸੀਂ ਇਸ ਦਰੱਖ਼ਤ ਨੂੰ ਕੱਟ ਨਹੀਂ ਸਕਦੇ।’’ ਉਹ ਅਧਿਕਾਰੀ ਮੇਰੇ ਮਿੱਤਰ ਨੂੰ ਇਹ ਹਦਾਇਤ ਵੀ ਕਰ ਗਿਆ ਕਿ ਜੇਕਰ ਇਸ ਦਰੱਖ਼ਤ ਉਤਲੇ ਪੰਛੀਆਂ ਦੇ ਆਲ੍ਹਣਿਆਂ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਇਸ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਵੇਗਾ। ਇਸ ਤਰ੍ਹਾਂ ਤਕਰੀਬਨ ਦੋ ਤਿੰਨ ਮਹੀਨੇ ਲੰਘਣ ਤੋਂ ਬਾਅਦ ਦੁਬਾਰਾ ਫਿਰ ਮੇਰੇ ਮਿੱਤਰ ਨੇ ਉੱਥੇ ਮਹਿਕਮੇ ਵਿੱਚ ਦਰੱਖ਼ਤ ਕੱਟਣ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ। ਸਬੰਧਿਤ ਮਹਿਕਮੇ ਦਾ ਅਧਿਕਾਰੀ ਉਸ ਦਰੱਖ਼ਤ ਨੂੰ ਦੁਬਾਰਾ ਚੈੱਕ ਕਰਨ ਆਇਆ। ਉਸ ਨੇ ਪਾਇਆ ਕਿ ਹੁਣ ਉਸ ਦਰੱਖ਼ਤ ’ਤੇ ਰਹਿਣ ਵਾਲੇ ਪੰਛੀਆਂ ਦੇ ਬੱਚੇ ਉਡਾਰ ਹੋ ਕੇ ਚਲੇ ਗਏ ਹਨ ਤਾਂ ਉਸ ਨੇ ਮੇਰੇ ਮਿੱਤਰ ਨੂੰ ਉਹ ਦਰੱਖ਼ਤ ਕੱਟਣ ਦੀ ਮਨਜ਼ੂਰੀ ਦਿੱਤੀ। ਅਧਿਕਾਰੀ ਨੇ ਹੋਰ ਦਰੱਖ਼ਤ ਲਗਾਉਣ ਸਬੰਧੀ ਵੀ ਹਦਾਇਤ ਕੀਤੀ। ਮੈਂ ਇਹ ਸੁਣ ਕੇ ਹੈਰਾਨ ਸੀ। ਇਸ ਦੇ ਨਾਲ ਮੇਰੇ ਮਿੱਤਰ ਨੇ ਇੱਕ ਹੋਰ ਘਟਨਾ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਉਸ ਦੇ ਸ਼ਹਿਰ ਦੇ ਬਾਹਰ ਇੱਕ ਵੱਡੀ ਸੜਕ ਬਣ ਰਹੀ ਸੀ ਅਤੇ ਕੁਝ ਕਾਰਨਾਂ ਕਰਕੇ ਸੜਕ ਦਾ ਰੁਖ਼ ਬਦਲਣਾ ਪਿਆ ਤਾਂ ਉਸ ਜਗ੍ਹਾ ਵਿੱਚ ਇੱਕ ਦਰੱਖ਼ਤ ਆ ਗਿਆ ਜਿਸ ’ਤੇ ਇੱਲ ਨੇ ਆਲ੍ਹਣਾ ਪਾਇਆ ਹੋਇਆ ਸੀ ਜਿਸ ਵਿੱਚ ਬੋਟ ਵੀ ਸਨ। ਜਦੋਂ ਸੜਕ ਉਸਾਰੀ ਮਹਿਕਮੇ ਨੇ ਵਣ ਵਿਭਾਗ ਨੂੰ ਦਰੱਖ਼ਤ ਕੱਟਣ ਦੀ ਬੇਨਤੀ ਕੀਤੀ ਤਾਂ ਵਣ ਵਿਭਾਗ ਨੇ ਦਰੱਖ਼ਤ ਕੱਟਣ ਤੋਂ ਨਾਂਹ ਕਰਦਿਆਂ ਹਦਾਇਤ ਜਾਰੀ ਕਰ ਦਿੱਤੀ ਕਿ ਜਿੰਨਾ ਚਿਰ ਇਸ ਪੰਛੀ ਇੱਲ ਦੇ ਬੱਚੇ ਵੱਡੇ ਹੋ ਕੇ ਆਲ੍ਹਣਾ ਛੱਡ ਕੇ ਨਹੀਂ ਜਾਂਦੇ, ਉਨਾ ਚਿਰ ਇਹ ਨਹੀਂ ਕੱਟਣ ਦਿੱਤਾ ਜਾਵੇਗਾ। ਇਸ ਕਰਕੇ ਕੁਝ ਮਹੀਨਿਆਂ ਲਈ ਸੜਕ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ। ਜਦੋਂ ਮੈਨੂੰ ਇਹ ਗੱਲ ਮੇਰੇ ਮਿੱਤਰ ਨੇ ਦੱਸੀ ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ।
ਮੈਂ ਹੈਰਾਨ ਸੀ ਕਿ ਕੈਨੇਡਾ ਵਿੱਚ ਦਰੱਖ਼ਤਾਂ ਅਤੇ ਪੰਛੀਆਂ ਦੀ ਕਿੰਨੀ ਸੰਭਾਲ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਸੋਚਿਆ ਕਿ ਜੇਕਰ ਇਹ ਦਰੱਖ਼ਤ ਸਾਡੇ ਦੇਸ਼ ਵਿੱਚ ਹੁੰਦਾ ਤਾਂ ਹੁਣ ਤਕ ਇਸ ਨੂੰ ਜਾਂ ਤਾਂ ਕੱਟ ਦਿੱਤਾ ਜਾਂਦਾ ਜਾਂ ਸਾੜ ਦਿੱਤਾ ਜਾਂਦਾ। ਦਰੱਖ਼ਤ ’ਤੇ ਰਹਿਣ ਵਾਲੇ ਪੰਛੀਆਂ ਦੇ ਆਲ੍ਹਣੇ ਉਜਾੜ ਦਿੱਤੇ ਜਾਂਦੇ। ਦਰਅਸਲ, ਕੁਝ ਸਮਾਂ ਪਹਿਲਾਂ ਮੈਂ ਮੇਰੀ ਰਿਹਾਇਸ਼ ਨੇੜੇ ਇੱਕ ਵਿਅਕਤੀ ਦੁਆਰਾ ਇੱਕ ਦਰੱਖ਼ਤ ਨੂੰ ਕਟਵਾਉਣ ਕਾਰਨ ਪੰਛੀਆਂ ਦੇ ਘਰਾਂ ਨੂੰ ਉੱਜੜਦੇ ਅਤੇ ਉਨ੍ਹਾਂ ਆਲ੍ਹਣਿਆਂ ਵਿੱਚ ਨਵਜੰਮੇ ਬੋਟਾਂ ਨੂੰ ਮਰਦਿਆਂ ਆਪ ਦੇਖਿਆ ਸੀ।
ਕੈਨੇਡਾ ਵਾਲੇ ਮਿੱਤਰ ਵੱਲੋਂ ਦੱਸੀਆਂ ਘਟਨਾਵਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਆਪਣੇ ਦਰੱਖ਼ਤਾਂ ਅਤੇ ਪੰਛੀਆਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਸੰਭਾਲ ਸਕਦੇ? ਜਦੋਂਕਿ ਅਸੀਂ ਤਾਂ ਆਪਣੇ ਆਪ ਨੂੰ ਅੰਗਰੇਜ਼ਾਂ ਨਾਲੋਂ ਜ਼ਿਆਦਾ ਧਾਰਮਿਕ ਵੀ ਅਖਵਾਉਂਦੇ ਹਾਂ। ਫਿਰ ਸਾਡੇ ਧਰਮ ਜਾਂ ਸਾਡੀ ਧਾਰਮਿਕ ਸਿੱਖਿਆ, ਦਰੱਖ਼ਤਾਂ ਨੂੰ ਫੂਕਣ ਅਤੇ ਇਨ੍ਹਾਂ ਉਤਲੇ ਆਲ੍ਹਣਿਆਂ ਵਿੱਚ ਰਹਿੰਦੇ ਬੋਟਾਂ ਨੂੰ ਜਿਉਂਦਿਆਂ ਸਾੜ ਕੇ ਮਾਰਨ ਸਮੇਂ ਸਾਡੀ ਜ਼ਮੀਰ ਨੂੰ ਝੰਜੋੜਦੀ ਕਿਉਂ ਨਹੀਂ? ਜਦੋਂ ਹਰ ਸਾਲ ਲੱਖਾਂ ਨਿਰਦੋਸ਼ ਪੰਛੀਆਂ ਨੂੰ ਜਿਉਂਦੇ ਸਾੜਿਆ ਜਾਂਦਾ ਹੈ ਤਾਂ ਸਾਡੇ ਧਾਰਮਿਕ ਲੀਡਰ ਜਾਂ ਸਮਾਜ ਸੇਵੀ ਲੋਕ ਚੁੱਪ ਕਿਉਂ ਰਹਿੰਦੇ ਹਨ? ਇੱਕ ਪੰਛੀ ਦਾ ਬੋਟ ਜਿਉਂਦਾ ਸੜ ਜਾਂਦਾ ਹੈ ਤਾਂ ਕਿਸੇ ਨੂੰ ਦੁੱਖ ਨਹੀਂ ਹੁੰਦਾ। ਜਦੋਂ ਕਿਸੇ ਇਨਸਾਨ ਦੇ ਬੱਚੇ ਨੂੰ ਕੋਈ ਆਂਚ ਆ ਜਾਵੇ ਤਾਂ ਮੀਡੀਆ ’ਚ ਹਾਹਾਕਾਰ ਮੱਚ ਜਾਂਦੀ ਹੈ।
ਖ਼ੈਰ, ਮੈਂ ਦਿੱਲੀ ਦੇ ਹਵਾਈ ਅੱਡੇ ’ਤੇ ਜਹਾਜ਼ੋਂ ਉਤਰ ਕੇ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੰਜਾਬ ਦਾਖ਼ਲ ਹੁੰਦਿਆਂ ਖਨੌਰੀ ਲਾਗੇ ਮੁੱਖ ਸੜਕ ’ਤੇ ਦਰੱਖ਼ਤਾਂ ਅਤੇ ਇਨ੍ਹਾਂ ਉਤਲੇ ਆਲ੍ਹਣਿਆਂ ਨੂੰ ਸੜੇ ਦੇਖ ਕੇ ਮੇਰਾ ਰੋਣਾ ਨਿਕਲ ਗਿਆ। ਮੇਰਾ ਧਿਆਨ ਤੁਰੰਤ ਉਸੇ ਸਮੇਂ ਕੈਨੇਡਾ ਵਿਚਲੇ ਦਰੱਖ਼ਤਾਂ ਵੱਲ ਗਿਆ। ਇਸ ਮਾਮਲੇ ਵਿੱਚ ਦੋਵਾਂ ਮੁਲਕਾਂ ਦੀ ਤੁਲਨਾ ਕਰਦਿਆਂ ਮੈਂ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਿਹਾ ਸੀ ਕਿ ਮੈਂ ਕਿੰਨੇ ਜ਼ਾਲਮ ਸਮਾਜ ਵਿੱਚ ਰਹਿ ਰਿਹਾ ਹਾਂ। ਮੈਂ ਆਪਣੇ ਪੰਜਾਬ ਨੂੰ, ਭਾਰਤ ਨੂੰ ਛੱਡ ਕੇ ਨਹੀਂ ਜਾ ਸਕਦਾ ਕਿਉਂਕਿ ਮੈਂ ਆਪਣੇ ਦੇਸ ਪੰਜਾਬ ਨੂੰ, ਭਾਰਤ ਨੂੰ ਬਹੁਤ ਪਿਆਰ ਕਰਦਾ ਹਾਂ। ਪਰ ਸੜਕਾਂ ਕਿਨਾਰੇ ਸੜੇ ਦਰੱਖ਼ਤ ਵੇਖ ਕੇ ਮੇਰੇ ਕੰਨਾਂ ਵਿੱਚ ਇਨ੍ਹਾਂ ਉੱਤੇ ਪਏ ਆਲ੍ਹਣਿਆਂ ਵਿੱਚ ਜਿਉਂਦੇ ਸੜ ਚੁੱਕੇ ਬੋਟਾਂ ਦੀਆਂ ਚੀਕਾਂ ਗੂੰਜਦੀਆਂ ਹਨ ਜਿਵੇਂ ਉਹ ਸਾਨੂੰ ਬਦਦੁਆਵਾਂ ਦੇ ਰਹੇ ਹੋਣ। ਰੱਬ ਦਾ ਵਾਸਤਾ, ਅਜੇ ਵੀ ਸੁਧਰ ਜਾਓ ਅਜੇ ਵੀ ਹਟ ਜਾਓ। ਦਰੱਖ਼ਤਾਂ ਅਤੇ ਪੰਛੀਆਂ ਜਾਨਵਰਾਂ ਨੂੰ ਸੰਭਾਲ ਲਈਏ। ਇਹ ਧਰਤੀ ਇਨ੍ਹਾਂ ਦੀ ਵੀ ਹੈ, ਸਾਡੀ ਇਕੱਲਿਆਂ ਦੀ ਨਹੀਂ। ਰੁੱਖ ਤਾਂ ਮਨੁੱਖਾਂ ਬਿਨਾਂ ਵਧੀਆ ਵਧ ਫੁੱਲ ਸਕਦੇ ਹਨ, ਪਰ ਮਨੁੱਖ ਇਨ੍ਹਾਂ ਬਿਨਾਂ ਇੱਕ ਪਲ ਵੀ ਜਿਉਂਦਾ ਨਹੀਂ ਰਹਿ ਸਕਦਾ। ਆਓ, ਇਸ ਮੌਸਮ ਵਿੱਚ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਆਪਣੀ ਧਰਤੀ ਮਾਂ ਨੂੰ ਹਰਿਆ ਭਰਿਆ ਬਣਾ ਕੇ ਇਸ ਦੇ ਸੱਚੇ ਸਪੁੱਤਰ ਹੋਣ ਦਾ ਫ਼ਰਜ਼ ਅਦਾ ਕਰੀਏ।
ਸੰਪਰਕ: 94175-50795

Advertisement

Advertisement
Advertisement
Author Image

sanam grng

View all posts

Advertisement