ਬਜਟ ’ਚ ਬਿਹਤਰ ਵਿਕਾਸ ਅਤੇ ਸੁਨਹਿਰੇ ਭਵਿੱਖ ਦੀ ਝਲਕ: ਮੋਦੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ’ਚ ਸਮਾਜ ਦੇ ਹਰੇਕ ਵਰਗ ਲਈ ਕੁਝ ਨਾ ਕੁਝ ਹੈ ਅਤੇ ਇਹ ਨਵੀਂ ਊਰਜਾ, ਬਿਹਤਰ ਵਿਕਾਸ ਅਤੇ ਸੁਨਹਿਰੇ ਭਵਿੱਖ ਦੀ ਝਲਕ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਬਜਟ ਮੁਲਕ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ’ਚ ਯੋਗਦਾਨ ਪਾਵੇਗਾ ਅਤੇ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਵੀ ਰੱਖੇਗਾ। ਉਨ੍ਹਾਂ ਵੀਡੀਓ ਸੁਨੇਹੇ ਰਾਹੀਂ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ, ‘‘ਇਹ ਬਜਟ ਦੇਸ਼ ਦੇ ਪਿੰਡਾਂ, ਗਰੀਬਾਂ, ਕਿਸਾਨਾਂ ਨੂੰ ਖੁਸ਼ਹਾਲੀ ਦੀ ਰਾਹ ’ਤੇ ਲਿਜਾਣ ਵਾਲਾ ਹੈ।’’ ਉਨ੍ਹਾਂ ਨੌਜਵਾਨਾਂ, ਪਛੜੇ ਵਰਗਾਂ, ਮਹਿਲਾਵਾਂ ਅਤੇ ਮੱਧ ਵਰਗ ’ਤੇ ਉਚੇਚੇ ਤੌਰ ’ਤੇ ਧਿਆਨ ਦੇਣ ਲਈ ਬਜਟ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ’ਚ ਔਰਤਾਂ ਦੀ ਆਰਥਿਕ ਹਿੱਸੇਦਾਰੀ ਯਕੀਨੀ ਬਣਾਉਣ ’ਚ ਸਹਾਇਤਾ ਮਿਲੇਗੀ ਅਤੇ ਇਸ ਨਾਲ ਛੋਟੇ ਵਪਾਰੀਆਂ ਤੇ ਛੋਟੀਆਂ ਸਨਅਤਾਂ ਨੂੰ ਤਰੱਕੀ ਦਾ ਨਵਾਂ ਰਾਹ ਮਿਲੇਗਾ। ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕਿਆਂ ਨੂੰ ਆਪਣੀ ਸਰਕਾਰ ਦੀ ਪਛਾਣ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਬਜਟ ਇਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਰੁਜ਼ਗਾਰ ਨਾਲ ਜੁੜੀ ਰਿਆਇਤ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ’ਚ ਕਰੋੜਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਜ਼ਿੰਦਗੀ ’ਚ ਪਹਿਲੀ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਪਹਿਲੀ ਤਨਖ਼ਾਹ ਸਰਕਾਰ ਦੇਵੇਗੀ। -ਪੀਟੀਆਈ