ਬੰਗਾਲ ਸਰਕਾਰ ਫ਼ਰਜ਼ ਨਿਭਾਉਣ ਵਿੱਚ ਅਸਫ਼ਲ: ਰਾਜਪਾਲ
ਕੋਲਕਾਤਾ, 16 ਅਕਤੂਬਰ
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਅੱਜ ਦੋਸ਼ ਲਗਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਾਗਰਿਕਾਂ ਦੀ ਜ਼ਿੰਦਗੀ ਤੇ ਸੰਪਤੀ ਦੀ ਰੱਖਿਆ ਕਰਨ ਦੇ ਆਪਣੇ ਬੁਨਿਆਦੀ ਫ਼ਰਜ਼ਾਂ ਨੂੰ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਆਰਜੀ ਕਰ ਹਸਪਤਾਲ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿੱਚ ਸੰਵਿਧਾਨ ਦੇ ਪ੍ਰਬੰਧਾਂ ਤਹਿਤ ਪਹਿਲਾਂ ਹੀ ਦਖ਼ਲ ਦੇ ਰਿਹਾ ਹੈ।
ਜਬਰਜਨਾਹ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਜਾਰੀ ਵਿਵਾਦ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਬੋਸ ਨੇ ਕਿਹਾ ਕਿ ਮਾਮਲੇ ਵਿੱਚ ਪੁਲੀਸ ਅਧਿਕਾਰੀ ਅਤੇ ਸੀਨੀਅਰ ਡਾਕਟਰ ਦੀ ਗ੍ਰਿਫ਼ਤਾਰੀ ਇਕ ਵਾਰ ਫਿਰ ਤੋਂ ਵੱਖ-ਵੱਖ ਖੇਤਰਾਂ ਵਿੱਚ ਵਿਆਪਕ ‘ਸੰਸਥਾਗਤ ਅਪਰਾਧ’ ਵੱਲ ਇਸ਼ਾਰਾ ਕਰਦੀ ਹੈ। ਬੋਸ ਨੇ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਕਿਹਾ, ‘ਸਰਕਾਰ ਆਪਣੇ ਬੁਨਿਆਦੀ ਫ਼ਰਜ਼ਾਂ ਨੂੰ ਨਿਭਾਉਣ ਵਿੱਚ ਅਸਫ਼ਲ ਰਹੀ ਹੈ। ਇਸ ਦੀ ਜ਼ਿੰਮੇਵਾਰੀ ਕਿਸ ਨੂੰ ਲੈਣੀ ਚਾਹੀਦੀ ਹੈ? ਜੇ ਮੁੱਖ ਮੰਤਰੀ ਹੀ ਪ੍ਰਸ਼ਾਸਨ ਦੀ ਮੁਖੀ ਹੈ ਤਾਂ ਇਸ ਦਾ ਜਵਾਬ ਖ਼ੁਦ ਉਨ੍ਹਾਂ ਕੋਲ ਹੈ।’ ਇਕ ਸਵਾਲ ਦੇ ਜਵਾਬ ’ਚ ਬੋਸ ਨੇ ਕਿਹਾ, ‘‘ਰਾਜਭਵਨ ਦਖ਼ਲ ਦੇ ਰਿਹਾ ਹੈ ਅਤੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ, ਕਿਉਂਕਿ ਰਾਜਭਵਨ ਭਾਰਤ ਦੇ ਸੰਵਿਧਾਨ ਵਿੱਚ ਕੀਤੇ ਗਏ ਪ੍ਰਬੰਧਾਂ ਤਹਿਤ ਦਖ਼ਲ ਦਿੰਦਾ ਹੈ।’ ਜੂਨੀਅਰ ਡਾਕਟਰਾਂ ਦਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। -ਪੀਟੀਆਈ
ਡਾਕਟਰ ਹਮੇਸ਼ਾ ਤੋਂ ਆਸਾਨ ਨਿਸ਼ਾਨਾ ਰਹੇ ਨੇ: ਆਈਐੱਮਏ ਮੁਖੀ
ਨਵੀਂ ਦਿੱਲੀ:
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਦੇ ਮੁਖੀ ਡਾ. ਆਰਵੀ ਅਸ਼ੋਕਨ ਨੇ ਕੋਲਕਾਤਾ ਵਿੱਚ ਇਕ ਡਾਕਟਰ ਨਾਲ ਜਬਰਜਨਾਹ ਤੇ ਹੱਤਿਆ ਦੇ ਮਾਮਲੇ ਨੂੰ ਲੈ ਕੇ ਨੌਜਵਾਨ ਡਾਕਟਰਾਂ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਵਿਚਾਲੇ ਕਿਹਾ ਕਿ ਡਾਕਟਰਾਂ ਨੂੰ ਹਮੇਸ਼ਾ ਤੋਂ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਅਤੇ ਮੈਡੀਕਲ ਭਾਈਚਾਰੇ ਨਾਲ ਘੋਰ ਅਨਿਆਂ ਹੋਇਆ ਹੈ ਜਿਸ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ।’’ ਆਈਐੱਮਏ ਵੱਲੋਂ ‘ਐਕਸ’ ਉੱਤੇ ਪੋਸਟ ਕੀਤੇ ਗਏ ਇਕ ਬਿਆਨ ਵਿੱਚ ਡਾ. ਅਸ਼ੋਕਨ ਨੇ ਕਿਹਾ ਕਿ ਭਾਰਤ ਵਿੱਚ ਸ਼ੁਰੂਆਤ ਤੋਂ ਹੀ ਇਕ ਡਾਕਟਰ ‘ਬਾਂਡ ਪ੍ਰਣਾਲੀ ਨਾਲ ਬੰਨ੍ਹਿਆ ਹੋਇਆ ਇਕ ਗੁਲਾਮ’ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਰਜੀ ਕਰ ਹਸਪਤਾਲ ਦੇ ਕਾਂਡ ਨੇ ਦੇਸ਼ ਦੇ ਮੈਡੀਕਲ ਕਾਲਜਾਂ ਵਿੱਚ ਫੈਲੀ ਸੜਾਂਦ ਨੂੰ ਸਾਹਮਣੇ ਲਿਆਂਦਾ ਹੈ। -ਪੀਟੀਆਈ