ਸਰਕਾਰੀ ਡਿੱਪੂਆਂ ਤੋਂ ਗ਼ੈਰਮਿਆਰੀ ਕਣਕ ਮਿਲਣ ਕਾਰਨ ਲਾਭਪਾਤਰੀ ਖ਼ਫ਼ਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 30 ਮਾਰਚ
ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਮੁਫ਼ਤ ਕਣਕ ਦੀ ਥਾਂ ’ਤੇ ਆਟਾ ਦੇਣ ਦੀ ਯੋਜਨਾ ਜਿੱਥੇ ਅਸਫ਼ਲ ਹੁੰਦੀ ਦਿਖਾਈ ਦੇ ਰਹੀ ਹੈ, ਉੱਥੇ ਉਨ੍ਹਾਂ ਨੂੰ ਗ਼ੈਰਮਿਆਰੀ ਕਿਸਮ ਦੀ ਕਣਕ ਵੰਡੀ ਜਾ ਰਹੀ ਹੈ। ਇਸ ਨਾਲ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲਾਭਪਾਤਰੀਆਂ ਨੇ ਦੱਸਿਆ ਕਿ ਇਹ ਕਣਕ ਬੰਦਿਆਂ ਲਈ ਤਾਂ ਦੂਰ ਦੀ ਗੱਲ ਇਹ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਸਮਾਂ ਪਹਿਲਾਂ ਖੰਨਾ ਵਿੱਚ ਘਰ-ਘਰ ਆਟਾ ਵੰਡਣ ਦੀ ਸਕੀਮ ਸ਼ੁਰੂ ਕਰ ਕੇ ਲੋਕਾਂ ਨੂੰ ਚੰਗੀ ਗੁਣਵੱਤਾ ਦਾ ਆਟਾ ਦੇਣ ਦਾ ਵਾਅਦਾ ਕੀਤਾ ਗਿਆ ਸੀ।
ਲਾਭਪਾਤਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਮਰਾਲਾ ਰੋਡ ਸਥਿਤ ਮਾਡਲ ਟਾਊਨ ਦੇ ਡਿੱਪੂ ਤੋਂ ਸਕੀਮ ਤਹਿਤ ਕਣਕ ਲੈਣ ਗਿਆ ਸੀ ਜਦੋਂ ਬੋਰੀ ਖੋਲ੍ਹ ਕੇ ਦੇਖਿਆ ਤਾਂ ਕਣਕ ਪੂਰੀ ਤਰ੍ਹਾਂ ਗਲੀ ਹੋਈ ਸੀ। ਇਕ ਵੀ ਦਾਣਾ ਖਾਣਯੋਗ ਨਹੀਂ ਸੀ। ਇਸ ਸਬੰਧੀ ਡਿੱਪੂ ਹੋਲਡਰ ਨੇ ਕਿਹਾ ਕਿ ਜਿਵੇਂ ਕਣਕ ਆਈ ਹੈ, ਉਸੇ ਤਰ੍ਹਾਂ ਵੰਡੀ ਗਈ ਹੈ, ਉਹ ਖ਼ਰਾਬ ਕਣਕ ਦਾ ਕੁਝ ਨਹੀਂ ਕਰ ਸਕਦੇ। ਇਹ ਮਾਮਲਾ ਵਾਰਡ ਦੇ ਕੌਂਸਲਰ ਦੇ ਧਿਆਨ ਵਿਚ ਲਿਆਂਦਾ ਗਿਆ। ਜਾਣਕਾਰੀ ਮਿਲਣ ’ਤੇ ਵਿਭਾਗ ਦੇ ਅਧਿਕਾਰੀ ਹਰਕਤ ਵਿਚ ਆਏ ਅਤੇ ਉਨ੍ਹਾਂ ਕੁਝ ਲਾਭਪਾਤਰੀਆਂ ਦੀ ਕਣਕ ਬਦਲ ਦਿੱਤੀ। ਅਮਰਜੀਤ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਲੋੜਵੰਦਾਂ ਨੂੰ ਚੰਗੀ ਕਿਸਮ ਦੀ ਕਣਕ ਮੁਹੱਈਆ ਕਰਵਾਏ।
ਸ਼ਿਕਾਇਤ ਮਿਲਣ ਮਗਰੋਂ ਖ਼ਰਾਬ ਕਣਕ ਬਦਲ ਕੇ ਦਿੱਤੀ: ਅਧਿਕਾਰੀ
ਫੂਡ ਸਪਲਾਈ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਖ਼ਰਾਬ ਕਣਕ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ, ਜਿਸ ਉਪਰੰਤ ਖ਼ਰਾਬ ਕਣਕ ਨੂੰ ਬਦਲ ਦਿੱਤਾ ਗਿਆ ਹੈ।