ਤੇਜ਼ਾਬ ਅਤੇ ਮਾਈਗਰੇਨ ਲਈ ਲਾਭਦਾਇਕ ਕੁੰਜਲ ਕਿਰਿਆ
ਇਸ਼ਟ ਪਾਲ ਵਿੱਕੀ
ਅੱਜ ਦੇ ਪ੍ਰਦੂਸ਼ਣ ਵਾਲੇ ਵਾਤਾਵਰਨ ਵਿੱਚ ਕਈ ਬਿਮਾਰੀਆਂ ਸਾਨੂੰ ਆਪਣੀ ਪਕੜ ਵਿੱਚ ਲੈ ਰਹੀਆਂ ਹਨ। ਇਹ ਬਿਮਾਰੀਆਂ ਇੱਕ ਪਾਸੇ ਤਾਂ ਇਨਸਾਨ ਦੀ ਸਿਹਤ ਨੂੰ ਘੁਣ ਵਾਂਗ ਖਾ ਰਹੀਆਂ ਹਨ, ਦੂਸਰੇ ਪਾਸੇ ਮਿਹਨਤ ਮੁਸ਼ੱਕਤ ਨਾਲ ਕੀਤੀ ਕਮਾਈ ਵੀ ਚੱਟ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਲਗਾਤਾਰ ਘਟ ਰਹੀ ਹੈ। ਜਿੱਥੇ ਪਹਿਲਾਂ ਮਨੁੱਖ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਵੀ ਇਨ੍ਹਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ, ਉਹ ਵੀ ਅੱਜ ਇਨ੍ਹਾਂ ਲਾਇਲਾਜ ਬਿਮਾਰੀਆਂ ਦੇ ਜਾਲ ਵਿੱਚ ਫਸ ਰਿਹਾ ਹੈ। ਅੱਜ ਦੀਆਂ ਭਿਆਨਕ ਬਿਮਾਰੀਆਂ ਤੋਂ ਲੱਖਾਂ ਰੁਪਏ ਖਰਚ ਕਰ ਕੇ ਵੀ ਛੁਟਕਾਰਾ ਨਹੀਂ ਪਾਇਆ ਜਾ ਰਿਹਾ ਪਰ ਯੋਗ ਹੀ ਇੱਕ ਮਾਤਰ ਅਜਿਹਾ ਸਾਧਨ ਹੈ ਜਿਸ ਨਾਲ ਆਮ ਇਨਸਾਨ ਅਜਿਹੇ ਵਾਤਾਵਰਨ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਇਨ੍ਹਾਂ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ।
ਸਾਡੇ ਦੇਸ਼ ਭਾਰਤ ਦਾ ਸਾਦਾ ਖਾਣਾ ਜੋ ਭਾਰਤੀ ਮਸਾਲਿਆਂ ਨਾਲ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਜਿਸ ਨਾਲ ਬਿਮਾਰੀਆਂ ਸਰੀਰ ਨੂੰ ਲੱਗਣ ਦੀ ਥਾਂ ਸਰੀਰ ’ਚੋਂ ਬਾਹਰ ਨਿਕਲ ਜਾਂਦੀਆਂ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਲਗਾਤਾਰ ਬਾਜ਼ਾਰ ਦੇ ਉਹ ਭੋਜਨ ਸੇਵਨ ਕਰ ਰਹੀ ਹੈ ਜੋ ਪੱਛਮੀ ਦੇਸ਼ਾਂ ਦੇ ਲੋਕ ਖਾਂਦੇ ਹਨ। ਇਸ ਨੂੰ ਫਾਸਟ ਫੂਡ ਜਾਂ ਡੱਬਾ ਬੰਦ ਭੋਜਨ ਵਜੋਂ ਜਾਣਿਆ ਜਾਂਦਾ ਹੈ। ਇਹ ਭੋਜਨ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਜਲਦੀ ਵੀ ਬਣਦਾ ਹੈ। ਕਈ ਲੋਕ ਤਾਂ ਆਪਣੀ ਪਛਾਣ ਵੱਡੀ ਬਣਾਉਣ ਲਈ ਇਸ ਤਰ੍ਹਾਂ ਦੇ ਖਾਣਿਆਂ ਦੀ ਵਰਤੋਂ ਕਰਦੇ ਹਨ। ਘਰ ਵਿੱਚ ਲੋਕ ਵਿਹਲੇ ਹੋ ਕੇ ਵੀ ਇਹ ਕਹਿ ਦਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੈ, ਬਾਹਰ ਦਾ ਖਾਣਾ ਮੰਗਵਾ ਲੈਂਦੇ ਹਾਂ। ਸਮਾਂ ਤਾਂ ਉਨ੍ਹਾਂ ਕੋਲ ਬਹੁਤ ਹੁੰਦਾ ਹੈ ਪਰ ਪੱਛਮੀ ਭੋਜਨ ਦਾ ਸਵਾਦ ਹੀ ਅਲੱਗ ਹੁੰਦਾ ਜੋ ਉਨ੍ਹਾਂ ਨੂੰ ਘਰ ਦਾ ਸੰਤੁਲਿਤ ਭੋਜਨ ਖਾਣ ਨਹੀਂ ਦਿੰਦਾ। ਇਸ ਭੋਜਨ ਦੇ ਸੇਵਨ ਨਾਲ ਅੱਜ ਦੇ ਲੋਕ ਲਗਾਤਾਰ ਆਪਣੇ ਸਰੀਰ ਨੂੰ ਰੋਗ ਲਾ ਰਹੇ ਹਨ। ਤੇਜ਼ਾਬ ਤੋਂ ਲੈ ਕੇ ਪਾਚਨ ਕਿਰਿਆ ਸਬੰਧੀ ਰੋਗ ਇਸੇ ਭੋਜਨ ਦਾ ਕਾਰਨ ਹੀ ਹੈ।
ਕੁੰਜਲ ਕਿਰਿਆ
ਇਹ ਕਿਰਿਆ ਧੋਤੀ ਕਿਰਿਆ ਦਾ ਭਾਗ ਹੈ। ਇਸ ਕਿਰਿਆ ਨਾਲ ਅਸੀਂ ਆਪਣੇ ਪੇਟ ਦੀ ਸਫਾਈ ਚੰਗੀ ਤਰ੍ਹਾਂ ਕਰ ਸਕਦੇ ਹਾਂ।
ਵਿਧੀ
ਕੁੰਜਲ ਕਿਰਿਆ ਕਰਨ ਤੋਂ ਪਹਿਲਾਂ ਸਾਫ਼ ਪਾਣੀ ਨੂੰ ਉਨਾ ਹੀ ਗਰਮ ਕਰੋ ਜਿਸ ਨੂੰ ਤੁਸੀਂ ਆਸਾਨੀ ਨਾਲ ਪੀ ਸਕੋ। ਪਾਣੀ ਦੀ ਮਾਤਰਾ 3 ਤੋਂ 5 ਗਿਲਾਸ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਪਾਣੀ ਵਿੱਚ ਸਵਾਦ ਅਨੁਸਾਰ ਥੋੜ੍ਹਾ ਜਿਹਾ ਨਮਕ ਪਾਓ। ਹਾਈ ਬਲੱਡ ਪਰੈਸ਼ਰ ਦੇ ਰੋਗੀ ਨੂੰ ਨਮਕ ਨਹੀਂ ਪਾਉਣਾ ਚਾਹੀਦਾ। ਇਸ ਤੋਂ ਬਾਅਦ ਪਾਣੀ ਨੂੰ ਜੱਗ ਵਿੱਚ ਪਾ ਕੇ ਕਾਂਗ ਆਸਣ ਵਿੱਚ ਬੈਠੋ। ਇਸ ਤੋਂ ਬਾਅਦ ਪਾਣੀ ਪੀਣਾ ਸ਼ੁਰੂ ਕਰੋ। ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਪਾਣੀ ਨੂੰ ਰੁਕ-ਰੁਕ ਕੇ ਨਾ ਪੀਤਾ ਜਾਵੇ ਸਗੋਂ ਨਿਰੰਤਰ ਪੀਂਦੇ ਰਹੋ। ਸਾਰਾ ਪਾਣੀ ਪੀਣ ਤੋਂ ਬਾਅਦ ਦੋਹਾਂ ਪੈਰਾਂ ਉੱਤੇ ਖੜ੍ਹੇ ਹੋ ਕੇ ਧਰਤੀ ਦੇ ਸਮਾਨੰਤਰ ਮੂੰਹ ਨੂੰ ਝੁਕਾਉਂਦੇ ਹੋਏ 9 ਡਿਗਰੀ ਦਾ ਕੋਣ ਬਣਾ ਕੇ ਝੁਕੋ ਅਤੇ ਸੱਜੇ ਹੱਥ ਦੀਆਂ 3 ਉਂਗਲੀਆਂ ਨੂੰ ਆਪਣੇ ਮੂੰਹ ਵਿੱਚ ਪਾਓ ਅਤੇ ਛੋਟੀ ਜੀਭ ਨੂੰ ਹਲਕੇ-ਹਲਕੇ ਦਬਾਓ। ਵੇਗ ਬਣਨ ਨਾਲ ਤੁਹਾਡੇ ਦੁਆਰਾ ਪੀਤਾ ਗਿਆ ਪਾਣੀ ਬਾਹਰ ਨਿਕਲਣ ਲੱਗੇਗਾ। ਕੁੰਜਲ ਕਿਰਿਆ ਕਰਦੇ ਸਮੇਂ ਗਲੇ ’ਤੇ ਜ਼ਿਆਦਾ ਦਬਾਅ ਨਾ ਪਾਓ ਜਿਹੜਾ ਹਾਨੀਕਾਰਕ ਹੋ ਸਕਦਾ ਹੈ। ਇਸ ਤਰ੍ਹਾਂ ਤੁਸੀਂ ਜੋ ਪਾਣੀ ਪੀਤਾ ਹੈ, ਉਹ ਸਾਰਾ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਸਾਰਾ ਪਾਣੀ ਬਾਹਰ ਨਹੀਂ ਨਿਕਲਦਾ ਤਾਂ ਘਬਰਾਉਣਾ ਨਹੀਂ ਚਾਹੀਦਾ।
ਸਮਾਂ
ਇਹ ਕਿਰਿਆ ਸਵੇਰ ਵੇਲੇ ਖਾਲੀ ਪੇਟ ਕੀਤੀ ਜਾ ਸਕਦੀ ਹੈ ਪਰ ਜੇਕਰ ਕਿਸੇ ਨੇ ਕੋਈ ਗਲਤ ਵਸਤੂ ਦਾ ਸੇਵਨ ਕਰ ਲਿਆ ਹੋਵੇ ਤਾਂ ਇਹ ਕਿਰਿਆ ਕਰ ਕੇ ਉਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਜੇਕਰ ਕਿਸੇ ਨੂੰ ਸ਼ਰਾਬ ਆਦਿ ਦਾ ਨਸ਼ਾ ਜ਼ਿਆਦਾ ਹੋ ਜਾਵੇ ਤਾਂ ਇਹ ਕਿਰਿਆ ਕਰਨ ਨਾਲ ਨਸ਼ਾ ਘਟ ਜਾਵੇਗਾ।
ਸਾਵਧਾਨੀਆਂ
1. ਕੁੰਜਲ ਕਿਰਿਆ ਕਰਨ ਲਈ ਹਮੇਸ਼ਾ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।
2. ਕੁੰਜਲ ਕਿਰਿਆ ਕਰਦੇ ਸਮੇਂ ਪਾਣੀ ਰੁਕ-ਰੁਕ ਕੇ ਨਹੀਂ ਪੀਣਾ ਚਾਹੀਦਾ।
3. ਧਿਆਨ ਰੱਖੋ ਕਿ ਜੋ ਹਾਈ ਬਲੱਡ ਪਰੈਸ਼ਰ ਦੇ ਰੋਗੀ ਹਨ, ਉਹ ਨਮਕ ਦਾ ਪ੍ਰਯੋਗ ਨਾ ਕਰਨ।
4. ਹਾਰਟ ਦਾ ਰੋਗੀ ਇਸ ਕਿਰਿਆ ਨੂੰ ਨਹੀਂ ਕਰ ਸਕਦਾ ਹੈ।
5. ਜੇ ਪੇਟ ਸਬੰਧੀ ਕੋਈ ਅਪਰੇਸ਼ਨ ਕਰਵਾਇਆ ਹੋਵੇ, ਉਹ ਵਿਅਕਤੀ ਵੀ ਇਸ ਕਿਰਿਆ ਨੂੰ ਨਾ ਕਰੇ।
ਲਾਭ
1. ਕੁੰਜਲ ਕਿਰਿਆ ਕਰਨ ਨਾਲ ਤੇਜ਼ਾਬ, ਗੈਸ ਅਤੇ ਐਸੀਡਿਟੀ ਦੇ ਰੋਗੀਆਂ ਨੂੰ ਬਹੁਤ ਲਾਭ ਮਿਲਦਾ ਹੈ।
2. ਇਸ ਕਿਰਿਆ ਨਾਲ ਪੇਟ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ।
3. ਦਮੇ ਦੇ ਰੋਗੀਆਂ ਲਈ ਇਹ ਕਿਰਿਆ ਬਹੁਤ ਲਾਭਕਾਰੀ ਹੈ।
4. ਸਰੀਰ ਹਲਕਾ ਹੋ ਜਾਂਦਾ ਹੈ।
5. ਕਫ ਦੋਸ਼ ਦੂਰ ਹੋ ਜਾਂਦੇ ਹਨ।
6. ਮਾਈਗਰੇਨ ਲਈ ਲਾਭਕਾਰੀ ਹੈ।
7. ਭੋਜਨ ਨਲੀ ਸਾਫ਼ ਹੋ ਜਾਂਦੀ ਹੈ।
8. ਮੋਟਾਪਾ ਘਟਦਾ ਹੈ।
9. ਮਾਨਸਿਕ ਰੋਗਾਂ ਲਈ ਲਾਹੇਵੰਦ ਹੈ।
10. ਪੱਥਰੀ ਬਣਨ ਤੋਂ ਰੋਕ ਲੱਗ ਜਾਂਦੀ ਹੈ।
ਸੰਪਰਕ: 98725-65003