ਪੇਟੀ ਵਾਲੀ ਵਾਸ਼ਨਾ
ਇਕਬਾਲ ਸਿੰਘ
ਮਾਂ ਗਈ ਨੂੰ ਕਈ ਸਾਲ ਹੋ ਗਏ ਹਨ ਪਰ ਉਹ ਅੱਜ ਵੀ ਚੇਤਿਆਂ ਵਿਚ ਵਸਦੀ ਹੈ। ਮਾਂ ਹਰ ਵੇਲੇ ਆਪਣੀ ਪੇਟੀ ਨੂੰ ਵੱਡਾ ਸਾਰਾ ਜੰਦਰਾ ਮਾਰ ਕੇ ਰੱਖਦੀ ਹੁੰਦੀ ਸੀ। ਪੇਟੀ ਵਿਚ ਕੋਈ ਟੂੰਮਾਂ ਨਹੀਂ ਸਨ ਪਈਆਂ, ਫਿਰ ਵੀ ਉਹ ਹਮੇਸ਼ਾ ਜੰਦਰਾ ਮਾਰ ਕੇ ਰੱਖਦੀ।
ਮਾਂ ਆਪਣੀ ਪੇਟੀ ਬਹੁਤ ਘੱਟ ਖੋਲ੍ਹਦੀ ਸੀ। ਉਂਝ, ਜਦੋਂ ਵੀ ਖੋਲ੍ਹਦੀ ਸੀ, ਪੇਟੀ ਵਿਚੋਂ ਵੱਖਰੀ ਜਿਹੀ ਤਰ੍ਹਾਂ ਦੀ ਵਾਸ਼ਨਾ (ਮਹਿਕ) ਆਉਂਦੀ। ਪੇਟੀ ਵਿਚੋਂ ਆਉਣ ਵਾਲੀ ਇਹ ਵਾਸ਼ਨਾ ਮੈਨੂੰ ਬਹੁਤ ਚੰਗੀ ਲੱਗਦੀ। ਮਾਂ ਹਰ ਸਾਲ ਗਰਮੀਆਂ ਵਿਚ ਪੇਟੀ ਇਕ ਵਾਰ ਜ਼ਰੂਰ ਖਾਲੀ ਕਰਦੀ ਹੁੰਦੀ ਸੀ। ਇਨ੍ਹਾਂ ਦਿਨਾਂ ਦੌਰਾਨ ਉਹ ਪੇਟੀ ਵਿਚਲੀਆਂ ਚੀਜ਼ਾਂ-ਵਸਤਾਂ ਨੂੰ ਧੁੱਪ ਲਵਾਉਂਦੀ। ਉਦੋਂ ਸਾਨੂੰ ਪਤਾ ਲੱਗਦਾ ਕਿ ਮਾਂ ਦੀ ਪੇਟੀ ਵਿਚ ਖੇਸਾਂ, ਦਰੀਆਂ, ਚਾਦਰਾਂ, ਪੱਖੀਆਂ, ਕਢਾਈ ਵਾਲੇ ਰੁਮਾਲਾਂ ਅਤੇ ਫੁਲਕਾਰੀ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਹੁੰਦਾ। ਮਾਂ ਦੀ ਪੇਟੀ ਵਿਚਲੀਆਂ ਸਾਰੀਆਂ ਚੀਜ਼ਾਂ ਹੱਥੀ ਬਣੀਆਂ ਹੋਈਆਂ ਸਨ।
ਮਾਂ ਪੇਟੀ ਖੋਲ੍ਹਦੀ ਸੀ ਤਾਂ ਅਸੀਂ ਖੇਸਾਂ, ਚਾਦਰਾਂ ਅਤੇ ਦਰੀਆਂ ਪੇਟੀ ਵਿਚੋਂ ਕੱਢ ਕੱਢ ਕੇ ਧੁੱਪੇ ਪਾਈ ਜਾਂਦੇ। ਮਾਂ ਸਾਨੂੰ ਦਰੀਆਂ, ਖੇਸਾਂ ਤੇ ਚਾਦਰਾਂ ਨੂੰ ਗੰਦੇ-ਮੰਦੇ ਹੱਥ ਨਹੀਂ ਸੀ ਲਾਉਣ ਦਿੰਦੀ ਹੁੰਦੀ। ਉਹ ਸਾਨੂੰ ਸਾਰਾ ਦਿਨ ਧੁੱਪੇ ਪਏ ਖੇਸਾਂ, ਦਰੀਆਂ ਤੇ ਚਾਦਰਾਂ ਦੀ ਰਾਖੀ ਵੀ ਬਿਠਾਉਂਦੀ ਹੁੰਦੀ ਸੀ: “ਧਿਆਨ ਰੱਖਿਓ! ਕੋਈ ਜਨੌਰ ਇਨ੍ਹਾਂ ਉੱਪਰ ਵਿੱਠ ਨਾ ਕਰ ਜਾਵੇ।” ਉਹ ਆਖਦੀ ਹੁੰਦੀ ਸੀ।
ਫਿਰ ਸਾਰਾ ਦਿਨ ਉਹਨੂੰ ਜਦੋਂ ਵੀ ਵਿਹਲ ਮਿਲਦੀ, ਉਹ ਧੁੱਪੇ ਪਈ ਇਕ ਇਕ ਦਰੀ ਤੇ ਚਾਦਰ ਨੂੰ ਗਹੁ ਨਾਲ ਦੇਖਦੀ। ਉਹ ਦਰੀਆਂ-ਚਾਦਰਾਂ ਉਪਰ ਉਕਰੇ ਡਿਜ਼ਾਇਨਾਂ ਨੂੰ ਨੀਝ ਲਾ ਕੇ ਕਿੰਨੀ ਕਿੰਨੀ ਦੇਰ ਨਿਹਾਰਦੀ ਰਹਿੰਦੀ।
ਕਿਹੜੀ ਚੀਜ਼ ਕਦੋਂ ਤੇ ਕਿਸ ਨੇ ਬਣਾਈ ਸੀ, ਇਹ ਸਾਰਾ ਕੁਝ ਮਾਂ ਨੂੰ ਯਾਦ ਸੀ। ਉਹਨੂੰ ਇਕ ਇਕ ਚੀਜ਼ ਦੇ ਪਿਛੋਕੜ ਦਾ ਪਤਾ ਸੀ। “ਇਹ ਖੇਸ ਤੁਹਾਡੀ ਦਾਦੀ ਦੇ ਹੱਥਾਂ ਦਾ ਆ। ਉਹਨੇ ਆਪ ਹੀ ਸੂਤ ਕੱਤਿਆ ਸੀ ਤੇ ਆਪ ਹੀ ਰੰਗਿਆ ਸੀ। ਉਹ ਤੜਕੇ ਤਿੰਨ ਵਜੇ ਉੱਠ ਕੇ ਚਰਖਾ ਡਾਹ ਲੈਂਦੀ ਹੁੰਦੀ ਸੀ।” ਮਾਂ ਕਦੀ ਕਿਸੇ ਖੇਸ ਨੂੰ ਹੱਥ ਵਿਚ ਫੜ ਕੇ ਕੁਝ ਆਖਦੀ ਅਤੇ ਕਦੀ ਦੂਜੀਆਂ ਦਰੀਆਂ ਚਾਦਰਾਂ ਬਾਰੇ ਦੱਸਣ ਲੱਗ ਪੈਂਦੀ।
“ਇਹ ਦਰੀ ਮੇਰੇ ਸੁਰਤ ਸੰਭਾਲਣ ਤੋਂ ਪਹਿਲਾਂ ਤੁਹਾਡੀ ਨਾਨੀ ਨੇ ਮੇਰੇ ਲਈ ਬਣਾਈ ਸੀ। ਇੰਝ ਲਗਦੀ ਹੈ, ਜਿਵੇਂ ਕਿਸੇ ਮਸ਼ੀਨ ਵਿਚ ਬਣੀ ਹੋਵੇ। ਨਾਨੀ ਨੇ ਦਰੀਆਂ ਬਣਾਉਣ ਦੀ ਅਲੋਕਾਰੀ ਜਾਚ ਪਤਾ ਨਹੀਂ ਕਿੱਥੋਂ ਸਿੱਖੀ ਸੀ!”
“ਇਹ ਚਾਦਰ ਪਾਕਿਸਤਾਨ ਦੀ ਆ। ਭਰੇ ਘਰ ਛੱਡ ਕੇ ਇਧਰ ਆਏ ਸਾਂ। ਇਹ ਇਕ ਚਾਦਰ ਪਤਾ ਨਹੀਂ ਕਿਵੇਂ ਨਾਲ ਆ ਗਈ। ਸੰਭਂਾਲ ਕੇ ਰੱਖਾਂਗੇ, ਪਾਕਿਸਤਾਨ ਦੀ ਇਹੋ ਇਕ ਨਿਸ਼ਾਨੀ ਆ ਆਪਣੇ ਕੋਲ।”
“ਆਹ ਦਰੀ ਮੈਂ ਤੇ ਤੁਹਾਡੀ ਮਾਸੀ ਨੇ ਬੁਣੀ ਸੀ। ਤਿੰਨ ਦਿਨਾਂ ਵਿਚ ਅੱਡੇ ਤੋਂ ਲਾਹ ਦਿੱਤੀ ਸੀ ਇਹੇ।”
“ਇਹ ਚਾਦਰਾਂ ਦਾ ਜੋੜਾ ਆਪਣੇ ਪਿੰਡ ਵਾਲੇ ਪ੍ਰੀਤਮ ਦੇ ਹੱਥਾਂ ਦਾ ਬਣਿਆ ਹੋਇਐ। ਚਾਦਰਾਂ ਉਂਝ ਦੀਆਂ ਉਂਝ ਪਈਆਂ। ਵਿਚਾਰਾ ਆਪ ਤੁਰ ਗਿਆ। ਚੀਜ਼ਾਂ ਕਿਧਰੇ ਨਹੀਂ ਜਾਂਦੀਆਂ, ਇਨ੍ਹਾਂ ਨੂੰ ਬਣਾਉਣ ਵਾਲੇ ਪਤਾ ਨਹੀਂ ਕਿਧਰ ਤੁਰ ਜਾਂਦੇ ਆ...।” ਫਿਰ ਉਹ ਮੋਰਾਂ ਘੁੱਗੀਆਂ ਵਾਲੀਆਂ ਚਾਦਰਾਂ ਦਿਖਾਉਂਦੀ ਹੋਈ ਕੁਝ ਆਖਦੀ ਤੇ ਉਦਾਸ ਜਿਹੀ ਹੋ ਜਾਂਦੀ।
ਮਾਂ ਨੇ ਇਹ ਪੇਟੀ ਵਿਚਲੇ ਖੇਸ, ਦਰੀਆ ਤੇ ਚਾਦਰਾਂ ਕਦੇ ਵਰਤੀਆਂ ਨਹੀਂ ਸਨ। ਇਹ ਚੀਜ਼ਾਂ ਉਸ ਨੂੰ ਜਾਨ ਤੋਂ ਵੱਧ ਪਿਆਰੀਆਂ ਸਨ। ਇਹ ਵਡੇਰਿਆਂ ਦੇ ਹੱਥਾਂ ਦੀਆਂ ਬਣੀਆਂ ਚੀਜ਼ਾਂ ਜਿਵੇਂ ਕਿਸੇ ਨਾ ਕਿਸੇ ਬਹਾਨੇ ਮਾਂ ਕੋਲ ਆਈਆਂ ਸਨ, ਇਵੇਂ ਹੀ ਉਸ ਨੇ ਇਨ੍ਹਾਂ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਦੇ ਦਿੱਤੀਆਂ ਸਨ।
‘ਮਾਂ ਪੇਟੀ ਬੰਦ ਕਰਨ ਵੇਲੇ ਖੇਸਾਂ, ਦਰੀਆਂ, ਚਾਦਰਾਂ, ਪੱਖੀਆਂ ਤੇ ਕਢਾਈ ਵਾਲੇ ਰੁਮਾਲਾਂ ਨਾਲ ਥੋੜ੍ਹੇ ਫੁੱਲ ਵੀ ਪਾ ਦਿੰਦੀ ਹੋਵੇਗੀ!”... ਉਦੋਂ ਮੈਂ ਸੋਚਦਾ ਹੁੰਦਾ ਸਾਂ। ਮੈਨੂੰ ਕਈ ਸਾਲ ਬਾਅਦ ਵਿਚ ਥੋੜ੍ਹਾ ਵੱਡਾ ਹੋਣ ’ਤੇ ਪਤਾ ਲੱਗਾ ਸੀ ਕਿ ਮਾਂ ਪੇਟੀ ਵਿਚ ਫੁੱਲ ਨਹੀਂ ਸੀ ਪਾਉਂਦੀ; ਪੇਟੀ ਵਿਚੋਂ ਆਉਣ ਵਾਲੀ ਵਾਸ਼ਨਾ ਪੇਟੀ ਦੇ ਲੰਮੇ ਸਮੇਂ ਤਕ ਬੰਦ ਰਹਿਣ ਕਰ ਕੇ ਆਉਂਦੀ ਸੀ ਪਰ ਮਾਂ ਇਸ ਵਾਸ਼ਨਾ ਨੂੰ ਆਪਣਿਆਂ ਦੇ ਪਿਆਰ ਦੀ ਵਾਸ਼ਨਾ ਆਖਦੀ ਹੁੰਦੀ ਸੀ। ਮਾਂ ਅਨੁਸਾਰ ਇਹ ਵਾਸ਼ਨਾ ਆਪਣਿਆਂ ਦੀ ਅਣਥਕ ਮਿਹਨਤ ਅਤੇ ਹੁਨਰ ਦੀ ਵਾਸ਼ਨਾ ਸੀ। ਮਾਂ ਦਾ ਮੰਨਣਾ ਸੀ ਕਿ ਕੁਲ ਦੁਨੀਆ ਦੇ ਫੁੱਲ ਸਮਾਂ ਪਾ ਕੇ ਮੁਰਝਾ ਜਾਂਦੇ ਹਨ ਤੇ ਉਨ੍ਹਾਂ ਦੀ ਵਾਸ਼ਨਾ ਘਟ ਜਾਂ ਉੱਡ ਹੀ ਜਾਂਦੀ ਹੈ ਪਰ ਰੀਝਾਂ ਤੇ ਸੱਧਰਾਂ ਨਾਲ ਹੱਥੀਂ ਬਣਾਈਆਂ ਚੀਜ਼ਾਂ ਦੀ ਵਾਸ਼ਨਾ ਕਦੇ ਨਹੀਂ ਮਰਦੀ।
ਸੰਪਰਕ: 95184-02049