ਬਾਦਲ ਵਿੱਚ ਲੰਬੀ ਬਲਾਕ ਦੀਆਂ ਖੇਡਾਂ ਦਾ ਆਗਾਜ਼
ਇਕਬਾਲ ਸਿੰਘ ਸ਼ਾਂਤ
ਲੰਬੀ, 4 ਸਤੰਬਰ
ਪਿੰਡ ਬਾਦਲ ਵਿੱਚ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ’ਚ ਲੰਬੀ ਬਲਾਕ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3’ ਦਾ ਆਗਾਜ਼ ਹੋ ਗਿਆ ਹੈ। ਪਹਿਲੇ ਦਿਨ ਅੰਡਰ-14, ਅੰਡਰ-17 ਅਤੇ ਅੰਡਰ-21 ਉਮਰ ਵਰਗ ਦੇ ਵਾਲੀਬਾਲ, ਖੋ-ਖੋ, ਕਬੱਡੀ, ਅਥਲੈਟਿਕਸ ਤੇ ਫੁਟਬਾਲ ਦੇ ਮੁਕਾਬਲੇ ਕਰਵਾਏ। ਖੇਡਾਂ ਦਾ ਉਦਘਾਟਨ ਮਲੋਟ ਦੇ ਐੱਸਡੀਐੱਮ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ। ਦਸਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ ਦੇ ਪ੍ਰਿੰਸੀਪਲ ਰਿਤੂ ਨੰਦਾ ਅਤੇ ਗੁਰਬਾਜ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ‘ਚ ਪਹਿਲੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮੂਦਖੇੜਾ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ। ਅਥਲੈਟਿਕਸ ਅੰਡਰ-21 (ਲੜਕੀਆਂ) 100 ਮੀਟਰ ਵਿੱਚ ਸਸਸਸ ਮਹਿਮੂਦਖੇੜਾ ਦੀਆਂ ਵਿਦਿਆਰਥਣ ਕਵਿਤਾ ਦੇਵੀ ਨੇ ਪਹਿਲਾ ਸਥਾਨ ਅਤੇ ਕੰਚਨ ਬਿਸ਼ਨੋਈ ਨੇ ਦੂਜਾ ਸਥਾਨ ਹਾਸਲ ਕੀਤਾ। 600 ਮੀਟਰ (ਅੰਡਰ-14) ਲੜਕਿਆਂ ਵਿੱਚ ਸਸਸਸ ਮਹਿਮੂਦਖੇੜਾ ਦੇ ਅਕਾਸ਼ਦੀਪ ਸਿੰਘ ਨੇ ਪਹਿਲਾ ਸਥਾਨ, ਸਸਸਸ ਭੀਟੀਵਾਲਾ ਦੇ ਅਨਮੋਲ ਵਜਰਾਵਤ ਨੂੰ ਦੂਜਾ ਸਥਾਨ ਅਤੇ ਸ.ਸ.ਸ.ਸ ਤਰਮਾਲਾ ਦੇ ਬਿਕਰਮ ਤੀਜਾ ਸਥਾਨ ਪ੍ਰਾਪਤ ਕੀਤਾ।