ਦੀਵਾਲੀ ਤੋਂ ਪਹਿਲਾਂ ਪ੍ਰਦੂਸ਼ਣ ਨੇ ਵਿਗਾੜੀ ਦਿੱਲੀ ਦੀ ਸਿਹਤ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 27 ਅਕਤੂਬਰ
ਕੌਮੀ ਰਾਜਧਾਨੀ ਵਿੱਚ ਦੋ ਦਿਨਾਂ ਦੇ ਵਕਫੇ ਮਗਰੋਂ ਅੱਜ ਮੁੜ ਤੋਂ ਹਵਾ ਗੁਣਵੱਤਾ ‘ਬੇਹੱਦ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਕਿਉਂਕਿ ਪ੍ਰਦੂਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣ ਵਾਲੀ ਹਵਾ ਦੀ ਰਫ਼ਤਾਰ ਮੱਠੀ ਹੋ ਗਈ। ਅੱਜ ਤੜਕੇ ਧੁਆਂਖੀ ਧੁੰਦ ਨੇ ਕੌਮੀ ਰਾਜਧਾਨੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ, ਜਿਸ ਕਾਰਨ ਦਿੱਸਣਹੱਦ ਬਹੁਤ ਘੱਟ ਗਈ। ਦਿੱਲੀ ਵਿੱਚ ਅੱਜ ਸਵੇਰੇ ਘੱਟੋ-ਘੱਟ ਤਾਪਮਾਨ 20.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਇੱਕ ਡਿਗਰੀ ਵੱਧ ਸੀ। ਆਈਐੱਮਡੀ ਨੇ ਦੱਸਿਆ ਕਿ ਦਿੱਲੀ ਵਿੱਚ ਸਵੇਰੇ ਹੁੰਮਸ ਦਾ ਪੱਧਰ 93 ਫ਼ੀਸਦੀ ਦਰਜ ਕੀਤਾ ਗਿਆ। ਸਵੇਰ ਦੀ ਸੈਰ ਕਰਨ ਵਾਲਿਆਂ ਅਤੇ ਸਾਈਕਲਿੰਗ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਅੱਜ ਹਵਾ ਵਿੱਚ ਘੁਟਣ ਮਹਿਸੂਸ ਕੀਤੀ। ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰਾਜਧਾਨੀ ਦਿੱਲੀ ਵਿੱਚ ਸਾਹ ਦਾ ਸੰਕਟ ਬਣਿਆ ਹੋਇਆ ਹੈ ਜੋ ਅਗਲੇ ਦਿਨਾਂ ਵਿੱਚ ਗੰਭੀਰ ਹੋਣ ਦੀ ਸੰਭਾਵਨਾ ਹੈ।
ਦਿੱਲੀ ਵਿੱਚ ਜੀਆਰਪੀਏ ਦਾ ਦੂਜਾ ਪੜਾਅ ਲਾਗੂ ਹੋਣ ਦੇ ਬਾਵਜੂਦ ਦਿੱਲੀ ਵਾਸੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਪ੍ਰਦੂਸ਼ਣ ਵਿੱਚ ਵਾਹਨਾਂ ਦੇ ਧੂੰਏਂ ਦਾ 14.80 ਫੀਸਦੀ ਹਿੱਸਾ ਹੈ ਅਤੇ ਦਿੱਲੀ ਸਰਕਾਰ ਸਣੇ ਸਬੰਧਿਤ ਕੇਂਦਰੀ ਏਜੰਸੀਆਂ ਇਸ ’ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀਆਂ ਹਨ। ਦਿੱਲੀ-ਐੱਨਸੀਆਰ ਵਿੱਚ ਜੀਆਰਏਪੀ-2 ਪਾਬੰਦੀਆਂ ਲਾਗੂ ਹਨ। ਪਟਾਕਿਆਂ ਦੀ ਖਰੀਦ, ਭੰਡਾਰ ਅਤੇ ਵਿਕਰੀ ’ਤੇ ਪੂਰਨ ਰੋਕ ਹੋਣ ਦੇ ਬਾਵਜੂਦ ਐੱਨਸੀਆਰ ਵਿੱਚ ਅਜੇ ਵੀ ਪਟਾਕੇ ਚਲਾਏ ਜਾ ਰਹੇ ਹਨ। ਦੀਵਾਲੀ ਵਾਲੇ ਦਿਨ ਪਟਾਕਿਆਂ ’ਤੇ ਰੋਕ ਲਾਉਣੀ ਕੇਂਦਰ ਸਰਕਾਰ ਸਣੇ ਦਿੱਲੀ ਦੀਆਂ ਏਜੰਸੀਆਂ, ਕੇਂਦਰੀ ਪੁਲੀਸ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਅੱਗੇ ਵੱਡੀ ਚੁਣੌਤੀ ਹੋਵੇਗੀ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਦਿੱਲੀ ਵਿੱਚ ਹਵਾ ਦੀ ਰਫ਼ਤਾਰ ਸਿਫ਼ਰ ਕਿਲੋਮੀਟਰ ਪ੍ਰਤੀ ਘੰਟਾ ਸੀ। ਪਿਛਲੇ ਦੋ ਦਿਨ ਤੋਂ ਅਨੁਕੂਲ ਹਵਾਵਾਂ ਕਾਰਨ ਰਾਜਧਾਨੀ ਦੀ ਹਵਾ ਗੁਣਵੱਤਾ ‘ਬੇਹੱਦ ਖਰਾਬ’ ਤੋਂ ਸੁਧਰ ਕੇ ‘ਖਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਸੀ।
ਜਹਾਂਗੀਰਪੁਰੀ ਵਿੱਚ ਏਕਿਊਆਈ 420 ’ਤੇ ਪੁੱਜਿਆ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਅੱਜ ਸਵੇਰੇ ਨੌਂ ਵਜੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 359 ਦਰਜ ਕੀਤਾ ਗਿਆ, ਜਦਕਿ ਬੀਤੇ ਦਿਨ ਇਹ 255 ਸੀ। ਸੀਪੀਸੀਬੀ ਨੇ 40 ਨਿਗਰਾਨੀ ਕੇਂਦਰਾਂ ਵਿੱਚੋਂ 36 ਦੇ ਅੰਕੜੇ ਸਾਂਝੇ ਕੀਤੇ, ਜਿਨ੍ਹਾਂ ਵਿੱਚ ਆਨੰਦ ਵਿਹਾਰ, ਅਲੀਪੁਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਵਜ਼ੀਰਪੁਰ, ਵਿਵੇਕ ਵਿਹਾਰ ਅਤੇ ਸੋਨੀਆ ਵਿਹਾਰ ਵਿੱਚ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ, ਜਦਕਿ ਬਾਕੀ 28 ਵਿੱਚ ਏਕਿਊਆਈ ‘ਬੇਹੱਦ ਗੰਭੀਰ’ ਸ਼੍ਰੇਣੀ ਵਿੱਚ ਰਿਹਾ। ਦਿੱਲੀ ਦੇ ਆਨੰਦ ਵਿਹਾਰ ਵਿੱਚ ਏਕਿਊਆਈ 406 ਦਰਜ ਕੀਤਾ ਗਿਆ, ਜਦਕਿ ਜਹਾਂਗੀਰਪੁਰੀ ਵਿੱਚ 420 ਮਾਪਿਆ ਗਿਆ।