ਪਹਿਲਾਂ ਅਤੇ ਹੁਣ...
ਜਗਦੀਪ ਸਿੱਧੂ
ਗਰਮੀਆਂ ਦੇ ਦਿਨ ਹੁੰਦੇ ਸਨ, ਬਰਸਾਤ ਦੇ। 1985-86 ਦਾ ਸਾਲ ਹੋਵੇਗਾ। ਮਾਹੌਲ ਵਿਚ ਗਰਮੀ, ਹਲਕੀ ਠੰਢਕ ਵੀ। ਮੈਨੂੰ ਚੇਤੇ ਹੈ ਮੁਹੱਲੇ ਦੀਆਂ ਕੁੜੀਆਂ ਘਰਾਂ ਵਿਚ ਰੱਖੜੀਆਂ ਬੰਨ੍ਹਣ ਆਉਂਦੀਆਂ ਸਨ। ਮਾਂ ਬਦਲੇ ਵਿਚ ਸਾਡੇ ਵੱਲੋਂ ਉਨ੍ਹਾਂ ਨੂੰ ਰੁਪਇਆ-ਦੋ ਰੁਪਏ ਦੇ ਦਿੰਦੀ। ਘਰ ਵਿਚ ਖੀਰ ਕੜਾਹ ਬਣਦਾ, ਅਸੀਂ ਮਿਲਾ ਕੇ ਖਾਂਦੇ ਸਾਂ। ਕੁੜੀਆਂ ਦੇ ਸਾੜ੍ਹੀਆਂ, ਪੰਜਾਬੀ ਸੂਟ ਪਾਏ ਹੁੰਦੇ। ਚੂੜੀਆਂ ਨਾਲ ਸਾਰੀ ਗਲੀ ਛਣ ਛਣ ਕਰਦੀ ਹੁੰਦੀ ਸੀ। ਹੁਣ ਵੀ ਕਿਤੇ ਅਜਿਹੀ ਆਵਾਜ਼ ਸੁਣਦਾਂ ਤਾਂ ਤ੍ਰਭਕ ਜਾਨਾਂ। … ਉਹ ਸਾਨੂੰ ਅੰਬਰਾਂ ਤੋਂ ਉਤਰੀਆਂ ਪਰੀਆਂ ਜਾਪਦੀਆਂ ਸਨ। ਵੱਖਰੇ ਨਾਂ- ਅੰਜੂ, ਮੰਜੂ, ਮੀਨਾ, ਸੁਮਨ, ਸੁਸ਼ਮਾ। ਨਾਵਾਂ ਵਿਚ ਵੀ ਰਿਦਮ। ਸਾਉਣ ਮਹੀਨਾ ਛਣ ਛਣ, ਮੀਂਹ ਪੈਣ, ਭਿੱਜਣ ਤੋਂ ਬਾਅਦ ਗਰਮੀ ਵਧ ਜਾਂਦੀ। ਪਿਤਾ ਗਰਜਦਾ, “ਸਾਡੇ ਨੌਜਵਾਨ ਮੁੰਡੇ ਫੜ ਫੜ ਮਾਰੀ ਜਾਂਦੇ ਨੇ। ਸਾਡੇ ਗੁਰੂਆਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਪਾਇਆ ਕਿਸੇ ਨੇ, ਖ਼ਬਰਦਾਰ ਜੇ ਕੋਈ ਜਗਰਾਤੇ-ਜੁਗਰਾਤੇ ਤੇ ਗਿਆ।” ਮਾਂ ਨੂੰ ਚਾਅ ਹੁੰਦਾ ਸੀ ਜਗਰਾਤੇ ਤੇ ਜਾਣ ਦਾ, ਉਹ ਸਾਨੂੰ ਨਾਲ ਲੈ ਜਾਂਦੀ। ਉਹ ਸਾਨੂੰ ਸ਼ੇਰ ਹੀ ਲੱਗਦੀ, ਮਾਤਾ ਵਾਲ਼ੀ, ਜੀਹਨੇ ਸਾਨੂੰ ਮਾਤਾ, ਜਗਰਾਤੇ ਦੇ ਦਰਸ਼ਨ ਕਰਾ ਦੇਣੇ। ਉਂਝ ਪਿਤਾ ਬਾਅਦ ਵਿਚ ਕਹਿੰਦਾ ਕੁਝ ਨਹੀਂ ਸੀ। ਮੈਨੂੰ ਤਾਂ ਝਾਲਰ ਵਾਲ਼ੀ ਚੁੰਨੀ ਸਿਰ ਤੇ ਬੰਨ੍ਹਣੀ ਚੰਗੀ ਲੱਗਦੀ ਸੀ। ਉੱਥੇ ਮੈਨੂੰ ਉਹ ਰੱਖੜੀਆਂ ਵਾਲ਼ੀਆਂ ਕੁੜੀਆਂ ਤੁਰਦੀਆਂ-ਫਿਰਦੀਆਂ ਦਿਸਦੀਆਂ। ਉਹ ਕਾਗਜ਼ ਦੀਆਂ ਕੌਲੀਆਂ ਵਿਚ ਭੁਜੀਆ, ਬਦਾਣਾ ਵੰਡਦੀਆਂ। ਮਿਰਚਾਂ ਵਾਲਾ ਕੁਝ ਤੇ ਮਿੱਠਾ, ‘ਕੱਠਾ ਮਿਲ ਰਿਹਾ ਸੀ ਬਸ।
ਹੌਲ਼ੀ ਹੌਲ਼ੀ ਹਾਲਾਤ ਹੋਰ ਖ਼ਰਾਬ ਹੁੰਦੇ ਗਏ। ਅਜੀਬ ਜਿਹੀਆਂ ਗੱਲਾਂ ਸੁਣਨ ਨੂੰ ਮਿਲਦੀਆਂ, “ਵੀਰ ਦਸ ਘੰਟੇ ਮੁਕਾਬਲਾ ਚੱਲਿਆ ਓਥੇ, ਲੋਥਾਂ ਗੱਡੀਆਂ ਤੇ ਢੋਹ ਕੇ ਲਿਆਂਦੀਆਂ।” ਮੇਰਾ ਬਾਲ ਮਨ ਸਮਝਣ ਲੱਗ ਪਿਆ ਸੀ ਕਿ ਇਹ ਕੋਈ ਡਰਾਇੰਗ ਜਾਂ ਖੇਡਾਂ ਦਾ ਮੁਕਾਬਲਾ ਨਹੀਂ। ਇਥੇ ਮਿੱਟੀ ਵਿਚ ਪਸੀਨਾ ਨਹੀਂ, ਲਹੂ ਡੁੱਲ੍ਹਦਾ। ਸਾਡੀਆਂ ਮਾਵਾਂ ਸਾਨੂੰ ਦਿਨ ਛਿਪਣ ਤੋਂ ਪਹਿਲਾਂ ਘਰੇ ਵਾੜ ਲੈਂਦੀਆਂ। ਇਕ ਦਿਨ ਮਾਨਸਾ ਬਸ ਸਟੈਂਡ ਤੇ ਜ਼ੋਰਦਾਰ ਬੰਬ ਧਮਾਕਾ ਹੋਇਆ, ਕਿੰਨੇ ਲੋਕ ਮਾਰੇ ਗਏ। ਜਿਨ੍ਹਾਂ ਕੋਲ਼ ਉਨ੍ਹਾਂ ਜਾਣਾ ਸੀ, ਫਿਰ ਉਹੀ ਰਿਸ਼ਤੇਦਾਰ, ਦੋਸਤ ਉਨ੍ਹਾਂ ਦੇ ਘਰ ਆਏ ਹੋਣੇ!
ਸਾਡੇ ਰੱਖੜੀਆਂ ਬੰਨ੍ਹਣ ਚਾਚੇ ਤਾਏ ਦੀਆਂ ਕੁੜੀਆਂ ਆਉਣ ਲੱਗੀਆਂ। ਹੁਣ ਸਾਨੂੰ ‘ਕੱਲਾ ਕੜਾਹ ਮਿਲਣ ਲੱਗ ਪਿਆ। ਖੀਰ ਕੜਾਹ ਮਿਲਾ ਕੇ ਖਾਣ ਦਾ ਸੁਆਦ ਚੇਤਿਆਂ ਵਿਚ ਹੈ। ਮਾਂ ਨੂੰ ਪੁੱਛਦਾ, “ਸੁਮਨ ਹੁਰੀਆਂ ਨੀ ਆਉਂਦੀਆਂ ਹੁਣ।” ਉਹ ਸਾਰੀਆਂ ਦਾ ਨਾਂ ਲੈ ਕੇ ਦੱਸਦੀ, “ਉਹ ਤਾਂ ਸਾਰੀਆਂ ਮੰਗੀਆਂ ਗਈਆਂ, ਬਿਮਲਾ ਦੱਸਦੀ ਸੀ ਹਰਿਆਣੇ ਕਰ’ਤਾ ਸਾਕ, ਕੋਈ ਰਤੀਏ, ਕੋਈ ਟੋਹਾਣੇ, ਕਹਿੰਦੀ ਸੀ ਕੁੜੀਆਂ ਤਾਂ ਨਿਕਲਣ।” ਮੈਂ ਉਦਾਸ ਹੋ ਜਾਂਦਾ ਬਸ, ਉਸ ਤੋਂ ਬਾਅਦ ਮੇਰੇ ਗੱਲ ਥੋੜ੍ਹੀ ਥੋੜ੍ਹੀ ਸਮਝ ਆਉਣ ਲੱਗੀ ਸੀ।
ਫਿਰ ਹਾਲਾਤ ਉਸ ਤੋਂ ਵੀ ਬਦਤਰ ਹੋ ਗਏ। ਘਰ ਦੇ ਗੱਲਾਂ ਕਰਦੇ, “ਬੁਰੇ ਹਾਲ ਹੋ ਗਏ।” ਘਰ ਦਾ ਕੋਈ ਖ਼ਬਰਾਂ ਸੁਣਾਉਂਦਾ ਹੋਇਆ ਕਹਿੰਦਾ, “ਅੱਜ ਬਸ ਵਿਚੋਂ ਕੱਢ ਕੇ ਵੀਹ ਬੰਦੇ ਮਾਰ ਦਿੱਤੇ।” ਮੈਨੂੰ ਲੱਗਦਾ, ਸੱਚੀਓਂ ਹਾਲਾਤ ਖ਼ਰਾਬ ਹੋ ਗਏ। ਪਹਿਲਾਂ ਬਸ ਅੱਡਿਆਂ ਤੇ ਮਰਦੇ ਸੁਣੇ ਸੀ, ਹੁਣ ਬੱਸਾਂ ਚੋਂ ਕੱਢ ਕੱਢ ਕੇ ਮਾਰੇ ਜਾ ਰਹੇ ਨੇ। ਮਾਂ ਨੂੰ ਪੁੱਛਦਾ, “ਇਨ੍ਹਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਕਿ ਕਿਹੜੇ ਮਾਰਨੇ ਨੇ।” ਮਾਂ ਦੱਸਦੀ, “ਪੱਗ ਜਾਂ ਮੋਨਾ ਦੇਖ ਲੈਂਦੇ ਹੋਣੇ ਨੇ।” ਮੈਂ ਆਪਣੀ ਜਗਿਆਸਾ ਸ਼ਾਂਤ ਕਰਦਾ, “ਮੋਹਨ ਲਾਲ ਅੰਕਲ ਵੀ ਤਾਂ ਪੱਗ ਬੰਨ੍ਹਦੇ ਨੇ, ਤੇ ਆਪਣਾ ਕੁਲਵੰਤ ਵੀਰਾ ਮੋਨਾ ਹੈ।” “ਫਿਰ ਨਾਂ ਪੁੱਛ ਲੈਂਦੇ ਹੋਣਗੇ।” ਮਾਂ ਖਿਝ ਕੇ ਕਹਿੰਦੀ। ਮੈਨੂੰ ਸੁਸ਼ਮਾ, ਸੁਮਨ ਹੁਰੀਆਂ ਯਾਦ ਆਉਂਦੀਆਂ। ਮੈਨੂੰ ਲੱਗਦਾ, ਉਨ੍ਹਾਂ ਨੂੰ ਘਰੋਂ ਕੱਢ ਕੇ ਮਾਰ ਦਿੱਤਾ ਗਿਆ ਹੈ। ਫਿਰ ਉਹ ਸਾਨੂੰ ਕਦੇ ਨਹੀਂ ਦਿਸੀਆਂ।
ਅੱਜ ਮੈਂ ਕੁਝ ਚੰਗੀਆਂ ਯਾਦਾਂ ਸੋਚਣ ਦੀ ਕੋਸ਼ਿਸ਼ ਕੀਤੀ ਸੀ, ਬੁਰੀਆਂ ਨਾਲ ਹੀ ਆ ਜਾਂਦੀਆਂ ਨੇ। ਆਪਣੀ ਇਕ ਕਵਿਤਾ ਯਾਦ ਆ ਗਈ ਜਿਹੜੀ ਮਾਂ ਤੇ ਲਿਖੀ ਸੀ। ਸੋਹਣੀਆਂ ਯਾਦਾਂ- ਪੁੱਛਿਆ ਮਾਂ ਨੂੰ/ਮਾਂ ਤੈਨੂੰ/62, 65, 71 ਦੀਆਂ ਲੜਾਈਆਂ ਯਾਦ ਨੇ/ਇਨ੍ਹਾਂ ਹਿੰਦਸਿਆਂ ਨੂੰ ਸੁਣ ਕੇ/ਅਤੀਤ ਚ ਗੁਆਚੀ/ਮੁਸਕਰਾ ਪੈਂਦੀ ਹੈ ਮਾਂ/ਮੈਨੂੰ ਤਾਂ/ਚੀਨ/ਤੇ/ਪਾਕਿਸਤਾਨ ਨਾਲ ਹੋਈਆਂ ਲੜਾਈਆਂ ਚੇਤੇ ਨੇ। … ਕਿੰਨੀ ਵਧੀਆ ਗੱਲ ਹੈ ਮਾਂ ਦੀ। ਉਨ੍ਹਾਂ ਸਾਲਾਂ ਨੂੰ ਬੁਰੇ ਹਾਲਾਤ ਕਰ ਕੇ ਕਿਉਂ ਯਾਦ ਰੱਖਿਆ ਜਾਵੇ, ਉਸ ਨਾਲ ਕਿੰਨਾ ਕੁਝ ਸੋਹਣਾ ਨਸ਼ਟ ਹੋ ਜਾਏਗਾ। ਕਈ ਵਰ੍ਹੇ ਬੀਤ ਗਏ, ਮੈਂ ਕਿੰਨਾ ਕੁਝ ਭੁੱਲ ਚੁੱਕਾ ਸੀ। ਫਿਰ ਬਾਬਰੀ ਮਸਜਿਦ, ਗੁਜਰਾਤ ਦੰਗੇ ਆ ਗਏ। ਛਿਟ-ਪੁੱਟ ਈਸਾਈ ਪਾਦਰੀਆਂ ਦੀਆਂ ਵੀ ਹੱਤਿਆਵਾਂ ਹੋਈਆਂ।
ਫਿਰ ਕਜ਼ਨ ਦੇ ਘਰ ਧੀ ਦਾ ਜਨਮ ਹੋਇਆ, ਭਤੀਜੀ ਦਾ ਨਾਂ ਜੈਸਿਕਾ ਰੱਖਿਆ ਗਿਆ। ਮੈਨੂੰ ਚੰਗਾ ਲੱਗਿਆ। … ਵਰ੍ਹੇ ਬੀਤੇ, ਮੇਰਾ ਵਿਆਹ ਹੋਇਆ। ਮੋਦੀ ਦੇ ਫਾਸ਼ੀਵਾਦੀ ਦੌਰ ਵਿਚ ਮੇਰੇ ਘਰ ਧੀ ਨੇ ਜਨਮ ਲਿਆ। ਕੋਈ ਕਹਿੰਦਾ ਨਾਂ ਗੁਣਵੰਤ ਰੱਖੋ, ਕੋਈ ਕਹਿੰਦਾ ਜਸਪ੍ਰੀਤ… ਮੈਂ ਉਸ ਦਾ ਨਾਂ ਨਿਆਮਤ ਰੱਖਿਆ।
ਸੰਪਰਕ: 82838-26876